ਗ੍ਰੀਨ ਊਰਜਾ ਜਾਂ ਰੋਜ਼ੀ-ਰੋਟੀ?

Submitted by kvm on Fri, 02/26/2016 - 10:22
ਕਲਪਾਵੱਲੀ ਜੰਗਲ, ਜਿਸਨੂੰ ਕਿ ਬੰਜਰ ਜਮੀਨ ਤੋਂ ਮੁੜ ਪੁਨਰਜੀਵਿਤ ਕਰਕੇ ਨਵਾਂ ਰੂਪ ਦਿੱਤਾ ਗਿਆ, ਨੂੰ ਗ੍ਰੀਨ ਊਰਜਾ ਦੇ ਨਾਮ ਤੇ ਦੁਬਾਰਾ ਖਤਮ ਕੀਤਾ ਜਾ ਰਿਹਾ ਹੈ।ਇਸ ਵਿੱਚ ਕੋਈ ਸ਼ੱਕ ਨਹੀ ਕਿ ਪੌਣ ਚੱਕੀਆਂ ਸਾਫ਼ ਊਰਜਾ ਪੈਦਾ ਕਰਦੀਆਂ ਹਨ। ਪ੍ਰੰਤੂ ਕਿਸ ਕੀਮਤ ਤੇ? ਪੌਣ ਚੱਕੀਆਂ ਦੀ ਸਥਾਪਨਾ ਇੱਕ ਅਲੱਗ ਹੀ ਕਹਾਣੀ ਦੱਸਦੀ ਹੈ।

ਕਲਪਾਵੱਲੀ ਜੰਗਲ ਅਨੰਤਪੁਰ ਜਿਲ੍ਹੇ ਦੇ ਰੋਡਮ ਮੰਡਲ ਅਧੀਨ ਆਉਂਦਾ ਹੈ ਜੋ ਕਿ ਮੁੱਖ ਤੌਰ ਤੇ ਊਸ਼ਣ ਕਟੀਬੰਧੀ ਕੰਡੇਦਾਰ ਜੰਗਲ ਵਾਲਾ ਚਰਾਗਾਹ ਪਰਿਸਥਿਤਕੀ ਤੰਤਰ ਹੈ।ਕਲਪਾਵੱਲੀ ਜੰਗਲ ਉਰੂਦਲਾ ਕੌਡਾ ਅਤੇ ਥੁੰਮਾ ਕੌਡਾ ਪਿੰਡਾਂ ਦੇ ਨਾਲ ਨਾਲ 7500 ਏਕੜ ਵਿੱਚ ਫੈਲਿਆ ਹੋਇਆ ਹੈ।ਜੰਗਲ ਅਤੇ ਆਸ-ਪਾਸ ਦਾ ਇਲਾਕਾ ਖਜੂਰ ਦੇ ਰੁੱਖਾਂ ਨਾਲ ਭਰਪੂਰ ਹੈ।ਸਮੁਦਾਇਆਂ ਦੀ ਰੋਜ਼ੀ -ਰੋਟੀ ਮੁੱਖ ਤੌਰ ਤੇ ਖਜੂਰਾਂ ਦੇ ਮੰਡੀਕਰਨ ਉੱਪਰ ਨਿਰਭਰ ਕਰਦੀ ਹੈ।

ਝਾੜੀਆਂ ਅਤੇ ਚਰਾਗਾਹਾਂ ਪੂਰੇ ਪਰਿਸਥਿਤਕੀ ਤੰਤਰ ਦੀਆਂ ਸੇਵਾਵਾਂ ਦੀ ਮੇਜ਼ਬਾਨੀ ਪ੍ਰਦਾਨ ਕਰਦੇ ਹਨ ਅਤੇ ਖੇਤਰ ਵਿੱਚ ਜਿੰਦਗੀ ਦਾ ਮੁੱਖ ਆਧਾਰ ਹਨ। ਪਿੰਡ ਦੇ ਲੋਕ ਘਾਹ ਇਕੱਠਾ ਕਰਦੇ ਹਨ ਅਤੇ ਝਾੜੂ ਬਣਾ ਕੇ ਬਾਜਾਰ ਵਿੱਚ ਵੇਚਦੇ ਹਨ।ਟੈਂਕ ਪ੍ਰਣਾਲੀ ਇਸ ਖੇਤਰ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਹੈ ਜੋ ਕਿ ਪਾਣੀ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਦਾ ਹੈ।ਕਲਪਾਵੱਲੀ ਨਦੀ ਦੇ ਉੱਪਰ ਸਥਿਤ ਹੈ ਅਤੇ ਮਸਤੀਕੋਵੇੱਲਾ ਤੋਂ ਸ਼ੁਰੂ ਹੋਣ ਵਾਲੇ ਟੈਂਕਾਂ ਦੀ ਜੀਵਨ ਰੇਖਾ ਹੈ।ਟੈਂਕ ਕਿਸਾਨਾਂ ਦੁਆਰਾ ਖੇਤੀ, ਸਿੰਚਾਈ, ਪੀਣ ਲਈ ਅਤੇ ਹੋਰ ਕੰਮਾਂ ਲਈ ਇਸਤੇਮਾਲ ਕੀਤੇ ਜਾਂਦੇ ਹਨ।ਕਲਪਾਵੱਲੀ ਦੀ ਘਾਟੀ ਵਿੱਚ, ਖਜੂਰ ਦੇ ਹਜਾਰਾਂ ਰੁੱਖ ਖੜ੍ਹੇ ਹਨ ਜੋ ਕਿ ਘਾਟੀ ਦੀਆਂ ਧਾਰਾਵਾਂ ਉੱਪਰ ਪਲਦੇ ਹਨ।

