ਬੀਜ ਵਿਰਾਸਤ ਆਪਣੀ ਯਾਰੋ, ਕੰਪਨੀਆਂ ਨੂੰ ਧੱਕਾ ਮਾਰੋ!

Submitted by admin on Fri, 11/08/2013 - 13:16
ਉਹ ਤਾਂ ਭਲਾ ਹੋਵੇ ਕੁੱਝ ਭਲੇਮਾਣਸ ਵਿਗਿਆਨੀਆਂ ਦਾ ਜਿੰਨ੍ਹਾ ਨੇ ਇਹਨਾਂ ਕੰਪਨੀਆਂ ਦੇ ਇਹਨਾਂ ਜ਼ਹਿਰੀਲੇ ਬੀਜਾਂ ਦੇ ਪਾਜ ਖੋਲ੍ਹ ਦਿੱਤੇ ਨਹੀਂ ਤਾਂ ਸਾਡੇ ਜਵਾਕਾਂ ਨੇ ਤਾਂ ਇਹਨਾਂ ਕੰਪਨੀਆਂ ਦੇ ਚੂਹੇ ਹੀ ਬਣ ਜਾਣਾ ਸੀ ਕਿ ਜੋ ਚਾਹੇ ਇਹਨਾਂ ਉੱਪਰ ਟੈਸਟ ਕਰੋ, ਇਹਨਾਂ ਨੇ ਕਿਹੜਾ ਕੁੱਝ ਬੋਲਣਾ। ਆਪਾਂ ਬਾਹਰਲੇ ਮੁਲਕਾਂ ਦੇ ਬੜੇ ਪਿੱਛੇ ਲੱਗਦੇ ਹਾਂ। ਖ਼ੁਦ ਅਮਰੀਕਾ ਵਿੱਚ ਲੋਕ ਇਸਦਾ ਵਿਰੋਧ ਕਰ ਰਹੇ ਹਨ। ਰੂਸ, ਫਰਾਂਸ ਇਹਨਾਂ 'ਤੇ ਪਾਬੰਦੀ ਲਗਾ ਰਹੇ ਹਨ। ਚੱਲੋ ਮੰਨਿਆਂ ਕਿ ਆਪਾਂ ਤਾਂ ਸਭ ਮੂਰਖ ਹਾਂ ਪਰ ਇਹ ਤਾਂ ਵਿਕਸਿਤ ਅਤੇ ਅਮੀਰ ਦੇਸ਼ ਹਨ। ਜੇ ਇਹ ਇਹਨਾਂ ਜ਼ਹਿਰੀਲੇ ਬੀਜਾਂ ਉੱਪਰ ਪਾਬੰਦੀ ਲਗਾ ਰਹੇ ਹਨ ਤਾਂ ਕੋਈ ਗੱਲ ਤਾਂ ਜਰੂਰ ਹੋਊ।ਬੀਜ! ਸੁਣਨ ਵਿੱਚ ਇੱਕ ਨਿੱਕਾ ਜਿਹਾ ਸ਼ਬਦ ਪਰ ਅਜਿਹਾ ਸ਼ਬਦ ਜੋ ਆਪਣੇ ਵਿੱਚ ਇੱਕ ਜਿੰਦਗੀ ਲੁਕਾਈ ਬੈਠਾ ਹੈ। ਬੀਜ ਸਾਡੀ ਜਿੰਦਗੀ ਦਾ, ਸਾਡੀ ਖੇਤੀ ਦਾ ਆਧਾਰ ਹੈ। ਬੀਜ ਸਿਰਫ਼ ਖੇਤੀ ਨਾਲ ਹੀ ਨਹੀਂ ਜੁੜਿਆ ਹੋਇਆ, ਇਹ ਤਾਂ ਸਾਡੀ ਸੱਭਿਅਤਾ-ਸੰਸਕ੍ਰਿਤੀ ਦਾ ਹਿੱਸਾ ਹੈ। ਸਾਡੀਆਂ ਕਿੰਨੀਆਂ ਹੀ ਪ੍ਰੰਪਰਾਵਾਂ, ਕਿੰਨੇ ਹੀ ਕੌਸ਼ਲ ਇਸ ਨਾਲ ਜੁੜੇ ਹੋਏ ਹਨ।

