ਪੰਜਾਬ ਲਈ ਇੱਕ ਨਵੀਂ ਆਫਤ- ਕਾਲਾ ਪੀਲੀਆ- ਹੈਪੇਟਾਈਟਸ ਸੀ

Submitted by kvm on Sat, 01/19/2013 - 11:07
ਪਿਛਲੇ ਕੁੱਝ ਦਹਾਕਿਆਂ ਤੋਂ ਪੰਜਾਬ ਆਇਲਾਜ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਬਿਮਾਰੀਆਂ ਦਾ ਘਰ ਬਣ ਗਿਆ ਹੈ। ਇਹ ਪ੍ਰਕਿਰਿਆ ਅਜੇ ਵੀ ਤੇਜ਼ੀ ਨਾਲ ਵਧ ਰਹੀ ਹੈ। ਮੈਡੀਕਲ ਵਿਗਿਆਨ ਦੇ ਵਿਕਾਸ, ਸਿਹਤ ਸਹੂਲਤਾਂ ਦੇ ਵਾਧੇ ਅਤੇ ਸਮਾਜਿਕ ਅਤੇ ਆਰਥਿਕ ਤਰੱਕੀ ਨਾਲ ਹੋਣਾ ਤਾਂ ਇਹ ਚਾਹੀਦਾ ਸੀ ਕਿ ਬਿਮਾਰੀਆਂ ਘਟਦੀਆਂ ਅਤੇ ਉਸਦੀ ਥਾਂ 'ਤੇ ਸਿਹਤ ਦਾ ਬੋਲਬਾਲਾ ਹੁੰਦਾ। ਪਰ ਬਦਕਿਸਮਤੀ ਨਾਲ ਹੋਇਆ ਇਸ ਤੋਂ ਬਿਲਕੁਲ ਉਲਟ। ਪੁਰਾਣੀਆਂ ਬਿਮਾਰੀਆਂ ਘਟ ਗਈਆਂ ਹਨ ਪਰ ਉਹਨਾਂ ਦੀ ਥਾਂ 'ਤੇ ਨਵੀਂਆਂ ਬਿਮਾਰੀਆਂ ਮਹਾਂਮਾਰੀ ਦੀ ਸ਼ਕਲ ਅਖਤਿਆਰ ਕਰ ਗਈਆਂ ਹਨ। ਭਾਰਤ ਵਿੱਚ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਇਹ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਇਹਨਾ ਵਿੱਚ ਮੁੱਖ ਹਨ- ਬਲੱਡ ਪ੍ਰੈਸ਼ਰ, ਦਿਲ ਅਤੇ ਖੂਨ-ਨਾੜਾਂ ਦੀਆਂ ਬਿਮਾਰੀਆਂ, ਸ਼ੂਗਰ, ਭਾਂਤ-ਭਾਂਤ ਦੇ ਕੈਂਸਰ, ਅਲਰਜੀਆਂ, ਆਟੋ-ਇਮਿਊਨ ਬਿਮਾਰੀਆਂ, ਖੂਨ ਦੀ ਘਾਟ, ਹੱਡੀਆਂ-ਜੋੜਾਂ-ਪੱਠਿਆਂ ਦੀਆਂ ਬਿਮਾਰੀਆਂ, ਚਮੜੀ ਰੋਗ ਅਤੇ ਮਾਨਸਿਕ ਰੋਗ ਆਦਿ। ਪੰਜਾਬੀਆਂ ਦੀ ਪ੍ਰਜਣਨ ਕਿਰਿਆ ਵੀ ਬੁਰੀ ਤਰਾ ਕੁਚਲੀ ਜਾ ਰਹੀ ਹੈ। ਲਗਾਤਾਰ ਸ਼ੁਕਰਾਣੂਆਂ ਦੀ ਗਿਣਤੀ ਅਤੇ ਵੀਰਜ ਦੀ ਗੁਣਵੱਤਾ ਦਾ ਘਟਣਾ, ਅੰਡਕੋਸ਼-ਬੱਚੇਦਾਨੀ-ਮਾਂਹਵਾਰੀ ਦੇ ਨੁਕਸ, ਨਵਜ਼ਾਤ ਵਿੱਚ ਜਮਾਂਦਰੂ ਨੁਕਸ, ਆਪਣੇ ਆਪ ਗਰਭਪਾਤ ਹੋ ਜਾਣਾ, ਛਿਮਾਹੇ-ਸਤਮਾਹੇ ਬੱਚੇ ਪੈਦਾ ਹੋਣਾ, ਮਾਨਸਿਕ ਅਤੇ ਸ਼ਰੀਰਿਕ ਅਪੰਗਤਾ ਆਦਿ ਸਾਰੇ ਲਗਾਤਾਰ ਵਧ ਰਹੇ ਹਨ।
ਕੀਟਾਣੂਆਂ ਅਤੇ ਵਿਸ਼ਾਣੂਆਂ ਨਾਲ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਜੋ ਪਹਿਲਾਂ ਕੋਈ ਖ਼ਾਸ ਮਹੱਤਵ ਨਹੀਂ ਰੱਖਦੀਆਂ ਸਨ, ਹੁਣ ਭਿਆਨਕ ਰੂਪ ਧਾਰਣ ਕਰ ਗਈਆਂ ਹਨ । ਅਤੇ ਸਾਡੀ ਸਿਹਤ ਲਈ ਵੱਡਾ ਖਤਰਾ ਬਣ ਗਈਆਂ ਹਨ- ਐਚ ਆਈ ਵੀ, ਕਾਲਾ ਪੀਲੀਆ (ਬੀ ਅਤੇ ਸੀ), ਡੇਂਗੂ, ਸਵਾਈਨ ਫਲੂ, ਬਰਡ ਫਲੂ, ਹਰਪੀਜ਼ ਗਰੁੱਪ ਦੇ ਵਿਸ਼ਾਣੂ, ਚਿਕਨਗੁਣੀਆ, ਟੌਕਸੋਪਲਾਜ਼ਮੋਸਿਸ ਅਤੇ ਅਨੇਕਾਂ ਹੋਰ ਕੀਟਾਣੂ ਅਤੇ ਵਿਸ਼ਾਣੂ ਜੋ ਇੱਕ ਵਾਰੀ ਸ਼ਰੀਰ ਵਿੱਚ ਵੜ ਜਾਂਦੇ ਹਨ ਫਿਰ ਛੱਡਣ ਦਾ ਨਾਂ ਨਹੀ ਲੈਂਦੇ। ਉਪਰੋਕਤ ਗੱਲਾਂ ਹੁਣ ਤੱਕ ਹੋਈਆਂ ਖੋਜਾਂ, ਅੱਡ-ਅੱਡ ਵਿਸ਼ਿਆਂ ਦੇ ਮਾਹਰ ਡਾਕਟਰਾਂ ਨਾਲ ਵਿਚਾਰ-ਵਟਾਂਦਰਾ ਅਤੇ ਆਮ ਲੋਕਾਂ ਨਾਲ ਕੀਤੀਆਂ ਚਰਚਾਵਾਂ ਊੱਪਰ ਆਧਾਰਿਤ ਹਨ।