ਕਲਪਾਵੱਲੀ ਵਿੱਚ ਨਦੀਆਂ ਨਾ ਸਿਰਫ ਸਮੁਦਾਇਆਂ ਲਈ ਬਲਕਿ ਜੰਗਲੀ ਜੀਵਨ, ਜਿਸ ਵਿੱਚ ਲੋਪ ਹੋਣ ਕੰਢੇ ਪਹੁੰਚੇ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਸ਼ਾਮਿਲ ਹਨ, ਲਈ ਵੀ ਪਾਣੀ ਦਾ ਮਹੱਤਵਪੂਰਨ ਸ੍ਰੋਤ ਹਨ।

ਸਮੁਦਾਇਆਂ ਦੁਆਰਾ ਪਰਿਸਥਿਤਕੀ ਬਹਾਲੀ


ਇਹਨਾਂ ਵਰ੍ਹਿਆਂ ਦੌਰਾਨ, ਜੰਗਲ ਵਿੱਚ ਅੰਧਾਧੁੰਦ ਗਿਰਾਵਟ ਆਈ।ਟਿੰਬਕਟੂ ਕੋਲੈਕਟਿਵ, ਇੱਕ ਗੈਰ ਸਰਕਾਰੀ ਸੰਗਠਨ ਨੇ ਸਮੁਦਾਇਆਂ ਦੇ ਨਾਲ ਮਿਲ ਕੇ ਜੰਗਲ ਦੇ ਪਰਿਸਥਿਤਕੀ ਤੰਤਰ ਅਤੇ ਜੀਵਨ ਸਮਰਥਿਤ ਪ੍ਰਣਾਲੀ ਦੇ ਮੁੜ ਨਿਰਮਾਣ ਲਈ ਜੰਗਲ ਨੂੰ ਬਹਾਲ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ।

ਕਲੈਕਟਿਵ ਨੇ 1992 ਵਿੱਚ ਮਸਤੀਕੋਵੈੱਲਾ ਪਿੰਡ ਵਿੱਚ ਕੁਦਰਤੀ ਪੁਨਰ ਸਿਰਜਣ ਰਾਹੀ ਵਾਤਾਵਾਰਣ ਬਹਾਲੀ ਦੀ ਧਾਰਣਾ ਨੂੰ ਪ੍ਰੋਤਸ਼ਾਹਿਤ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ।ਪਿੰਡ ਦੇ ਆਸਪਾਸ ਦੇ ਪਹਾੜਾਂ ਵਿੱਚ 125 ਏਕੜ ਮਾਲੀਆ ਬੰਜਰ ਭੂਮੀ ਦੀ ਰੱਖਿਆ ਕਰਨ ਦੇ ਲਈ ਲੋਕਾਂ ਨੂੰ ਮਨਾਉਣ ਲਈ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ।ਇਸਦਾ ਅਸਰ ਲਗਭਗ ਤੁਰੰਤ ਹੀ ਮਹਿਸੂਸ ਕੀਤਾ ਗਿਆ।ਇਹਨਾਂ ਸਾਲਾਂ ਦੌਰਾਨ, 7 ਹੋਰ ਪਿੰਡ ਇਸ ਕੰਮ ਵਿੱਚ ਜੁੜ ਗਏ।ਅੱਜ ਲਗਭਗ 7500 ਏਕੜ ਬੰਜਰ ਭੂਮੀ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਇੱਕ ਜੰਗਲ ਦੇ ਰੂਪ ਵਿੱਚ ਫਿਰ ਤੋਂ ਬਹਾਲ ਕੀਤਾ ਜਾ ਰਿਹਾ ਹੈ।