ਇਹਨਾਂ ਬੀਜਾਂ ਨੇ ਸਾਡੀ ਸੱਭਿਅਤਾ-ਸੰਸਕ੍ਰਿਤੀ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹਨਾਂ ਤੋਂ ਬਿਨਾਂ ਤਾਂ ਮਨੁੱਖੀ ਸੱਭਿਅਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਨੂੰ ਕੁਦਰਤ ਨੇ ਸੈਂਕੜੇ ਕਿਸਮਾਂ ਦੀ ਫ਼ਸਲਾਂ, ਫ਼ਲ, ਸਬਜ਼ੀਆਂ, ਜੜ੍ਹੀ-ਬੂਟੀਆਂ ਪ੍ਰਦਾਨ ਕੀਤੀਆਂ ਜਿੰਨ੍ਹਾਂ ਦੇ ਬੀਜ ਸਾਡੇ ਵੱਡ-ਵਡੇਰਿਆਂ ਨੇ ਸਾਂਭੇ ਅਤੇ ਅਗਲੀ ਪੀੜ੍ਹੀ ਦੀ ਝੋਲੀ ਪਾਏ। ਉਹਨਾਂ ਨੇ ਬੀਜਾਂ ਨੂੰ ਸਾਂਭਿਆ ਅਤੇ ਉਸੇ ਸੰਭਾਲ ਸਦਕਾ ਕਿੰਨੀਆਂ ਹੀ ਕਿਸਮਾਂ ਵਿਕਸਿਤ ਹੋਈਆਂ ਅਤੇ ਫੈਲੀਆਂ। ਇਹ ਕੰਮ ਉਹਨਾਂ ਇੱਕ ਜਾਂ ਦੋ ਸਾਲ ਤੱਕ ਨਹੀਂ, ਸਗੋਂ ਸਦੀਆਂ ਤੱਕ ਕੀਤਾ। ਅਤੇ ਉਸੇ ਮਿਹਨਤ ਸਦਕਾ ਕਿੰਨੀਆਂ ਹੀ ਫ਼ਸਲਾਂ ਦੀਆਂ ਹਜਾਰਾਂ ਵਰ੍ਹੇ ਪੁਰਾਣੀਆਂ ਕਿਸਮਾਂ ਅੱਜ ਵੀ ਸਾਡੇ ਕੋਲ ਮੌਜ਼ੂਦ ਹਨ।

ਪਰ ਅੱਜ ਸਾਡੀ ਇਹੀ ਵਿਰਾਸਤ ਖ਼ਤਰੇ ਵਿੱਚ ਹੈ। ਅਸੀਂ ਬੀਜ ਨੂੰ ਨਿਰਜੀਵ ਮੰਨ ਲਿਆ ਹੈ। ਅਸੀਂ ਭੁੱਲ ਗਏ ਹਾਂ ਕਿ ਬੀਜ ਨਿਰਜੀਵ ਨਹੀਂ, ਸਜੀਵ ਹੈ। ਹਰ ਉਹ ਚੀਜ਼ ਜੋ ਆਪਣੇ ਜਿਹੇ ਹੋਰ ਪੈਦਾ ਕਰਨ ਦੀ ਸਮਰੱਥਾ ਰੱਖੇ, ਉਹ ਸਜੀਵ ਹੈ ਅਤੇ ਬੀਜਾਂ ਵਿੱਚ ਇਹ ਸਮਰੱਥਾ ਮੌਜ਼ੂਦ ਹੈ। ਭਾਰਤ ਇਸ ਅਮੀਰ ਵਿਰਾਸਤ ਗਵਾਹ ਰਿਹਾ ਹੈ ਪਰ ਅੱਜ ਇਹ ਅਮੀਰ ਵਿਰਾਸਤ ਹੱਥੋਂ ਖੁੱਸ ਰਹੀ ਹੈ। ਇੱਕ ਸਮਾਂ ਸੀ ਜਦ ਭਾਰਤ ਵਿੱਚ ਝੋਨੇ ਦੀਆਂ ਇੱਕ ਲੱਖ ਪੈਂਹਠ ਹਜਾਰ ਕਿਸਮਾਂ ਮੌਜ਼ੂਦ ਸਨ। ਪਰ ਅੱਜ ਇਹਨਾਂ ਵਿੱਚ ਕੁੱਝ ਹਜਾਰ ਹੀ ਬਚੀਆਂ ਹਨ ਕਿਉਂਕਿ ਅਸੀਂ ਆਪਣੇ ਖੁਦ ਦੇ ਬੀਜਾਂ ਨੂੰ ਹੇਠਲੇ ਦਰਜੇ ਦੇ ਮੰਨ ਚੁੱਕੇ ਹਾਂ। ਪਰ ਸ਼ੁਕਰ ਗੁਜ਼ਾਰ ਹਾਂ ਉਹਨਾਂ ਕਿਸਾਨਾਂ ਦੇ ਜਿੰਨ੍ਹਾਂ ਦੀ ਮਿਹਨਤ ਸਦਕਾ ਅੱਜ ਵੀ ਝੋਨੇ ਦੀਆਂ ਕੁੱਝ ਹਜਾਰ ਕਿਸਮਾਂ ਬਚੀਆਂ ਹੋਈਆਂ ਹਨ।