ਪੀਲੀਏ ਨੂੰ ਡਾਕਟਰੀ ਭਾਸ਼ਾ ਵਿੱਚ ਹੈਪੇਟਾਈਟਸ ਆਖਦੇ ਹਨ। ਪੀਲੀਆ ਛੇ ਤਰਾ ਦੇ ਵਿਸ਼ਾਣੂਆਂ ਕਾਰਨ ਹੁੰਦਾ ਹੈ- ਹੈਪੇਟਾਈਟਸ- ਏ, ਬੀ, ਸੀ, ਡੀ, ਈ ਅਤੇ ਜੀ। ਹੈਪੇਟਾਈਟਸ-ਏ ਅਤੇ ਈ ਪਾਣੀ ਅਤੇ ਖੁਰਾਕ ਰਾਹੀ ਹੁੰਦੇ ਹਨ ਜਦਕਿ ਬਾਕੀ ਸਾਰੀਆਂ ਖੂਨ ਅਤੇ ਹੋਰ ਸਰੀਰਕ ਰਸਾਂ ਤੋਂ ਅੱਗੇ ਫੈਲਦੀਆਂ ਹਨ। ਹੈਪੇਟਾਈਟਸ-ਏ ਅਤੇ ਈ ਦੇ ਵਿਸ਼ਾਣੂ ਮਨੁੱਖੀ ਮਲ ਵਿੱਚ ਹੁੰਦੇ ਹਨ। ਇਹ ਵਿਸ਼ਾਣੂ ਦੂਸ਼ਿਤ ਪਾਣੀ ਅਤੇ ਖੁਰਾਕ ਰਾਹੀ ਜਦ ਮਨੁੱਖੀ ਮੂੰਹ ਤੱਕ ਪਹੁੰਚਦੇ ਹਨ ਤਾਂ ਹੈਪੇਟਾਈਟਸ-ਏ ਅਤੇ ਈ ਹੋ ਜਾਂਦੀਆਂ ਹਨ। ਹੈਪੇਟਾਈਟਸ-ਬੀ, ਸੀ, ਡੀ ਅਤੇ ਜੀ ਖੂਨ ਅਤੇ ਹੋਰ ਸਰੀਰਕ ਰਸਾਂ ਰਾਹੀ ਦੂਸ਼ਿਤ ਸਰਿੰਜਾਂ, ਸੂਈਆਂ ਅਤੇ ਔਜ਼ਾਰਾਂ ਕਾਰਨ ਹੁੰਦੀਆਂ ਹਨ। ਹੈਪੇਟਾਈਟਸ ਬੀ ਅਤੇ ਸੀ ਨੂੰ ਕਾਲਾ ਪੀਲੀਆ ਕਿਹਾ ਜਾਂਦਾ ਹੈ। ਇਹ ਨਾਮ ਪੈਣ ਦਾ ਕਾਰਨ ਸ਼ਾਇਦ ਇਹ ਹੈ ਕਿ ਇਹਨਾਂ ਦੋਵਾਂ ਦੇ ਵਿਸ਼ਾਣੂ ਚੁੱਪ-ਚੁਪੀਤੇ ਸ਼ਰੀਰ ਦੇ ਅੰਦਰ ਬੈਠ ਕੇ ਨੁਕਸਾਨ ਕਰੀ ਜਾਂਦੇ ਹਨ ਅਤੇ ਅਖੀਰ ਬਹੁਤ ਹੀ ਮਾਰੂ ਸਿੱਧ ਹੁੰਦੇ ਹਨ।
ਪਿਛਲੇ ਕੁੱਝ ਸਮੇਂ ਤੋਂ ਇਹ ਰਿਪੋਰਟਾਂ ਆ ਰਹੀਆਂ ਹਨ ਕਿ ਪੰਜਾਬ ਅਤੇ ਹਰਿਆਣੇ ਵਿੱਚ ਹੈਪੇਟਾਈਟਸ-ਸੀ ਤੇਜ਼ੀ ਨਾਲ ਫੈਲ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ਤੋਂ ਅਜਿਹੀਆਂ ਰਿਪੋਰਟਾਂ ਅਖਬਾਰਾਂ ਵਿੱਚ ਲੱਗ ਚੁੱਕੀਆਂ ਹਨ। ਹੈਪੇਟਾਈਟਸ-ਸੀ, ਜਿਗਰ ਦਾ ਇੱਕ ਗੰਭੀਰ ਵਿਸ਼ਾਣੂ ਇਨਫੈਕਸ਼ਨ ਹੈ। ਅਲੱਗ-ਅਲੱਗ ਦੇਸ਼ਾਂ ਵਿੱਚ ਇਸਦੇ ਫੈਲਾਅ ਦਾ ਪੱਧਰ ਅਲੱਗ-ਅਲੱਗ ਹੈ। ਸੰਸਾਰ ਸਿਹਤ ਸੰਸਥਾ ਦੇ ਅੰਦਾਜ਼ੇ ਅਨੁਸਾਰ ਇਹ ਵਾਇਰਸ ਦੁਨੀਆ ਦੇ 3 ਪ੍ਰਤੀਸ਼ਤ ਲੋਕਾਂ ਨੂੰ ਆਪਣੀ ਮਾਰ ਵਿੱਚ ਲੈ ਚੁੱਕੀ ਹੈ ਅਤੇ ਦੁਨੀਆ ਦੇ 17 ਕਰੋੜ ਲੋਕਾਂ ਦੇ ਸ਼ਰੀਰ ਵਿੱਚ ਘਰ ਬਣਾ ਚੁੱਕੀ ਹੈ ਅਤੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਕਰ ਰਹੀ ਹੈ। ਭਾਰਤ ਵਿੱਚ ਵੀ 3 ਪ੍ਰਤੀਸ਼ਤ ਲੋਕਾਂ ਨੂੰ ਇਸ ਬਿਮਾਰੀ ਦੀ ਚਪੇਟ ਵਿੱਚ ਆ ਚੁੱਕੇ ਸਮਝਿਆ ਜਾ ਰਿਹਾ ਹੈ ਪਰ ਪੰਜਾਬ ਵਿੱਚ ਇਹ ਅੰਕੜਾ ਬਹੁਤ ਹੀ ਵੱਧ ਹੈ। ਹਰਿਆਣੇ ਤੋਂ ਆ ਰਹੀਆਂ ਰਿਪੋਰਟਾਂ ਤੋਂ ਵੀ ਇਹੀ ਜਾਪਦਾ ਹੈ ਕਿ ਉੱਥੇ ਵੀ ਇਹੀ ਹਾਲ ਹੈ।