ਸਭ ਦੀ ਸ਼ਮੂਲੀਅਤ ਹੋਣ ਦੇ ਦ੍ਰਿਸ਼ਟੀਕੋਣ ਨੇ ਜਿੰਮੇਦਾਰੀ ਲੈਣ ਲਈ ਸਮੁਦਾਇਆਂ ਦੀ ਖੁਦ ਨੂੰ ਸੰਗਠਿਤ ਕਰਨ ਵਿੱਚ ਮੱਦਦ ਕੀਤੀ।ਹਰ ਪਿੰਡ ਦੀ ਆਪਣੀ ਇੱਕ ਵਣ ਸਰੰਖਿਅਣ ਕਮੇਟੀ ਹੈ। ਵਣ ਸਰੰਖਿਅਣ ਕਮੇਟੀ ਦੁਆਰਾ ਪਹਿਰੇਦਾਰੀ ਪ੍ਰਣਾਲੀ ਦੁਆਰਾ ਸਭ ਕੰਮਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ।ਇਹ ਨਜਰ ਰੱਖਣ ਵਾਲੇ ਪਹਿਰੇਦਾਰ ਰੋਜ਼ਾਨਾ ਗਸ਼ਤ ਲਗਾਉਂਦੇ ਹਨ ਅਤੇ ਅੱਗ ਲੱਗਣ ਦੀ ਦੁਰਘਟਨਾ ਦੇ ਮਾਮਲੇ ਵਿੱਚ, ਘੁਸਪੈਠੀਏ ਅਤੇ ਰੁੱਖ ਕੱਟਣ ਦੇ ਮਾਮਲੇ ਵਿੱਚ, ਤੁਰੰਤ ਵਣ ਸਰੰਖਿਅਣ ਕਮੇਟੀ ਨੂੰ ਸੂਚਨਾ ਦਿੰਦੇ ਹਨ ਜੋ ਕਿ ਬਚਾਅ ਲਈ ਤੁਰੰਤ ਕਾਰਵਾਈ ਕਰਦੀ ਹੈ। ਜੋ ਵੀ ਰੁੱਖ ਕੱਟਦਾ ਫੜ੍ਹਿਆ ਜਾਂਦਾ ਹੈ, ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾਂਦਾ ਹੈ।ਸਥਾਨਕ ਲੋਕਾਂ ਦੁਆਰਾ ਕੋਈ ਰੁੱਖ ਨਹੀਂ ਕੱਟਿਆ ਜਾਂਦਾ।

ਹਰ ਵਣ ਸਰੰਖਿਅਣ ਕਮੇਟੀ ਕੋਲ ਸਵੈ-ਸੇਵਕ ਹੁੰਦੇ ਹਨ। ਹਰ ਸਾਲ, ਅੱਗ ਨੂੰ ਫੈਲਣ ਤੋਂ ਰੋਕਣ ਲਈ ਲਗਭਗ 60 ਤੋਂ 75 ਕਿਲੋਮੀਟਰ ਤੱਕ ਦੇ ਫਾਇਰਬ੍ਰੇਕ ਬਣਾਏ ਜਾਂਦੇ ਹਨ। ਵਣ ਸਰੰਖਿਅਣ ਕਮੇਟੀ ਦੇ ਮੈਂਬਰ, ਨਜਰ ਰੱਖਣ ਵਾਲੇ ਅਤੇ ਕੋਲੈਕਟਿਵ ਦੇ ਕਾਰਜਕਰਤਾ ਉਹਨਾਂ ਚਰਵਾਹਿਆਂ, ਜੋ 25 ਕਿਲੋਮੀਟਰ ਦੂਰ ਦੇ ਪਿੰਡਾਂ ਤੋਂ ਆਪਣੀਆਂ ਭੇਡਾਂ-ਬੱਕਰੀਆ ਚਰਾਉਣ ਆਉਂਦੇ ਹਨ, ਨੂੰ ਅੱਗ ਜਲਾਉਣ ਤੋਂ ਪਰਹੇਜ਼ ਕਰਨ ਲਈ ਸਮਝਾਉਣ ਦੇ ਲਈ ਆਪਣਾ ਕਾਫ਼ੀ ਜ਼ਿਆਦਾ ਸਮਾਂ ਖਰਚ ਕਰਦੇ ਹਨ।

ਇਹ ਵਣ ਸਰੰਖਿਅਣ ਕਮੇਟੀਆਂ 2002 ਵਿੱਚ ਕਲਪਾਵੱਲੀ ਰੁੱਖ ਉਤਪਾਦਕ ਕੋਆਪਰੇਟਿਵ ਦੇ ਨਾਮ ਤੇ ਸੰਗਠਿਤ ਹੋਈਆਂ ਅਤੇ ਬਾਅਦ ਵਿੱਚ 2008 ਵਿੱਚ APMACS ਅਧੀਨਿਯਮ ਤਹਿਤ ਰਜਿਸਟਰ ਕਰਵਾਈ ਗਈ।