ਝੋਨੇ ਦੀਆਂ ਕਿਸਮਾਂ ਅਜਿਹੀਆਂ ਕਿ ਹਰ ਮੌਸਮ, ਹਰ ਮਿੱਟੀ ਲਈ ਕਈ ਤਰ੍ਹਾ ਦੀਆਂ ਅਲੱਗ-ਅਲੱਗ ਕਿਸਮਾਂ। ਹੜ੍ਹ ਦੇ ਪਾਣੀ ਵਿੱਚ ਵੀ ਖੜ੍ਹ ਜਾਣ ਵਾਲੀਆਂ ਕਿਸਮਾਂ ਅਤੇ ਸੋਕੇ ਵਿੱਚ ਵੀ ਖਤਮ ਨਾ ਹੋਣ ਵਾਲੀਆਂ ਕਿਸਮਾਂ। ਸਵਾਦੀ ਪੁਲਾਓ ਬਣਾਉਣ ਲਈ ਖ਼ਾਸ ਕਿਸਮਾਂ ਤਾਂ ਜੋੜਾਂ ਦੇ ਦਰਦ, ਸ਼ੂਗਰ ਭਜਾਉਣ ਵਾਲੀਆਂ ਕਿਸਮਾਂ। ਝੋਨੇ ਦੀ ਏਨੀ ਬਹੁਮੁੱਲੀ ਵਿਰਾਸਤ ਅਤੇ ਸਾਡੀਆਂ ਸਰਕਾਰਾਂ ਹਨ ਕਿ ਮਰੀ ਜਾ ਰਹੀਆਂ ਮੌਨਸੈਂਟੋ ਦਾ ਜ਼ਹਿਰੀਲਾ ਗੋਲਡਨ ਰਾਈਸ ਲਿਆਉਣ ਲਈ ਅਖੇ ਇਹ ਸਾਡੇ ਬੱਚਿਆਂ ਦਾ ਕੁਪੋਸ਼ਣ ਦੂਰ ਕਰੂੰ। ਸਾਡੇ ਬੱਚਿਆਂ ਦਾ ਕੁਪੋਸ਼ਣ ਦੂਰ ਹੋਵੇ ਨਾ ਹੋਵ ਪਰ ਮੌਨਸੈਂਟੋ ਦਾ ਕੁਪੋਸ਼ਣ ਤਾਂ ਦੂਰ ਹੋ ਹੀ ਜਾਊ।

ਪਿੱਛੇ ਜਿਹੇ ਬੀ.ਟੀ ਬੈਂਗਣ ਲਿਆਉਣ ਲਈ ਸਰਕਾਰ ਅਤੇ ਕੰਪਨੀਆਂ ਇੱਕ ਲੱਤ ਭਾਰ ਖੜ੍ਹ ਗਈਆਂ ਸਨ, ਅਖੇ ਇਹਦੇ ਵਿੱਚ ਕੀੜਾ ਬੜਾ ਨੁਕਸਾਨ ਕਰਦਾ ਜੀ। ਬੀ.ਟੀ ਜ਼ਹਿਰ ਵਾਲਾ ਬੈਂਗਣ ਲਿਆਏ ਬਿਨਾਂ ਨਹੀਂ ਸਰਨਾ। ਉਸੇ ਬੈਂਗਣ ਦੀਆਂ ਭਾਰਤ ਵਿੱਚ 6 ਹਜਾਰ ਦੇ ਲਗਭਗ ਕਿਸਮਾਂ ਹਨ ਕੋਈ ਛੋਟਾ, ਕੋਈ ਵੱਡਾ, ਕੋਈ ਮੋਟਾ, ਕੋਈ ਪਤਲਾ, ਕੋਈ ਕਾਲੇ ਰੰਗ ਦਾ ਤਾਂ ਕੋਈ ਚਿੱਟੇ ਰੰਗ ਦਾ। ਕੋਈ ਭੜਥਾ ਬਣਾਉਣ ਲਈ ਵਧੀਆ ਤਾਂ ਕੋਈ ਸੁੱਕੀ ਸਬਜੀ ਬਣਾਉਣ ਲਈ ਵਧੀਆ। ਜਦ ਏਨੀਆਂ ਕਿਸਮਾਂ ਸਾਡੇ ਦੇਸ਼ ਵਿੱਚ ਹਨ ਤਾਂ ਤੁਸੀ ਕੀ ਸੋਚਦੇ ਹੋ ਕਿ ਹੈ ਲੋੜ ਸਾਨੂੰ ਅਜਿਹੇ ਬੀ.ਟੀ ਬੈਂਗਣ ਦੀ ਜੋ ਪਤਾ ਨਹੀਂ ਕਿੰਨੇ ਖਤਰੇ ਨਾਲ ਲੈ ਕੇ ਆਊ?