ਸਾਲ 2011 ਵਿੱਚ ਇੱਕ ਵਿਗਿਆਨਕ ਰਸਾਲੇ- ਇੰਟਰਨੈਸ਼ਨਲ ਜਰਨਲ ਆਫ ਫਾਰਮੇਸੀ ਐਂਡ ਫਾਰਮਾਸਿਊਟੀਕਲ ਸਾਇੰਸਜ਼ ਵਿੱਚ ਛਪੀ ਇੱਕ ਖੋਜ਼ ਅਨੁਸਾਰ ਜਿਲਾ ਫਰੀਦਕੋਟ ਦੇ 15 ਪ੍ਰਤੀਸ਼ਤ ਲੋਕ ਇਸ ਬਿਮਾਰੀ ਤੋਂ ਪੀੜਿਤ ਹਨ। ਇਹ ਖੋਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਮਾਈਕ੍ਰੋਬਾਇਓਲੌਜੀ ਵਿਭਾਗ ਦੇ ਡਾ. ਦੀਪਕ ਅਰੋੜਾ ਅਤੇ ਡਾ. ਨੀਰਜਾ ਜਿੰਦਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਨਿਊਰੋਸਰਜਰੀ ਵਿਭਾਗ ਦੇ ਡਾ. ਰਮਨ ਡਾਂਗ ਅਤੇ ਆਦੇਸ਼ ਮੈਡੀਕਲ ਕਾਲਜ ਬਠਿੰਡਾ ਦੇ ਮਾਈਕ੍ਰੋਬਾਇਓਲੌਜੀ ਵਿਭਾਗ ਦੇ ਡਾ. ਰਾਜੀਵ ਕੁਮਾਰ ਵੱਲੋਂ ਕੀਤੀ ਅਤੇ ਛਪਵਾਈ ਗਈ ਸੀ। ਸੰਬੰਧਿਤ ਵਿਗਿਆਨੀਆਂ ਨੇ ਸਪੱਸ਼ਟ ਕਿਹਾ ਹੈ ਕਿ ਏਡਜ਼ ਤੋਂ ਕਿਤੇ ਵੱਧ ਹੈਪੇਟਾਈਟਸ-ਸੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਮਿਸਰ ਵਿੱਚ ਹੋਈ ਇੱਕ ਖੋਜ਼ ਵਿੱਚ ਵੀ 22 ਪ੍ਰਤੀਸ਼ਤ ਲੋਕਾਂ ਨੂੰ ਹੈਪੇਟਾਈਟਸ-ਸੀ ਹੋਣ ਦੀ ਪੁਸ਼ਟੀ ਕਰ ਚੁੱਕੀ ਹੈ।
ਸੰਸਾਰ ਸਿਹਤ ਸੰਸਥਾ ਅਨੁਸਾਰ ਜਿੰਨੇ ਲੋਕਾਂ ਦੇ ਸ਼ਰੀਰ ਵਿੱਚ ਇਹ ਵਾਇਰਸ ਹੁੰਦੀ ਹੈ ਉਹਨਾਂ ਵਿੱਚੋਂ 25 ਪ੍ਰਤੀਸ਼ਤ ਨੂੰ ਬਿਮਾਰੀ ਦੀਆਂ ਅਲਾਮਤਾਂ ਉਸੇ ਵੇਲੇ ਹੀ ਹੁੰਦੀਆਂ ਹਨ- ਭਾਵ ਕਿ ਉਹਨਾਂ ਦਾ ਜਿਗਰ ਖਰਾਬ ਹੋ ਜਾਂਦਾ ਹੈ। ਬਾਕੀ 75 ਪ੍ਰਤੀਸ਼ਤ ਦੇ ਸ਼ਰੀਰ ਵਿੱਚ ਵਾਇਰਸ ਤਾਂ ਹੁੰਦੀ ਹੈ ਪਰ ਉਹ ਉਸੇ ਸਮੇਂ ਬਿਮਾਰ ਨਹੀਂ ਹੁੰਦੇ। ਲੰਮੇ ਸਮੇਂ ਵਿੱਚ 60-80 ਪ੍ਰਤੀਸ਼ਤ ਲੋਕਾਂ ਦਾ ਜਿਗਰ ਖਰਾਬ ਹੋ ਜਾਂਦਾ ਹੈ ਅਤੇ ਉਹਨਾਂ ਵਿੱਚ ਬਿਮਾਰੀ ਦੀਆਂ ਅਲਾਮਤਾਂ ਵੀ ਆ ਜਾਂਦੀਆਂ ਹਨ। ਇਹਨਾਂ ਵਿੱਚੋਂ 20 ਪ੍ਰਤੀਸ਼ਤ ਦਾ ਜਿਗਰ ਪੱਕੇ ਤੌਰ 'ਤੇ ਗੰਭੀਰ ਨੁਕਸ (ਸਿਰੋਸਿਸ) ਦਾ ਸ਼ਿਕਾਰ ਹੋ ਜਾਂਦਾ ਹੈ। ਇਹਨਾਂ ਵਿੱਚੋਂ ਕੁੱਝ ਇੱਕ ਨੂੰ ਜਿਗਰ ਦਾ ਕੈਂਸਰ ਵੀ ਹੋ ਜਾਂਦਾ ਹੈ। ਪੰਜਾਬ ਵਿੱਚ ਇਸ ਬਿਮਾਰੀ ਦਾ ਵਿਗਿਆਨਕ ਸੱਚ ਜਾਣਨ ਲਈ ਭਾਰਤ ਨੌਜਵਾਨ ਸਭਾ ਅਤੇ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨਜ਼ ਵੱਲੋਂ ਡਾ. ਅਮਰ ਸਿੰਘ ਆਜ਼ਾਦ ਦੀ ਅਗਵਾਈ ਵਿੱਚ ਇੱਕ ਖੋਜ਼ ਕਰਵਾਈ ਗਈ ਹੈ। ਇਹ ਵਿਗਿਆਨਕ ਪੜਚੋਲ ਤਿੰਨ ਪਿੰਡਾਂ ਦੇ ਸਰਵੇ 'ਤੇ ਆਧਾਰਿਤ ਹੈ। ਜਿਲ੍ਹਾ ਮੁਕਤਸਰ, ਫਰੀਦਕੋਟ ਅਤੇ ਫਿਰੋਜ਼ਪੁਰ ਦਾ ਇੱਕ-ਇੱਕ ਪਿੰਡ ਇਸ ਵਿੱਚ ਸ਼ਾਮਿਲ ਕੀਤਾ ਗਿਆ। ਇਸ ਖੋਜ਼ ਵਿੱਚ ਸਿਹਤ ਨਾਲ ਸੰਬੰਧਿਤ ਕਾਫ਼ੀ ਮਸਲਿਆਂ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੈਪੇਟਾਈਟਸ-ਸੀ ਦੇ ਟੈਸਟ ਇਸ ਖੋਜ਼ ਦਾ ਇੱਕ ਹਿੱਸਾ ਹਨ। ਹਥਲੇ ਲੇਖ ਵਿੱਚ ਆਪਾਂ ਇਸ ਖੋਜ਼ ਦੇ ਹੈਪੇਟਾਈਟਸ-ਸੀ ਦੇ ਅੰਕੜਿਆਂ ਦੀ ਗੱਲ ਕਰਾਂਗੇ।