ਕਲਪਾਵੱਲੀ ਸੰਸਥਾ ਦੇ ਰਾਹੀ ਪਿੰਡ ਵਾਲਿਆਂ ਨੇ ਇੱਕ ਬੰਜਰ ਭੂਮੀ ਨੂੰ ਹਰਾ-ਭਰਾ ਬਣਾਇਆ ਅਤੇ ਇਸ ਪ੍ਰਕ੍ਰਿਆ ਵਿੱਚ ਉਹ ਕੁਦਰਤ ਤੋਂ ਮਿਲਣ ਵਾਲੇ ਕਈ ਲਾਭਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਬਣੇ।ਜਦੋਂ ਕੋਲੈਕਟਿਵ ਨੇ ਇਸ ਪ੍ਰਕ੍ਰਿਆ ਨੂੰ ਸ਼ੁਰੂ ਕੀਤਾ ਸੀ ਤਾਂ ਪਹਾੜੀਆਂ ਲਗਭਗ ਬੰਜਰ ਸਨ, ਪਰ ਇਸਨੂੰ ਸ਼ੁਰੂ ਕਰਨ ਤੋਂ ਬਾਅਦ ਜੋ ਜੜ੍ਹਾਂ ਮਿੱਟੀਆਂ ਵਿੱਚ ਦੱਬੀਆਂ ਪਈਆਂ ਸਨ ਉਹਨਾਂ ਨੇ ਫਿਰ ਤੋਂ ਫੁੱਟਣਾ ਸ਼ੁਰੂ ਕੀਤਾ, ਘਾਹ ਦੇ ਬੀਜ ਫਿਰ ਉਗਣ ਲੱਗੇ, ਪੰਛੀ ਵਾਪਸ ਆ ਗਏ ਅਤੇ ਨਵੇਂ ਰੁੱਖਾਂ ਨੇ ਖੁਦ ਨੂੰ ਫਿਰ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ।ਮਿੱਟੀ ਵਿੱਚ ਸੁਧਾਰ ਹੋਇਆ ਅਤੇ ਘਾਹ ਦੀਆਂ ਕਈ ਕਿਸਮਾਂ ਵਾਪਸ ਆ ਗਈਆਂ। ਲੋਕਾਂ ਵਿੱਚ ਰੁੱਖ ਲਗਾਉਣ ਦੀ ਆਦਤ ਪੈਦਾ ਹੋ ਗਈ। ਇਸ ਨਾਲ ਪਾਣੀ ਦੇ ਟੈਂਕਾਂ ਦਾ ਸੁਧਾਰ ਹੋਇਆ ਅਤੇ ਜ਼ਮੀਨ ਅੰਦਰਲਾ ਪਾਣੀ ਰੀਚਾਰਜ ਹੋ ਗਿਆ। ਕਲਪਾਵੱਲੀ ਦੇ ਜੰਗਲਾਂ ਦੀ ਬਹਾਲੀ ਦਾ ਇੱਕ ਮਹੱਤਵਪੂਰਨ ਨਤੀਜਾ ਟੈਂਕਾਂ ਦੇ ਪੁਨਰ ਨਿਰਮਾਣ ਦੇ ਰੂਪ ਵਿੱਚ ਸਾਹਮਣੇ ਆਇਆ।

ਕਲਪਾਵੱਲੀ ਸਮੁਦਾਇ ਨੇ ਜੰਗਲਾਂ ਦਾ ਪ੍ਰਬੰਧਨ ਕੀਤਾ ਅਤੇ ਇਹ ਜੰਗਲ ਗੈਰ ਇਮਾਰਤੀ ਲੱਕੜੀ ਵਣ ਉਪਜ, ਵਾਟਰਸ਼ੈੱਡ ਅਤੇ ਇਸ ਤੋਂ ਵੀ ਵਧ ਕੇ ਚੇੱਨਾਕੋਥਾਪੱਲੀ ਅਤੇ ਰੋਡਮ ਮੰਡਲ ਦੇ 7 ਪਿੰਡਾਂ ਲਈ ਚਰਾਗਾਹ ਉਪਲਬਧ ਕਰਵਾਉਣ ਵਿੱਚ ਕਾਮਯਾਬ ਰਹੇ।ਇਸਦੇ ਇਲਾਵਾ, ਸਮੁਦਾਇ ਦੁਆਰਾ ਸੁਰੱਖਿਆ ਪ੍ਰਾਪਤ ਭੂਮੀ ਦਾ ਇਹ ਵੱਡਾ ਟੁਕੜਾ ਵਣ ਜੀਵਨ ਦੇ ਲਈ ਇੱਕ ਸਵਰਗ ਹੈ।