ਕਿਸ-ਕਿਸ ਫ਼ਸਲ ਦੀ ਗੱਲ ਕਰਾਂ ਅਤੇ ਉਸਦੀਆਂ ਕਿੰਨੀਆਂ ਕਿਸਮਾਂ ਗਿਣਾਵਾਂ? ਜਿਸ ਦੇਸ਼ ਕੋਲ ਖ਼ੁਦ ਦੀ ਏਨੀ ਬਹੁਮੁੱਲੀ ਵਿਰਾਸਤ ਹੋਵੇ ਅਤੇ ਉਸਦੇ ਕਿਸਾਨ ਬੀਜਾਂ ਲਈ ਕੰਪਨੀਆਂ ਦੇ ਅੱਗੇ ਮੰਗਤਿਆਂ ਵਾਂਗ ਹੱਥ ਅੱਡ ਕੇ ਖੜੇ ਰਹਿਣ ਇਸ ਤੋਂ ਮਾੜੀ ਗੱਲ ਕੀ ਹੋਵੇਗੀ ਕਿਸੇ ਦੇਸ਼ ਲਈ। ਹੁਣ ਤੁਸੀ ਸੋਚੋਗੇ ਕਿ ਜੇ ਏਨੀਆਂ ਹੀ ਕਿਸਮਾਂ ਹਨ ਸਾਡੇ ਕੋਲ ਫ਼ਸਲਾਂ ਦੀਆਂ ਤਾਂ ਕਿਉਂ ਨਹੀਂ ਸਾਡੀਆਂ ਸਰਕਾਰਾਂ ਇਹਨਾਂ ਨੂੰ ਪ੍ਰੋਤਸ਼ਾਹਿਤ ਕਰਦੀਆਂ? ਤਾਂ ਉਸਦਾ ਬੜਾ ਸਿੱਧਾ ਜਿਹਾ ਜਵਾਬ ਹੈ ਕਿ ਕਿਸਾਨਾਂ ਦੀਆਂ ਬਚਾਈਆਂ ਕਿਸਮਾਂ ਨੂੰ ਪ੍ਰੋਤਸ਼ਾਹਿਤ ਕਰਨ ਨਾਲ ਕੰਪਨੀਆਂ ਨੂੰ ਭਲਾ ਕੀ ਲਾਭ ਮਿਲੇਗਾ। ਨਾ ਤਾਂ ਉਹ ਇਹਨਾਂ ਉੱਪਰ ਆਪਣਾ ਅਧਿਕਾਰ ਜਤਾ ਸਕਦੀਆਂ ਹਨ ਅਤੇ ਨਾ ਹੀ ਆਪਣੇ ਨਾਮ ਰਜਿਸਟਰ ਕਰਵਾ ਸਕਦੀਆਂ ਹਨ। (ਕੰਪਨਂੀਆਂ ਦੀ ਭਾਸ਼ਾ ਵਿੱਚ ਇਸ ਰਜਿਸਟਰੀ ਨੂੰ ਪੇਟੈਂਟ ਕਹਿੰਦੇ ਹਨ) ਜਦ ਉਹਨਾਂ ਦਾ ਇਹਨਾਂ ਉੱਪਰ ਅਧਿਕਾਰ ਨਹੀਂ ਹੋਵੇਗਾ ਤਾਂ ਉਹ ਪੈਸੇ ਕਿਵੇਂ ਕਮਾਉਣਗੀਆਂ? ਦੂਸਰਾ ਕਿਸਾਨਾਂ ਵਾਲਾ ਬੀਜ ਤਾਂ ਹਰ ਸਾਲ ਬਚਾਇਆ ਜਾ ਸਕਦਾ ਅਤੇ ਅਗਲੀ ਵਾਰ ਫਿਰ ਉਸਤੋਂ ਫਿਰ ਫ਼ਸਲ ਲਈ ਜਾ ਸਕਦੀ ਹੈ। ਅਜਿਹੇ ਬੀਜ ਤੋਂ ਕੰਪਨੀਆਂ ਨੂੰ ਕੋਈ ਫ਼ਾਇਦਾ ਨਹੀਂ ਕਿਉਂਕਿ ਉਹਨਾਂ ਤਾਂ ਹਰ ਸਾਲ ਬੀਜ ਵੇਚਣਾ ਅਤੇ ਉਹ ਤਾਂ ਹੀ ਵਿਕੂ ਜੇ ਕਿਸਾਨਾਂ ਕੋਲ ਅਜਿਹੇ ਬੀਜ ਹੋਣ ਜੋ ਦੁਬਾਰਾ ਨਾ ਬੀਜੇ ਜਾ ਸਕਣ।

ਦੂਸਰਾ ਕੰਪਨੀਆਂ ਲਈ ਇੱਕ ਜਾਂ ਦੋ ਕਿਸਮਾਂ ਨੂੰ ਸੰਭਾਲਣਾ, ਵਧਾਉਣਾ ਅਤੇ ਕਿਸਾਨਾਂ ਵਿੱਚ ਵੇਚਣਾ ਆਸਾਨ ਹੈ ਪਰ ਹਜਾਰਾਂ ਛੱਡੋ ਕੁੱਝ ਸੌ ਕਿਸਮਾਂ ਸੰਭਾਲਣਾ ਵੀ ਇੱਕ ਕੰਪਨੀ ਲਈ ਬੜਾ ਮੁਸ਼ਕਿਲ ਕੰਮ ਹੈ। ਸੋ ਜਿੰਨੀਆਂ ਕਿਸਮਾਂ ਘੱਟ, ਓਨੀ ਕੰਪਨੀ ਦੀ ਸਿਰਦਰਦੀ ਘੱਟ। ਇਸੇ ਲਈ ਇੱਕ ਅੱਧ ਕਿਸਮ ਨੂੰ ਹੀ ਪ੍ਰੋਤਸ਼ਾਹਿਤ ਕੀਤਾ ਜਾਂਦਾ ਹੈ। ਹਜਾਰਾਂ ਕਿਸਮਾਂ ਨੂੰ ਸੰਭਾਲਣ ਅਤੇ ਬਚਾ ਕੇ ਰੱਖਣ ਦਾ ਕੰਮ ਤਾਂ ਸਿਰਫ਼ ਕਿਸਾਨ ਹੀ ਕਰ ਸਕਦੇ ਹਨ। ਕਿਸਾਨਾਂ ਨੂੰ ਅੱਜ ਬੀਜ ਜਿੰਨੀ ਛੋਟੀ, ਮਾਮੂਲੀ ਚੀਜ਼ ਲੱਗਦੇ ਹਨ, ਕੰਪਨੀਆਂ ਲਈ ਓਨੀ ਹੀ ਬਹੁਮੁੱਲੀ ਚੀਜ਼ ਹਨ ਕਿਉਂਕਿ ਕੰਪਨੀਆਂ ਜਾਣਦੀਆਂ ਹਨ ਬੀਜਾਂ ਉੱਪਰ ਕਬਜ਼ਾ ਮਤਲਬ ਭੋਜਨ ਉੱਪਰ ਕਬਜ਼ਾ, ਭੋਜਨ ਉੱਪਰ ਕਬਜ਼ਾ ਮਤਲਬ ਦੁਨੀਆ ਉੱਪਰ ਕਬਜ਼ਾ। ਅਤੇ ਉਹ ਇਸੇ ਨੂੰ ਸਾਰਥਕ ਕਰਨ ਵਿੱਚ ਲੱਗੀਆਂ ਹੋਈਆਂ ਹਨ।

ਇਸਨੂੰ ਬੜੀ ਹੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਦੁਨੀਆ ਦਾ ਸਭਤੋਂ ਅਮੀਰ ਆਦਮੀ ਕੌਣ ਹੈ- ਸਭਦਾ ਜਵਾਬ ਹੋਏਗਾ ਬਿਲ ਗੇਟਸ। ਦੂਸਰਾ ਸਵਾਲ- ਉਹ ਕੀ ਵੇਚਦਾ ਹੈ?- ਮਾਈਕ੍ਰੋਸਾਫ਼ਟ ਨਾਂ ਦਾ ਸਾਫ਼ਟਵੇਅਰ। ਅਤੇ ਹੁਣ ਤੀਸਰਾ ਸਵਾਲ- ਕਿੰਨੇ ਲੋਕ ਕੰਪਿਊਟਰ ਜਾਂ ਲੈਪਟਾਪ ਵਰਤਦੇ ਹਨ- ਪੂਰੀ ਦੁਨੀਆ ਦਾ ਤਿੰਨ ਪ੍ਰਤੀਸ਼ਤ।

ਚੌਥਾ ਸਵਾਲ- ਆਪਾਂ ਕੰਪਿਊਟਰ ਜਾਂ ਲੈਪਟਾਪ ਕਿੰਨੇ ਵਾਰੀ ਖਰੀਦਦੇ ਹਾਂ?- ਤਿੰਨ ਜਾਂ ਪੰਜ ਸਾਲ ਵਿੱਚ ਇੱਕ ਵਾਰ। ਪੰਜਾਵਾਂ ਸਵਾਲ- ਇੱਕ ਪਰਿਵਾਰ ਵਿੱਚ ਕਿੰਨੇ ਲੈਪਟਾਪ ਜਾਂ ਕੰਪਿਊਟਰ ਖਰੀਦਦੇ ਹਾਂ- ਇੱਕ ਜਾਂ ਦੋ। ਅਤੇ ਹੁਣ ਆਖਰੀ ਸਵਾਲ- ਇਹਨਾਂ ਤਿੰਨ ਪ੍ਰਤੀਸ਼ਤ ਲੋਕਾਂ ਵਿੱਚੋਂ ਕਿੰਨੇ ਲੋਕ ਮਾਈਕ੍ਰੋਸਾਫ਼ਟ ਦਾ ਅਸਲੀ ਸਾਫਟਵੇਅਰ ਵਰਤਦੇ ਹਨ ਅਤੇ ਕਿੰਨੇ ਮਾਈਕ੍ਰੋਸਾਫਟ ਹੀ ਵਰਤਦੇ ਹੋਣਗੇ?- ਬਹੁਤ ਘੱਟ ਸ਼ਾਇਦ ਇੱਕ ਪ੍ਰਤੀਸ਼ਤ ਤੋਂ ਵੀ ਘੱਟ।