ਜਦੋਂ ਡਾ. ਆਜ਼ਾਦ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਡਾਟਾ ਦੀ ਗੱਲ ਕਰਨ ਤੀ ਪਹਿਲਾਂ ਦੋ ਗੱਲਾਂ ਸਪੱਸ਼ਟ ਕੀਤੀਆਂ- ਪਹਿਲਾਂ ਕਿ ਇਸ ਸਟੱਡੀ ਤੋਂ ਇਹ ਪ੍ਰਭਾਵ ਹਰਗਿਜ਼ ਨਹੀਂ ਲੈਣਾ ਕਿ ਸਿਰਫ਼ ਕਾਲਾ ਪੀਲੀਆ ਹੀ ਇੱਕ ਮਾਤਰ ਅਜਿਹੀ ਬਿਮਾਰੀ ਹੈ ਜੋ ਪੰਜਾਬ ਵਿੱਚ ਵੱਡੇ ਪੱਧਰ ਤੇ ਫੈਲ ਰਹੀ ਹੈ। (ਹੋਰ ਅਨੇਕਾਂ ਬਿਮਾਰੀਆਂ ਪੰਜਾਬ ਵਿੱਚ ਫੈਲ ਰਹੀਆਂ ਹਨ ਜਿੰਨਾ ਵਿੱਚੋਂ ਕੁੱਝ ਇੱਕ ਦਾ ਜ਼ਿਕਰ ਪਹਿਲੇ ਪੈਰੇ ਵਿੱਚ ਕੀਤਾ ਗਿਆ ਹੈ।) ਦੂਜਾ ਇਹ ਪ੍ਰਭਾਵ ਵੀ ਬਿਲਕੁਲ ਨਾ ਲਿਆ ਜਾਵੇ ਕਿ ਇਹ ਬਿਮਾਰੀ ਸਿਰਫ਼ ਇਹਨਾਂ ਤਿੰਨ ਪਿੰਡਾਂ ਵਿੱਚ ਹੀ ਵੱਡੇ ਪੱਧਰ 'ਤੇ ਫੈਲੀ ਹੋਈ ਹੈ (ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ ਬਿਮਾਰੀ ਪੂਰੇ ਪੰਜਾਬ ਵਿੱਚ ਅਤੇ ਪੂਰੇ ਮਾਲਵੇ ਵਿੱਚ ਵੱਡੇ ਪੱਧਰ 'ਤੇ ਫੈਲੀ ਹੋਵੇ।)
ਇਸ ਖੋਜ ਦੇ ਅੰਕੜੇ ਕਾਫ਼ੀ ਭਿਆਨਕ ਤਸਵੀਰ ਪੇਸ਼ ਕਰਦੇ ਹਨ। ਇਸ ਖੋਜ਼ ਲਈ ਮਾਲਵਾ ਦੇ ਤਿੰਨ ਜਿਲਿਆਂ ਦਾ ਇੱਕ-ਇੱਕ ਪਿੰਡ ਲਿਆ ਗਿਆ। ਕੁੱਲ 2983 ਵਿਅਕਤੀ ਇਸ ਖੋਜ਼ ਵਿੱਚ ਸ਼ਾਮਿਲ ਕੀਤੇ ਗਏ। ਇਹਨਾਂ ਵਿੱਚੋਂ 1470 ਵਿਅਕਤੀਆਂ ਦਾ ਹੈਪੇਟਾਈਟਸ-ਸੀ ਦਾ ਟੈਸਟ ਕੀਤਾ ਗਿਆ। ਇਹਨਾਂ ਵਿੱਚੋਂ 439 ਵਿਅਕਤੀ ਹੈਪੇਟਾਈਟਸ-ਸੀ ਤੋਂ ਪੀੜਿਤ ਪਾਏ ਗਏ, ਜਦਕਿ ਬਾਕੀ 1031 ਨੈਗੇਟਿਵ ਸਨ।ਪੰਜਾਬ ਵਿੱਚ ਕਾਲਾ ਪੀਲੀਆ (ਹੈਪੇਟਾਈਟਸ-ਸੀ ਵਧਣ ਦੇ ਕਾਰਣ ਕੀ ਹਨ?ਕਾਲਾ ਪੀਲੀਆ(ਹੈਪੇਟਾਈਟਸ-ਸੀ) ਬਾਰੇ ਮੈਡੀਕਲ ਵਿਗਿਆਨ ਅਨਸਾਰ ਮੰਨਿਆਂ ਜਾਂਦਾ ਹੈ ਕਿ ਇਹ ਦੂਸ਼ਿਤ ਸਰਿੰਜਾਂ ਅਤੇ ਹੋਰ ਡਾਕਟਰੀ ਔਜ਼ਾਰਾਂ ਨਾਲ ਹੁੰਦੀ ਹੈ। ਪੰਜਾਬ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਟੀਕਾ ਸੱਭਿਆਚਾਰ ਪ੍ਰਚੱਲਿਤ ਰਿਹਾ ਹੈ। ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸਿੱਖਿਅਤ ਅਤੇ ਅਣ-ਸਿੱਖਿਅਤ ਵਿਅਕਤੀਆਂ ਵੱਲੋਂ ਅਕਸਰ ਹੀ ਕਈ-ਕਈ ਵਿਅਕਤੀਆਂ ਨੂੰ ਟੀਕੇ ਇੱਕੋਂ ਹੀ ਸਰਿੰਜ ਅਤੇ ਸੂਈ ਨਾਲ ਲਗਾਏ ਜਾਂਦੇ ਰਹੇ ਹਨ।