ਮਾਂਸਾਹਾਰੀ ਜੀਵਾਂ ਜਿਵੇਂ ਬਘਿਆੜ ਅਤੇ ਤੇਂਦੂਏ ਦੀ ਇਸ ਖੇਤਰ ਵਿੱਚ ਉਪਸਥਿਤੀ ਦਰਸਾਉਂਦੀ ਹੈ ਕਿ ਕਲਪਾਵੱਲੀ ਨਾ ਸਿਰਫ ਸਥਾਨਕ ਰਾਖਵਾਂ ਜੰਗਲ ਦੇ ਲਈ ਕੌਰੀਡੋਰ ਦੇ ਤੌਰ ਤੇ ਸੇਵਾ ਪ੍ਰਦਾਨ ਕਰਦਾ ਹੈ ਬਲਕਿ ਇਸ ਤੋਂ ਵੀ ਵੱਧ ਕੇ ਜ਼ਮੀਨੀ ਪੱਧਰ ਤੇ ਜੈਵ ਵਿਭਿੰਨਤਾ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸਮੁਦਾਇਆਂ ਦੇ ਲਈ, ਜੰਗਲ ਈਕੋਸਿਸਟਮ ਸੇਵਾਵਾਂ ਦੇਣ ਵਾਲੇ ਸਾਧਨ ਤੋਂ ਵੀ ਕਿਤੇ ਵੱਧ ਕੇ ਅਰਥ ਰੱਖਦਾ ਹੈ। ਕਲਪਾਵੱਲੀ ਵਿੱਚ, ਸਮੁਦਾਇਆਂ ਦੁਆਰਾ, ਜੰਗਲਾਂ ਨਾਲ ਘਿਰੇ ਗੋਪਾਲਸਵਾਮੀਗੁੜੀ ਮੰਦਰ ਨੂੰ, ਇੱਕ ਪਵਿੱਤਰ ਜਗ੍ਹਾ ਦੇ ਤੌਰ ਤੇ ਮੰਨਿਆ ਜਾਂਦਾ ਹੈ।ਸਥਾਨਕ ਸਮੁਦਾਇ ਦੇ ਧਰਮ ਅਤੇ ਸੱਭਿਆਚਾਰ ਪ੍ਰਤਿ ਮਜ਼ਬੂਤ ਵਿਸ਼ਵਾਸ ਨੇ ਵੀ ਜੰਗਲ ਅਤੇ ਇਸ ਦੇ ਈਕੋ ਸਿਸਟਮ ਨੂੰ ਰੱਖਿਆ ਕਰਨ ਵਿੱਚ ਮੱਦਦ ਕੀਤੀ।

ਵਿਕਾਸ ਦੀ ਘੁਸਪੈਠ


2011 ਵਿੱਚ, ਪੌਣ ਊਰਜਾ ਪਰਿਯੋਜਨਾ ਨੇ ਬੜੀ ਹੀ ਬੇਰੁਖੀ ਨਾਲ ਕਲਪਾਵੱਲੀ ਦੇ ਇਸ ਸ਼ਾਂਤ ਖੇਤਰ ਵਿੱਚ ਘੁਸਪੈਠ ਕੀਤੀ।ਏਨਰਕਾਨ ਨਾਮ ਦੀ ਇੱਕ ਪੌਣ ਊਰਜਾ ਕੰਪਨੀ ਨੇ ਪੌਣ ਚੱਕੀਆਂ ਦੀ ਸਥਾਪਨਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਹਰੀ ਘਾਟੀ ਨੂੰ ਪੌਣ ਇਸਟੇਟ ਵਿੱਚ ਬਦਲ ਦਿੱਤਾ।ਕੰਪਨੀ ਦੇ ਹਿੱਤਾਂ ਨੇ ਸਮੁਦਾਇ ਆਧਾਰਿਤ ਦ੍ਰਿਸ਼ਟੀਕੋਣ ਨੂੰ ਖਾਰਿਜ ਕਰ ਦਿੱਤਾ, ਅਤੇ ਖੇਤਰ ਦੇ ਵਾਤਾਵਰਣੀ ਅਤੇ ਸਮਾਜਿਕ-ਆਰਥਿਕ ਢਾਂਚੇ ਨੂੰ ਪ੍ਰਭਾਵਿਤ ਕੀਤਾ।