ਹੁਣ ਇਹਨਾਂ ਸਵਾਲਾਂ ਨੂੰ ਥੋੜ੍ਹਾ ਜਿਹਾ ਉਲਟਦੇ ਹਾਂ- ਤੁਸੀਂ ਦਿਨ ਵਿੱਚ ਕਿੰਨੇ ਵਾਰ ਰੋਟੀ ਖਾਂਦੇ ਹੋ?- ਤਿੰਨ ਵਾਰ। ਦੂਸਰਾ ਸਵਾਲ- ਕੀ ਪਰਿਵਾਰ ਵਿੱਚੋਂ ਇੱਕ ਹੀ ਬੰਦੇ ਦੇ ਰੋਟੀ ਖਾਣ ਨਾਲ ਬਾਕੀ ਮੈਂਬਰਾਂ ਦੀ ਵੀ ਭੁੱਖ ਸ਼ਾਂਤ ਹੋ ਜਾਂਦੀ ਹੈ- ਯਕੀਨਨ ਤੁਸੀਂ ਕਹੋਗੇ ਕਿ ਨਹੀਂ। ਤੀਸਰਾ ਸਵਾਲ- ਕੀ ਤੁਸੀ ਸਾਲ ਵਿੱਚ ਇੱਕ ਵਾਰ ਹੀ ਰੋਟੀ ਖਾਂਦੇ ਹੋ- ਤੁਹਾਡਾ ਜਵਾਬ ਹੋਵੇਗਾ ਕਿ ਕਿੱਦਾ ਦੀਆਂ ਗੱਲਾਂ ਕਰਦੇ ਹੋ ਦਿਨ ਵਿੱਚ ਤਿੰਨ ਵਾਰ ਖਾਈਦੀ ਹੈ। ਹੁਣ ਸੋਚਣ ਦੀ ਵਾਰੀ ਅਤੇ ਖ਼ੁਦ ਨੂੰ ਸਵਾਲ ਪੁੱਛਣ ਦੀ ਵਾਰੀ ਤੁਹਾਡੀ ਹੈ- ਜਦ ਦੁਨੀਆ ਦੇ ਇੱਕ ਪ੍ਰਤੀਸ਼ਤ ਲੋਕਾਂ ਨੂੰ ਇੱਕ ਆਦਮੀ ਸਾਫ਼ਟਵੇਅਰ ਵੇਚ ਕੇ ਦੁਨੀਆ ਦਾ ਨੰਬਰ ਇੱਕ ਅਮੀਰ ਬਣ ਸਕਦਾ ਹੈ ਤਾਂ ਫਿਰ ਸੋਚੋ, ਜਿਸਦਾ ਕਬਜ਼ਾ ਭੋਜਨ ਉੱਪਰ ਹੋਏਗਾ, ਬੀਜ ਉੱਪਰ ਹੋਏਗਾ ਉਹ ਕਿੰਨਾ ਅਮੀਰ ਬਣ ਸਕਦਾ ਹੈ?

ਇਹੀ ਹੋ ਰਿਹਾ ਹੈ। ਬੀਜ ਕਿਉਂਕਿ ਕੁਦਰਤ ਦਾ ਤੋਹਫ਼ਾ ਹਨ ਇਸਲਈ ਇਹਨਾਂ ਉੱਪਰ ਕੋਈ ਪੇਟੈਂਟ ਨਹੀਂ ਲੈ ਸਕਦਾ ਪਰ ਕਿਸੇ ਨਵੀਂ ਬਣਾਈ ਚੀਜ਼ ਉੱਪਰ ਤੁਸੀ ਪੇਟੈਂਟ ਲੈ ਸਕਦੇ ਹੋ। ਹੁਣ ਬੀਜ ਤਾਂ ਕੁਦਰਤ ਦੇ ਬਖਸ਼ੇ ਹੋਏ ਹਨ ਆਪਾਂ ਤਾਂ ਅਲੱਗ ਦਿਖਣ ਵਾਲੇ ਬੀਜ ਦੀ, ਅਲੱਗ ਗੁਣਾਂ ਵਾਲੇ ਪੌਦੇ ਦੇ ਬੀਜ ਦੀ ਚੋਣ ਕਰ ਸਕਦੇ ਹਾਂ, ਬਣਾ ਤਾਂ ਨਹੀਂ ਸਕਦੇ। ਜੇ ਬੀਜ ਬਣਾ ਨਹੀਂ ਸਕਦੇ ਤਾਂ ਫਿਰ ਪੇਟੈਂਟ ਕਿਵੇਂ ਮਿਲੇਗਾ? ਜੇ ਪੇਟੈਂਟ ਨਹੀਂ ਮਿਲੇਗਾ ਤਾਂ ਕਮਾਈ ਕਿਸ ਤਰ੍ਹਾ ਹੋਵੇਗੀ? ਤਾਂ ਫਿਰ ਜਰੂਰੀ ਸੀ ਕਿ ਇਹਨਾਂ ਬੀਜਾਂ ਨਾਲ ਛੇੜਖਾਨੀ ਕੀਤੀ ਜਾਵੇ ਅਤੇ ਉਸ ਛੇੜਖਾਨੀ ਦਾ ਨਾਮ ਹੈ- ਬੀ.ਟੀ/ਜੀ ਐਮ। ਅਜਿਹੇ ਬੀਜ ਜਿੰਨ੍ਹਾ ਵਿੱਚ ਕਿਸੇ ਹੋਰ ਪੌਦੇ ਦਾ ਨਹੀਂ ਸਗੋ ਬਿੱਛੂ, ਮੱਛੀ, ਡੱਡੂ ਦਾ ਜੀਨ ਪਾ ਕੇ ਵਿਕਸਿਤ ਕੀਤਾ ਗਿਆ ਹੈ। ਅਤੇ ਦਾਅਵਾ ਇਹ ਕੀਤਾ ਗਿਆ ਕਿ ਇਹਨਾਂ 'ਤੇ ਕੀੜੇ ਅਟੈਕ ਨਹੀਂ ਕਰਨਗੇ। ਝਾੜ ਵੱਧ ਮਿਲੇਗਾ ਪਰ ਇਹ ਨਹੀਂ ਦੱਸਿਆ ਕਿ ਕੈਂਸਰ ਅਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨਾਲ ਤੋਹਫ਼ੇ ਵਜੋਂ ਮਿਲਣਗੀਆਂ।