ਇਸੇ ਤਰ੍ਹਾ ਕੰਨ ਵਿੰਨਣ ਲਈ, ਦੰਦ ਕੱਢਣ ਲਈ, ਖੁਣਨ ਲਈ, ਫੋੜਿਆਂ ਨੂੰ ਚੀਰੇ ਦੇਣ ਲਈ ਅਤੇ ਹੋਰ ਛੋਟੇ-ਛੋਟੇ ਆਪ੍ਰੇਸ਼ਨਾਂ ਲਈ ਵਰਤੇ ਜਾਣ ਵਾਲੇ ਔਜ਼ਾਰ ਅਕਸਰ ਹੀ ਠੀਕ ਢੰਗ ਨਾਲ ਕੀਟਾਣੂ ਰਹਿਤ ਨਹੀਂ ਸਨ ਕੀਤੇ ਜਾਂਦੇ। ਇਸੇ ਤਰ੍ਹਾ ਹੀ 5-7 ਸਾਲ ਪਹਿਲਾਂ ਤੱਕ ਹਸਪਤਾਲਾਂ ਵਿੱਚ ਖੂਨ ਹੈਪੇਟਾਈਟਸ-ਸੀ ਦਾ ਟੈਸਟ ਕਰਨ ਤੋਂ ਬਿਨਾਂ ਹੀ ਲਗਾਇਆ ਜਾ ਰਿਹਾ ਸੀ। ਇਹ ਸਾਰਾ ਕੁੱਝ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਚੱਲ ਰਿਹਾ ਹੈ। ਅਜੇ ਤੱਕ ਵੀ ਪੰਜਾਬੀਆਂ ਇਹਨਾਂ ਗਲਤੀਆਂ ਦੇ ਸ਼ਿਕਾਰ ਹੋ ਰਹੇ ਹਨ। ਜਾਪਦਾ ਹੈ ਕਿ ਸਿਹਤ ਕਾਮਿਆਂ ਦੀਆਂ ਇਹਨਾਂ ਗਲਤੀਆਂ ਨੇ ਹੈਪੇਟਾਈਟਸ-ਸੀ ਨੂੰ ਪੰਜਾਬ ਵਿੱਚ ਫੈਲਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਹੁਣ ਵੀ ਪਾਇਆ ਜਾ ਰਿਹਾ ਹੈ।
ਹੈਪੇਟਾਈਟਸ-ਸੀ, ਸੈਕਸ ਅਤੇ ਹੋਰ ਨੇੜਲੇ ਸ਼ਰੀਰਕ ਸਪਰਸ਼ ਰਾਹੀ ਵੀ ਹੋ ਸਕਦੀ ਹੈ। ਸੈਕਸ ਦੌਰਾਨ ਤਾਂ ਦੋ ਵਿਅਕਤੀਆਂ ਦੇ ਸਰੀਰਕ ਰਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੀ ਹੈ। ਸੈਕਸ ਤੋਂ ਇਲਾਵਾ ਵੀ ਹੇਠ ਲਿਖੇ ਹਾਲਤਾਂ ਵਿੱਚ ਬਹੁਤ ਗਹਿਰਾ ਸ਼ਰੀਰਕ ਸਪਰਸ਼ ਹੁੰਦਾ ਹੈ ਜਿਸ ਦੌਰਾਨ ਸ਼ਰੀਰਕ ਰਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ-
1. ਕੁਸ਼ਤੀ ਅਤੇ ਕਬੱਡੀ ਵਰਗੀਆਂ ਖੇਡਾਂ ਦੇ ਦੌਰਾਨ।
2. ਖੇਡਣ ਦੌਰਾਨ ਅਤੇ ਚੌੜ ਦੇ ਮੂਡ ਵਿੱਚ ਬੱਚੇ ਆਪਸ ਵਿੱਚ ਅਤੇ ਆਪਣੇ ਤੋਂ ਵੱਡੇ ਪਰੀਵਾਰਿਕ ਮੈਂਬਰਾਂ ਨਾਲ ਅਕਸਰ ਹੀ ਗੁੱਥਮ-ਗੁੱਥਾ ਹੁੰਦੇ ਰਹਿੰਦੇ ਹਨ।
3. ਇੱਕੋਂ ਬਿਸਤਰੇ ਵਿੱਚ ਸੌਣ ਨਾਲ- ਜੋ ਕਿ ਸਾਡੇ ਘਰਾਂ ਵਿੱਚ ਆਮ ਹੀ ਹੈ, ਖਾਸ ਕਰਕੇ ਸਰਦੀਆਂ ਵਿੱਚ।
4. ਇੱਕੋਂ ਤੌਲੀਆ ਇਸਤੇਮਾਲ ਕਰਨ ਨਾਲ।
5. ਇੱਕੋਂ ਬਲੇਡ ਜਾਂ ਵੁਸਤਰੇ ਨਾਲ ਸ਼ੇਵ ਕਰਨ ਨਾਲ।
6. ਮਾਂ ਤੋਂ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ।
7. ਮਾਂ ਦੇ ਦੁੱਧ ਤੋਂ ਬੱਚੇ ਨੂੰ।
ਹੋਰ ਵੀ ਡੂੰਘੇ ਕਾਰਨ ਹਨ-
ਸਾਡੇ ਸ਼ਰੀਰ ਵਿੱਚ ਹਜਾਰਾਂ ਕਿਸਮਾਂ ਦੇ ਕਰੋੜਾਂ-ਕਰੋੜ ਕੀਟਾਣੂ ਅਤੇ ਵਿਸ਼ਾਣੂ ਹਰ ਵਕਤ ਮੌਜ਼ੂਦ ਰਹਿਦੇ ਹਨ। ਅੰਦਰਲੇ ਕੀਟਾਣੂ ਬਾਹਰ ਅਤੇ ਬਾਹਰਲੇ ਅੰਦਰ ਆਉਂਦੇ-ਜਾਂਦੇ ਰਹਿੰਦੇ ਹਨ। ਇਹਨਾਂ ਵਿੱਚੋਂ ਬਹੁਤੇ ਸਾਡੇ ਦੋਸਤ ਹਨ, ਜੋ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ 24 ਘੰਟੇ ਕੰਮ ਕਰਦੇ ਰਹਿੰਦੇ ਹਨ। ਕੁੱਝ ਕੁ ਹਨ ਜੋ ਸਿਹਤਮੰਦ ਵਿਅਕਤੀ (ਜਿਸ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਪੂਰੀ ਤੇਜ਼ ਹੈ) ਲਈ ਤਾਂ ਨਾ ਇਹ ਦੋਸਤ ਹਨ ਅਤੇ ਨਾਂ ਹੀ ਦੁਸ਼ਮਣ ਪਰ ਜਦੋਂ ਸ਼ਰੀਰ ਦੀ ਲੜਣ ਸ਼ਕਤੀ (ਇਮਿਊਨਿਟੀ) ਕਮਜ਼ੋਰ ਪੈ ਜਾਵੇ ਤਾਂ ਇਹੀ ਕੀਟਾਣੂ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਹਨ। ਜੇਕਰ ਇਹ ਕਮਜ਼ੋਰੀ ਕੁੱਝ ਕੁ ਵਿਅਕਤੀਆ ਤੱਕ ਸੀਮਿਤ ਰਹੇ ਤਾਂ ਮਸਲਾ ਏਨਾ ਗੰਭੀਰ ਨਹੀਂ ਹੁੰਦਾ ਪਰ ਜਦੋਂ ਇਹ ਕਮਜ਼ੋਰੀ ਸਮੂਹਿਕ ਸ਼ਕਲ ਅਖ਼ਤਿਆਰ ਕਰ ਲੈਂਦੀ ਹੈ ਤਾਂ ਇਸ ਦੇ ਸਿੱਟੇ ਬਹੁਤ ਹੀ ਭਿਅੰਕਰ ਹੋ ਜਾਂਦੇ ਹਨ। ਪੰਜਾਬ ਵਿੱਚ ਲੜਣ ਸਕਤੀ ਦੀ ਕਮਜ਼ੋਰੀ ਸਮੂਹਿਕ ਸ਼ਕਲ ਅਖ਼ਤਿਆਰ ਕਰ ਚੁੱਕੀ ਹੈ।
ਪੰਜਾਬ ਵਿੱਚ ਕਾਲੇ ਪੀਲੀਏ ਤੋਂ ਇਲਾਵਾ ਤੋਂ ਇਲਾਵਾ ਹੋਰ ਵੀ ਅਨੇਕਾਂ ਬਿਮਾਰੀਆਂ ਹਨ ਜੋ ਲਗਾਤਾਰ ਵਧ ਰਹੀਆਂ ਹਨ। ਇਸ ਲਈ ਇਹਨਾਂ ਸਭ ਦਾ ਇੱਕ ਸਾਂਝਾ ਕਾਰਨ ਹੈ ਕਿ ਪੰਜਾਬੀਆਂ ਦੇਸ਼ਰੀਰ ਦੀ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਦਾ ਲਗਾਤਾਰ ਕਮਜ਼ੋਰ ਹੋਣਾ। ਕਮਜ਼ੋਰ ਹੋ ਰਹੀ ਲੜਣੀਂ ਸ਼ਕਤੀ ਕਾਰਨ ਬਿਮਾਰੀਆਂ ਸ਼ਰੀਰ ਨੂੰ ਜਲਦੀ ਲੱਗ ਜਾਂਦੀਆਂ ਹਨ ਅਤੇ ਫਿਰ ਸ਼ਰੀਰ ਨੂੰ ਛੱਡਦੀਆਂ ਹੀ ਨਹੀਂ। ਪੂਰੀ ਦੁਨੀਆ ਅੰਦਰ ਹੋ ਰਹੀਆਂ ਵਿਗਿਆਨਕ ਖੋਜਾਂ ਤੋਂ ਨਿਕਲ ਰਹੇ ਸਿੱਟੇ ਸਪੱਸ਼ਟ ਦਰਸਾਉਂਦੇ ਹਨ ਕਿ ਹਵਾ, ਪਾਣੀ ਅਤੇ ਭੋਜਨ ਵਿੱਚ ਵਧ ਰਹੇ ਜ਼ਹਿਰਾਂ ਕਾਰਨ ਸ਼ਰੀਰ ਦੀ ਲੜਣ ਸ਼ਕਤੀ ਕਮਜ਼ੋਰ ਹੋ ਰਹੀ ਹੈ। ਇਹ ਜ਼ਹਿਰ ਖੇਤੀ ਰਸਾਇਣਾਂ, ਸਨਅਤੀ ਪ੍ਰਦੂਸ਼ਣ, ਪਲਾਸਟਿਕ ਅਤੇ ਧਰਤੀ ਹੇਠੋਂ ਕੱਢੇ ਪਦਾਰਥਾਂ (ਪੈਟਰੋਲ, ਡੀਜ਼ਲ ਅਤੇ ਕੋਲਾ ਆਦਿ) ਦੀ ਅੰਧਾ-ਧੁੰਦ ਵਰਤੋਂ ਕਾਰਨ ਵਧ ਰਹੇ ਹਨ। ਜਿੰਨੀ ਅੱਤ ਇਹਨਾਂ ਜ਼ਹਿਰਾਂ ਦੀ ਪੰਜਾਬ ਵਿੱਚ ਹੈ, ਉਨੀ ਅੱਤ ਨਾਂ ਤਾਂ ਭਾਰਤ ਦੇ ਕਿਸੇ ਸੂਬੇ ਵਿੱਚ ਹੈ ਅਤੇ ਨਾਂ ਹੀ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ। ਜਦੋਂ ਵੀ ਸ਼ਰੀਰ ਨੂੰ ਹਾਨੀ ਪਹੁੰਚਾਉਣ ਵਾਲੀ ਕੋਈ ਚੀਜ਼ ਸ਼ਰੀਰ ਵਿੱਚ ਘੁਸ ਜਾਂਦੀ ਹੈ ਤਾਂ ਸ਼ਰੀਰ ਆਪਣਾ ਬਚਾਅ ਕਰਨ ਲਈ ਅਨੇਕਾਂ ਢੰਗ ਵਰਤਦਾ ਹੈ। ਇਸ ਨੂੰ ਸਾਂਝੇ ਤੌਰ 'ਤੇ ਸ਼ਰੀਰ ਦੀ ਲੜਨ ਸ਼ਕਤੀ ਕਿਹਾ ਜਾਂਦਾ ਹੈ। ਜ਼ਹਿਰਾਂ ਨੂੰ ਸ਼ਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਅਤੇ ਉਹਨਾਂ ਦੇ ਜ਼ਹਿਰੀਲੇਪਣ ਨੂੰ ਖਤਮ ਕਰਨ ਦਾ ਕੰਮ ਮੁੱਖ ਤੌਰ 'ਤੇ ਜਿਗਰ ਨੂੰ ਹੀ ਕਰਨਾ ਪੈਂਦਾ ਹੈ। ਇਸ ਕਰਕੇ ਇਹ ਜ਼ਹਿਰ ਜਿਗਰ ਵਿੱਚ ਵੱਧ ਇਕੱਠੇ ਹੋ ਜਾਂਦੇ ਹਨ। ਇਸੇ ਕਰਕੇ ਜਿਗਰ ਦੀਆਂ ਬਿਮਾਰੀਆਂ ਵਿੱਚ ਪਿਛਲੇ ਕੁੱਝ ਦਹਾਕਿਆਂ ਤੋਂ ਚੋਖਾ ਵਾਧਾ ਹੋਇਆ ਹੈ। ਪੰਜਾਬ ਵਿੱਚ ਇਹ ਵਾਧਾ ਸਭ ਹੱਦਾ ਬੰਨ੍ਹੇ ਪਾਰ ਕਰਕੇ ਪੰਜਾਬੀਆਂ ਦੀ ਸਮੂਹਿਕ ਹੋਂਦ ਲਈ ਹੀ ਖਤਰਾ ਬਣਦਾ ਜਾ ਰਿਹਾ ਹੈ।