ਸਥਾਨਕ ਸਮੁਦਾਇ ਦੀਆਂ ਭਾਵਨਾਵਾਂ ਅਤੇ ਚਿੰਤਾਵਾਂ ਨੂੰ ਤੁੱਛ ਸਨਮਾਨ ਦੇ ਕੇ ਇਹ ਅਮੀਰ ਅਤੇ ਵਿਭਿੰਨਤਾ ਭਰਪੂਰ ਈਕੋ ਸਿਸਟਮ ਸਰਸਰੀ ਤੌਰ ਤੇ ਪੌਣ ਚੱਕੀਆਂ ਦੇ ਨਿਰਮਾਣ ਦੇ ਲਈ ਸੌਪ ਦਿੱਤਾ ਗਿਆ।ਪਹਾੜੀਆਂ ਦੇ ਸਿਖਰ ਨੂੰ ਚਪਟਾ ਕਰਕੇ, ਇਹਨਾਂ ਵਿਸ਼ਾਲ ਟਾਵਰਾਂ ਨੂੰ ਸਥਾਪਿਤ ਕਰਨ ਲਈ ਨੀਂਹ ਦੇ ਨਿਰਮਾਣ ਦੀ ਪ੍ਰਕ੍ਰਿਆ ਦੌਰਾਨ ਇੱਕ ਪਾਣੀ ਦੀ ਕਮੀ ਵਾਲੇ ਖਿੱਤੇ ਵਿੱਚ ਨੀਂਹ ਦੇ ਕੰਮ ਦੇ ਲਈ ਕੀਮਤੀ ਪਾਣੀ ਬਹੁਤਾਤ ਵਿੱਚ ਵਰਤਿਆ ਗਿਆ।

ਕੰਪਨੀ ਦੁਆਰਾ ਪੌਣ ਚੱਕੀਆਂ ਦੇ ਹਿੱਸਿਆਂ ਦੀ ਢੁਆਈ ਲਈ ਸਿਰਫ ਇੱਕ ਵਾਰ ਹੀ ਵਰਤੇ ਜਾਣ ਵਾਸਤੇ ਵੱਡੇ ਪੈਮਾਨੇ ਤੇ ਸੜਕਾਂ ਬਣਾਈਆਂ ਗਈਆਂ ਜਿੰਨਾਂ ਨੇ ਇਲਾਕੇ ਨੂੰ ਤਬਾਹ ਕੀਤਾ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਸੜਕਾਂ ਦੇ ਨਿਰਮਾਣ ਅਤੇ ਪਹਾੜੀਆਂ ਦੀ ਕਟਾਈ ਦੌਰਾਨ ਖੇਤਰ ਨੂੰ ਸਾਫ਼ ਕਰਨ ਲਈ ਵੱਡੀ ਗਿਣਤੀ ਵਿੱਚ ਦਰੱਖਤਾਂ ਨੂੰ ਕੱਟਿਆ ਗਿਆ।

ਪਹਾੜੀਆਂ ਉੱਪਰ ਭਾਰੀ ਟ੍ਰੈਫਿਕ ਨੇ ਪਿੰਡ ਵਾਲਿਆਂ ਲਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ।ਪਹਾੜੀਆਂ ਉੱਪਰ ਬਣਾਈਆਂ ਇੱਕ ਦੂਜੇ ਨੂੰ ਕੱਟਦੀਆਂ ਸੜਕਾਂ ਪਹਾੜੀਆਂ ਦੀ ਢਲਾਨ ਨੂੰ ਵਿਭਾਜਿਤ ਕਰਦੀਆਂ ਹਨ ਅਤੇ ਭੇਡਾਂ ਅਤੇ ਪਸ਼ੂਆਂ ਲਈ ਵਣ ਭੂਮੀ ਉੱਪਰ ਚਰਨ ਵਿੱਚ ਮੁਸ਼ਕਿਲਾਂ ਖੜ੍ਹੀਆਂ ਕਰਦੀਆਂ ਹਨ।ਸੜਕ ਦੇ ਨਾਲ ਬਣਾਈ ਗਈ ਬਾਊਂਡਰੀ 7 ਮੀਟਰ ਉੱਚੀ ਹੋਣ ਕਰਕੇ ਭੇਡਾਂ ਲਈ ਉਸ ਉੱਪਰ ਚੜ੍ਹਨਾ ਅਤੇ ਚਰਨ ਲਈ ਜਾਣਾ ਮੁਸ਼ਕਿਲ ਹੈ, ਕਿਉਂਕਿ ਉਹਨਾਂ ਨੂੰ ਚਰਨ ਲਈ ਸਿੱਧੇ ਪਹਾੜੀ ਦੇ ਸਿਖਰ ਵੱਲ ਜਾਣ ਦੀ ਆਦਤ ਹੈ। ਨੇੜਲੇ ਪਿੰਡਾਂ ਤੋਂ ਚਰਾਗਾਹ ਵਿੱਚ ਆਉਣ ਵਾਲੀਆਂ ਭੇਡਾਂ ਨੂੰ ਪਹਾੜੀਆਂ ਉੱਪਰ ਸੜਕਾਂ ਬਣਨ ਅਤੇ ਕਲਪਾਵੱਲੀ ਚਰਾਗਾਹਾਂ ਦੇ ਨਸ਼ਟ ਹੋ ਜਾਣ ਕਰਕੇ ਹੁਣ ਚਰਨ ਲਈ ਮੀਲਾਂ ਦੂਰ ਜਾਣਾ ਪੈਂਦਾ ਹੈ।ਪਹਾੜੀਆਂ ਉੱਪਰ ਨਿਰਮਾਣ ਹੋਣ ਕਰਕੇ ਘਾਹ ਨਸ਼ਟ ਹੋ ਗਏ ਹਨ ਅਤੇ ਸੁੱਕ ਗਏ ਹਨ।ਚਰਾਗਾਹਾਂ ਦੇ ਘਾਹ ਉੱਪਰ ਧੂੜ ਜੰਮਣ ਕਰਕੇ ਭੇਡਾਂ ਅਤੇ ਪਸ਼ੂਆਂ ਨੂੰ ਚਰਨ ਵਿੱਚ ਸਮੱਸਿਆ ਆ ਰਹੀ ਹੈ।