ਉਹ ਤਾਂ ਭਲਾ ਹੋਵੇ ਕੁੱਝ ਭਲੇਮਾਣਸ ਵਿਗਿਆਨੀਆਂ ਦਾ ਜਿੰਨ੍ਹਾ ਨੇ ਇਹਨਾਂ ਕੰਪਨੀਆਂ ਦੇ ਇਹਨਾਂ ਜ਼ਹਿਰੀਲੇ ਬੀਜਾਂ ਦੇ ਪਾਜ ਖੋਲ੍ਹ ਦਿੱਤੇ ਨਹੀਂ ਤਾਂ ਸਾਡੇ ਜਵਾਕਾਂ ਨੇ ਤਾਂ ਇਹਨਾਂ ਕੰਪਨੀਆਂ ਦੇ ਚੂਹੇ ਹੀ ਬਣ ਜਾਣਾ ਸੀ ਕਿ ਜੋ ਚਾਹੇ ਇਹਨਾਂ ਉੱਪਰ ਟੈਸਟ ਕਰੋ, ਇਹਨਾਂ ਨੇ ਕਿਹੜਾ ਕੁੱਝ ਬੋਲਣਾ। ਆਪਾਂ ਬਾਹਰਲੇ ਮੁਲਕਾਂ ਦੇ ਬੜੇ ਪਿੱਛੇ ਲੱਗਦੇ ਹਾਂ। ਖ਼ੁਦ ਅਮਰੀਕਾ ਵਿੱਚ ਲੋਕ ਇਸਦਾ ਵਿਰੋਧ ਕਰ ਰਹੇ ਹਨ। ਰੂਸ, ਫਰਾਂਸ ਇਹਨਾਂ 'ਤੇ ਪਾਬੰਦੀ ਲਗਾ ਰਹੇ ਹਨ। ਚੱਲੋ ਮੰਨਿਆਂ ਕਿ ਆਪਾਂ ਤਾਂ ਸਭ ਮੂਰਖ ਹਾਂ ਪਰ ਇਹ ਤਾਂ ਵਿਕਸਿਤ ਅਤੇ ਅਮੀਰ ਦੇਸ਼ ਹਨ। ਜੇ ਇਹ ਇਹਨਾਂ ਜ਼ਹਿਰੀਲੇ ਬੀਜਾਂ ਉੱਪਰ ਪਾਬੰਦੀ ਲਗਾ ਰਹੇ ਹਨ ਤਾਂ ਕੋਈ ਗੱਲ ਤਾਂ ਜਰੂਰ ਹੋਊ।

ਚੱਲੋਂ ਬਹੁਤ ਹੋ ਗਈਆਂ ਇਹ ਗੱਲਾਂ ਤਾਂ ਪਰ ਆਪਾਂ ਤਾਂ ਹੱਲ ਦੀ ਗੱਲ ਕਰੀਏ। ਸਾਡੇ ਦੇਸ਼ ਦੇ ਬੜੇ ਮਿਹਨਤੀ ਅਤੇ ਕੰਪਨੀਆਂ ਦੀਆਂ ਇਹਨਾਂ ਕੋਝੀਆਂ ਚਾਲਾਂ ਤੋਂ ਜਾਣੂ ਕਿਸਾਨ ਸਾਡੀ ਇਸ ਵਿਰਾਸਤ ਨੂੰ ਸੰਭਾਲ ਰਹੇ ਹਨ। ਚਾਹੇ ਉਹ ਗਿਣਤੀ ਵਿੱਚ ਥੋੜ੍ਹੇ ਹਨ ਪਰ ਉਮੀਦ ਦੀ ਕਿਰਨ ਜਗਾ ਰਹੇ ਹਨ।32 ਸਾਲਾਂ ਕਰਨਾਟਕ ਦਾ ਕਿਸਾਨ ਗਨੀ ਖਾਨ ਪਿਛਲੇ 18 ਸਾਲਾਂ ਤੋਂ ਬੀਜ ਬਚਾਉਣ ਦਾ ਕੰਮ ਕਰ ਰਿਹਾ ਹੈ। ਉਸਨੇ ਝੋਨੇ ਦੀਆਂ 740 ਕਿਸਮਾਂ ਬਚਾ ਰੱਖੀਆਂ ਹਨ।