ਦੁਨੀਆ ਭਰ ਵਿੱਚ ਇਹਨਾਂ ਜ਼ਹਿਰਾਂ ਬਾਰੇ ਹੋ ਰਹੀਆਂ ਖੋਜਾਂ ਦਰਸਾਉਂਦੀਆਂ ਹਨ ਕਿ ਇਹ ਪ੍ਰਾਣੀਆਂ ਦੇ ਸ਼ਰੀਰ ਉੱਪਰ ਹੇਠ ਲਿਖੇ ਬੁਰੇ ਪ੍ਰਭਾਵ ਪਾਉਂਦੀਆਂ ਹਨ-1. ਸ਼ਰੀਰ ਦੀ ਲੜਣ ਸ਼ਕਤੀ ਦਾ ਕਮਜ਼ੋਰ ਹੋਣਾ- ਇਮਿਊਨੋਟਾਕਸਿਕ2. ਕਈ ਪ੍ਰਕਾਰ ਦੇ ਕੈਂਸਰਾਂ ਦਾ ਕਾਰਣ ਬਣਨਾ- ਕਾਰਸੀਨੋਜੈਨਿਕ3. ਜੀਨਾਂ ਦਾ ਨੁਕਸਾਨ ਕਰਨਾ- ਮਿਊਟਾਜੈਨਿਕ4. ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਅੰਦਰ ਵੱਡੇ ਜਮਾਂਦਰੂ ਨੁਕਸਾ ਦਾ ਕਾਰਨ ਬਣਨਾ- ਟਰੈਂਟੋਜੈਨਿਕ5. ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਅਨੇਕਾਂ ਕਿਸਮ ਦੇ ਹੋਰ ਨੁਕਸਾਨ ਪਹੁੰਚਾਉਣਾ- ਫੀਟੋਟਾਕਸਿਕ6. ਸਾਡੇ ਹਾਰਮੋਨਜ਼ ਨੂੰ ਕੰਮ ਨਾ ਕਰਨ ਦੇਣਾ- ਹਾਰਮੋਨਲ ਡਿਸਰਪਟਰਜ਼7. ਸਾਡੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣਾ- ਸੈਲੂਲਰ ਟਾਕਸਿਨਜ਼ਜਦੋਂ ਵੀ ਸ਼ਰੀਰ ਨੂੰ ਹਾਨੀ ਪਹੁੰਚਾਉਣ ਵਾਲਾ ਕੋਈ ਕੀਟਾਣੂ ਜਾਂ ਵਿਸ਼ਾਣੂ ਸ਼ਰੀਰ ਵਿੱਚ ਘੁਸ ਜਾਂਦਾ ਹੈ ਤਾਂ ਸ਼ਰੀਰ ਆਪਣੀ ਲੜਨ ਸ਼ਕਤੀ ਰਾਹੀ ਉਸਨੂੰ ਬਾਹਰ ਕੱਢ ਦਿੰਦਾ ਹੈ। ਜੇਕਰ ਬਾਹਰ ਨਾਂ ਵੀ ਕੱਢ ਸਕੇ ਤਾਂ ਆਪਣੇ ਆਪ ਨੂੰ ਏਨਾ ਸਮਰੱਥ ਬਣਾ ਲੈਂਦਾ ਹੈ ਕਿ ਉਹ ਕੀਟਾਣੂ ਜਾਂ ਵਿਸ਼ਾਣੂ ਉਸਦਾ ਕੁੱਝ ਨਾ ਵਿਗਾੜ ਸਕੇ। ਅੱਜ ਤੋਂ 40-50 ਸਾਲ ਪਹਿਲਾਂ ਅਜਿਹੀਆਂ ਇਨਫੈਕਸ਼ਨਾਂ ਦੀ ਗਿਣਤੀ ਨਾ-ਮਾਤਰ ਹੀ ਸੀ ਜੋ ਸ਼ਰੀਰ ਦੀ ਇਸ ਸਮਰੱਥਾ ਤੋਂ ਬਾਹਰੀ ਹੋਣ। ਪਰ ਅੱਜ ਘੱਟੋਂ-ਘੱਟ 20 ਗੰਭੀਰ ਇਨਫੈਕਸ਼ਨਾ ਅਜਿਹੀਆਂ ਹਨ ਜੋ ਸ਼ਰੀਰ ਦੀ ਲੜਨ ਸ਼ਕਤੀ ਦੀ ਸਮਰੱਥਾ ਤੋਂ ਬਾਹਰ ਹੋ ਚੁੱਕੀਆਂ ਹਨ। ਇਹ ਇਨਫੈਕਸ਼ਨਾਂ ਸ਼ਰੀਰ ਵਿੱਚੋਂ ਬਾਹਰ ਵੀ ਨਹੀਂ ਨਿਕਲਦੀਆਂ ਅਤੇ ਹੌਲੀ-ਹੌਲੀ ਉਸਨੂੰ ਸਥਾਈ ਮਰੀਜ਼ ਬਣਾ ਦਿੰਦੀਆਂ ਹਨ। ਕੁੱਝ ਆਮ ਹਨ- ਐਚ. ਆਈ. ਵੀ., ਕਾਲਾ ਪੀਲੀਆ-ਸੀ ਅਤੇ ਬੀ, ਟੀ.ਬੀ., ਔਰਤਾਂ ਵਿੱਚ ਪ੍ਰਜਣਨ ਅੰਗਾਂ ਦੀਆਂ ਇਨਫੈਕਸ਼ਨਾਂ, ਫੇਫੜਿਆਂ ਦੀਆਂ ਲੰਬੀਆਂ ਚੱਲਣ ਵਾਲੀਆਂ ਇਨਫੈਕਸ਼ਨਾਂ, ਪੇਟ ਦੀਆਂ ਕਰੌਨਿਕ ਇਨਫੈਕਸ਼ਨਾ ਅਤੇ ਅਨੇਕਾ ਹੋਰ ਕਰੌਨਿਕ ਅਤੇ ਸ਼ਰੀਰ ਨੂੰ ਉਮਰ ਭਰ ਦਾ ਰੋਗੀ ਬਣਾਉਣ ਵਾਲੀਆਂ ਇਨਫੈਕਸ਼ਨਾਂ ਪੰਜਾਬ ਵਿਚ ਤੇਜ਼ੀ ਨਾਲ ਵਧ ਰਹੀਆਂ ਹਨ।ਕੀ ਕਰਨਾ ਲੋੜੀਏ??