ਖੇਤਾਂ ਉੱਪਰ ਧੂੜ ਅਤੇ ਸ਼ੋਰ ਪ੍ਰਦੂਸ਼ਨ ਕਰਕੇ ਪਿੰਡ ਵਾਸੀਆਂ ਨੂੰ ਅਤੇ ਕਿਸਾਨਾਂ ਨੂੰ ਬੜੀ ਅਸੁਵਿਧਾ ਹੁੰਦੀ ਹੈ।ਇਹ ਦਾਅਵਾ ਕੀਤਾ ਗਿਆ ਕਿ ਗੋਪਾਲਾਸਵਾਮੀਗੁੜੀ ਦੀਆਂ ਕਈ ਗਊਆਂ ਚਰਨ ਦੌਰਾਨ ਪਲਾਸਟਿਕ ਖਾਣ ਤੋਂ ਬਾਅਦ ਮਰ ਗਈਆਂ ਜੋ ਕਿ ਪੌਣ ਚੱਕੀਆਂ ਦੇ ਨਿਰਮਾਣ ਸਮੇਂ ਜੰਗਲ ਦੇ ਖੇਤਰ ਵਿੱਚ ਲਿਆਂਦਾ ਗਿਆ ਸੀ। ਕਈ ਗਊਆਂ ਵਾਹਨਾਂ ਦੁਆਰਾ ਟੱਕਰ ਲੱਗਣ ਕਰਕੇ ਮਾਰੀਆਂ ਗਈਆਂ। ਗਊਆਂ ਦੀ ਮੌਤ ਕਰਕੇ ਸਥਾਨਕ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਬੜੀ ਠੇਸ ਲੱਗੀ ਕਿਉਂਕਿ ਉਹਨਾਂ ਲਈ ਗਊ ਬੜੀ ਪਵਿੱਤਰ ਹੈ। ਮੰਦਰ ਦੇ ਨੇੜੇ ਨਦੀ ਦੀ ਧਾਰਾ ਸੁੱਕ ਚੁੱਕੀ ਹੈ ਅਤੇ ਪ੍ਰਦੂਸ਼ਿਤ ਹੋ ਚੁੱਕੀ ਹੈ ਅਤੇ ਇਹ ਪਾਣੀ ਪਸ਼ੂਆਂ ਦੇ ਪੀਣ ਲਈ ਸਹੀ ਨਹੀਂ ਰਿਹਾ।