ਕਰਨਾਟਕ ਦਾ ਹੀ ਇੱਕ ਹੋਰ ਕਿਸਾਨ ਨਾਗੱਪਾ ਜੋ ਭਾਰਤੀ ਨਰਮ੍ਹੇ-ਕਪਾਹ ਦੀਆਂ 22 ਕਿਸਮਾਂ ਬਚਾਅ ਕੇ ਕਿਸਾਨਾਂ ਵਿੱਚ ਵੰਡ ਰਿਹਾ ਹੈ। ਪਿੱਛੇ ਜਿਹੇ ਮਾਹੀਕੋ ਕੰਪਨੀ (ਤੁਸੀ ਤਾ ਸਭ ਜਾਣਦੇ ਹੋ- ਭਾਰਤ ਵਿੱਚ ਮੌਨਸੈਂਟੋ ਦੀ ਭਾਈਵਾਲ ਕੰਪਨੀ ਅਤੇ ਬੀ ਟੀ ਨਰਮ੍ਹੇ ਦਾ ਬੀਜ ਵੇਚਣ ਵਾਲੀ) ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਕੀਤਾ ਨਾਗੱਪਾ ਨੂੰ ਫ਼ੋਨ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਨਾਗੱਪਾ ਨੂੰ ਤਾਂ ਉਹਨਾਂ ਦੇ ਇਰਾਦਿਆਂ ਬਾਰੇ ਪਹਿਲਾਂ ਹੀ ਚਾਣਨਾ ਸੀ ਸੋ ਬਚਾ ਲਿਆ ਆਪਣੇ ਬੀਜਾਂ ਨੂੰ। ਤੁਸੀ ਸਮਝ ਰਹੇ ਹੋ ਨਾ ਕਿ ਜਦ ਤੱਕ ਕਿਸੇ ਇੱਕ ਕਿਸਾਨ ਕੋਲ ਵੀ ਆਪਣਾ ਬੀਜ ਹੈ ਤਾਂ ਕੰਪਨੀ ਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਕੱਲ੍ਹ ਨੂੰ ਕਿਤੇ ਸਾਡੇ ਲਈ ਇਹ ਖਤਰਾ ਨਾ ਬਣ ਜਾਵੇ। ਉੜੀਸਾ ਦੇ ਦੇਬਲ ਦੇਵ, ਝੋਨੇ ਦੀਆਂ 990 ਕਿਸਮਾਂ ਆਪਣੀ ਛੋਟੀ ਜਿਹੀ ਜ਼ਮੀਨ 'ਤੇ ਉਗਾ ਕੇ ਬਚਾ ਰਿਹਾ ਹੈ ਅਤੇ ਕਿਸਾਨਾਂ ਨੂੰ ਵੰਡ ਰਿਹਾ ਹੈ ਤਾਂਕਿ ਇਹ ਕਿਸਮਾਂ ਹਮੇਸ਼ਾ ਜਿੰਦਾ ਰਹਿਣ।

ਬੜੀਆਂ ਉਦਾਹਰਣਾਂ ਹੋਰ ਦੇ ਸਕਦੀ ਹਾਂ ਪਰ ਹਨ ਸਭ ਪੰਜਾਬ ਤੋਂ ਬਾਹਰ ਦੀਆਂ। ਪੰਜਾਬ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਕੁੱਝ ਹੰਭਲਾ ਮਾਰਿਆ ਹੈ ਆਪਣੇ ਬੀਜਾਂ ਨੂੰ ਬਚਾਉਣ ਦਾ। ਇਹੀ ਕੁੱਝ ਉਮੀਦ ਹਨ ਪੰਜਾਬ ਦੀ ਆਜ਼ਾਦੀ ਦਾ। ਫਰੀਦਕੋਟ ਜਿਲ੍ਹੇ ਦੇ ਅਮਰਜੀਤ ਸ਼ਰਮਾ, ਜੋ ਆਪਣੀ ਹਰ ਫਸਲ ਦੇ ਬੀਜ ਬਚਾ ਰਹੇ ਹਨ, ਉਹ ਤਾਂ ਆਪਣੇ ਦੇਸੀ ਬੀਜਾਂ ਨੂੰ ਆਜ਼ਾਦੀ ਦਾ ਪ੍ਰਤੀਕ ਮੰਨਦੇ ਹਨ। ਨਹੀਂਓ ਲੱਭਣੇ ਲਾਲ ਗਵਾਚੇ- ਕੁੱਝ ਇਹੋ ਜਿਹਾ ਹਾਲ ਹੀ ਹੈ ਪੰਜਾਬ ਦਾ ਬੀਜਾਂ ਦੇ ਮਾਮਲੇ ਵਿੱਚ। ਪੰਜਾਬ ਵਿੱਚ ਦੇਸੀ ਨਰਮ੍ਹੇ ਦਾ ਬੀਜ ਭਾਲਿਆ ਨਹੀਂ ਥਿਆਉਂਦਾ। ਬਾਕੀ ਬੀਜਾਂ ਦਾ ਵੀ ਇਹੀ ਹਾਲ ਹੈ- ਜੇ ਇਹੀ ਚੱਲਦਾ ਰਿਹਾ ਤਾਂ ਪੰਜਾਬ ਫਿਰ ਇੱਕ ਨਵੀਂ ਗੁਲਾਮੀ ਦਾ ਸ਼ਿਕਾਰ ਹੋ ਜਾਣਾ। ਅਤੇ ਇਹ ਗੁਲਾਮੀ ਹੋਵੇਗੀ- ਭੋਜਨ ਦੀ ਗੁਲਾਮੀ, ਬੀਜਾਂ ਦੀ ਗੁਲਾਮੀ।