1. ਆਜ਼ਾਦੀ ਦੇ 65 ਸਾਲ ਬਾਅਦ ਵੀ ਸਾਰਿਆਂ ਨੂੰ ਸਿਹਤ ਸੇਵਾਵਾਂ ਹਾਸਿਲ ਨਹੀਂ। ਪਿੰਡਾਂ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਵੀ ਹਾਸਿਲ ਨਾ ਹੋਣ ਕਾਰਨ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਵੱਡੀ ਪੱਧਰ 'ਤੇ ਫੈਲ ਰਹੀਆਂ ਹਨ। ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਜਾਣ। ਸਾਰੇ ਪੰਜਾਬੀਆਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਸਮੇਂ ਸਿਰ ਅਤੇ ਮੁਫ਼ਤ/ਸਸਤੀਆਂ ਉਪਲਬਧ ਕਰਵਾਈਆ ਜਾਣ।
2. ਸਾਰੇ ਪੰਜਾਬੀਆਂ ਦਾ ਨਿਯਮਿਤ ਸਿਹਤ ਨਿਰੀਖਣ ਕੀਤਾ ਜਾਵੇ ਜਿਸ ਵਿੱਚ ਲੋੜੀਂਦੇ ਗੰਭੀਰ ਬਿਮਾਰੀਆਂ ਦੇ ਟੈਸਟ ਵੀ ਕੀਤੇ ਜਾਣ।
3. ਜੋ ਬਿਮਾਰੀਆਂ (ਜਿਵੇਂ ਕਿ ਕਾਲਾ ਪੀਲੀਆ-ਸੀ, ਬੀ, ਕੈਂਸਰ, ਐੱਚ. ਆਈ. ਵੀ., ਸ਼ੂਗਰ, ਬਲੱਡ-ਪ੍ਰੈਸ਼ਰ ਅਤੇ ਦਿਲ ਅਤੇ ਖੂਨ-ਨਾੜਾਂ ਦੀਆਂ ਬਿਮਾਰੀਆਂ ਆਦਿ) ਵੱਡੇ ਪੱਧਰ 'ਤੇ ਫੈਲ ਰਹੀਆਂ ਹਨ, ਉਹਨਾਂ ਦੇ ਟੈਸਟ ਸਮੂਹਿਕ ਪੱਧਰ 'ਤੇ ਕੀਤੇ ਜਾਣ ਤਾਂਕਿ ਬਿਮਾਰੀ ਦਾ ਪਤਾ ਜਲਦੀ ਲੱਗ ਸਕੇ।
4. ਕਾਲਾ ਪੀਲੀਆ ਅਤੇ ਹੋਰ ਗੰਭੀਂਰ ਬਿਮਾਰੀਆਂ ਤੋਂ ਪੀੜਿਤ ਵਿਅਕਤੀਆਂ ਦਾ ਇਲਾਜ਼ ਮੁਫ਼ਤ ਕਰਵਾਇਆ ਜਾਵੇ।
5. ਵਾਤਾਵਰਣਿਕ ਜ਼ਹਿਰਾਂ ਜੋ ਕਿ ਪੰਜਾਬੀਆਂ ਦੇ ਸ਼ਰੀਰਾਂ ਨੂੰ ਖੋਖਲਾ ਕਰ ਰਹੀਆਂ ਹਨ, ਬਾਰੇ ਵੱਡਾ ਪੜਤਾਲੀਆ ਕਮਿਸ਼ਨ ਬਿਠਾ ਕੇ ਵੱਡੀ ਬਹਿਸ ਛੇੜਣੀ ਚਾਹੀਦੀ ਹੈ। ਹਵਾ, ਪਾਣੀ, ਭੋਜਨ ਅਤੇ ਮਨੁੱਖੀ ਸ਼ਰੀਰਾਂ ਵਿੱਚ ਕਿਹੜੇ-ਕਿਹੜੇ ਜ਼ਹਿਰ ਕਿੰਨੇ-ਕਿੰਨੇ ਹਨ, ਬਾਰੇ ਵੀ ਫੌਰੀ ਪਤਾ ਲਗਾਉਣਾ ਚਾਹੀਦਾ ਹੈ। ਇਸ ਐਪੀਡੈਮੀਆਲੌਜੀਕਲ ਮੈਪਿੰਗ ਨਾਲ ਹੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ।
6. ਪਲਾਸਟਿਕ, ਪੈਟਰੋਲ/ਡੀਜ਼ਲ ਅਤੇ ਕੋਲੇ ਦੀ ਵਰਤੋਂ ਘਟਾਉਣ ਲਈ ਵੀ ਗੰਭੀਰ ਵਿਚਾਰਾਂ ਹੋਣੀਆਂ ਜ਼ਰੂਰੀ ਹਨ।
ਸਮੂਹ ਸਮਾਜ ਨੂੰ ਨਾਲ ਲੈ ਕੇ ਵੱਡੀ ਸਮਾਜਿਕ ਤਬਦੀਲੀ ਹੀ ਬਿਮਾਰੀਆਂ ਅਤੇ ਹੋਰ ਸਮਾਜਿਕ ਅਲਾਮਤਾਂ ਦਾ ਹੱਲ ਹੈ।