ਪੌਣ ਚੱਕੀਆਂ ਦੇ ਨਿਰਮਾਣ ਤੋਂ ਬਾਅਦ ਕਲਪਾਵੱਲੀ ਦੀਆਂ ਧਾਰਾਵਾਂ ਸੁੱਕ ਰਹੀਆਂ ਹਨ। ਲੋਕਾਂ ਦੁਆਰਾ ਇਹ ਦਾਅਵਾ ਕੀਤਾ ਗਿਆ ਹੈ ਕਿ ਬਿਜਲੀ ਦੇ ਖੰਭੇ ਅਤੇ ਅਰਥਿੰਗ ਦੁਆਰਾ ਧਰਤੀ ਅੰਦਰ ਪੈਦਾ ਕੀਤੀ ਜਾਣ ਵਾਲੀ ਗਰਮੀ ਕਰਕੇ ਜ਼ਮੀਨ ਹੇਠਲਾ ਪਾਣੀ ਪ੍ਰਭਾਵਿਤ ਹੋ ਰਿਹਾ ਹੈ।ਘਾਟੀ ਵਿੱਚ ਧਾਰਾਵਾਂ ਮਿੱਟੀ ਦੇ ਕਟਾਅ ਕਰਕੇ ਬੰਦ ਹੋ ਰਹੀਆਂ ਹਨ। ਇਹ ਸਭ ਸਿੱਧੇ ਤੌਰ ਤੇ ਖਜੂਰਾਂ ਦੇ ਰੁੱਖਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਰੁੱਖ ਸੁੱਕ ਗਏ ਹਨ। ਸੁੱਕੇ ਰੁੱਖ ਫਲ ਪੈਦਾ ਨਹੀਂ ਕਰ ਰਹੇ ਜੋ ਕਿ ਉਹਨਾਂ ਪਿੰਡ ਵਾਲਿਆਂ ਉੱਪਰ ਸਿੱਧਾ ਅਸਰ ਪਾਉਂਦਾ ਹੈ ਜੋ ਕਿ ਆਪਣੀ ਕਮਾਈ ਲਈ ਇਹਨਾਂ ਰੁੱਖਾਂ ਉੱਪਰ ਨਿਰਭਰ ਹਨ।ਘਾਟੀ ਵਿੱਚ ਲਗਭਗ ਸਭ ਧਾਰਾਵਾਂ ਦੇ ਸੁੱਕ ਜਾਣ ਕਰਕੇ ਜੰਗਲ ਦੀ ਪਰਿਸਥਿਤਕੀ ਵਿੱਚ ਗਿਰਾਵਟ ਆਈ ਹੈ।

ਇੱਕ ਪਰੇਸ਼ਾਨ ਘਾਟੀ


ਕਲਪਾਵੱਲੀ ਵਿੱਚ ਪੌਣ ਚੱਕੀਆ ਦੀ ਨਿਰਮਾਣ ਪ੍ਰਕ੍ਰਿਆ ਨੇ ਇੱਕ ਪਾਸੇ ਈਕੋ ਸਿਸਟਮ ਦੀ ਅਤੇ ਦੂਸਰੇ ਪਾਸੇ ਲੋਕਾਂ ਦੀ ਰੋਜ਼ੀ-ਰੋਟੀ ਦੀ ਤਬਾਹੀ ਦੀ ਘੰਟੀ ਵਜਾ ਦਿੱਤੀ।ਪਹਾੜੀਆਂ ਹੁਣ ਵਿਸ਼ਾਲ ਪੌਣ ਚੱਕੀਆਂ ਨਾਲ ਸਜੀਆਂ ਹਨ ਜੋ ਕਿ ਬਿਜਲੀ ਉਤਪਾਦਨ ਲਈ ਬਣਾਈਆਂ ਗਈਆਂ ਹਨ। ਸਾਫ਼ ਪੌਣ ਚੱਕੀਆਂ ਟਿੰਬਕਟੂ ਕੋਲੈਕਟਿਵ ਦੇ ਦੋ ਦਸ਼ਕਾਂ ਦੀ ਮਿਹਨਤ ਸਦਕਾ ਪੁਨਰਜੀਵਿਤ ਕੀਤੇ ਗਏ ਜੰਗਲ ਦੀ ਜਗ੍ਹਾ ਹੁਣ ਕੰਕਰੀਟ ਦੇ ਜੰਗਲ ਪੈਦਾ ਕਰ ਰਹੀਆਂ ਹਨ।

ਈਕੋਲੌਜੀਕਲ ਅਤੇ ਜੰਗਲ ਦੀ ਜ਼ਮੀਨ ਉੱਪਰ ਪੌਣ ਚੱਕੀਆਂ ਦੇ ਨਿਰਮਾਣ ਨੇ ਘਾਟੀ ਦੇ ਵਾਤਾਵਰਣ ਵਿੱਚ ਬਦਲਾਅ ਲਿਆਂਦੇ ਜਿਸ ਕਰਕੇ ਜੰਗਲ ਅਧੀਨ ਜ਼ਮੀਨ ਦਾ ਵਿਨਾਸ਼ ਹੋਇਆ ਅਤੇ ਉਸ ਵਿੱਚ ਗਿਰਾਵਟ ਆਈ, ਧਾਰਾਵਾਂ, ਚਰਾਗਾਹਾਂ, ਰੋਜ਼ੀ-ਰੋਟੀ ਅਤੇ ਜੰਗਲ ਦਾ ਅਤੇ ਨੇੜੇ ਦੇ ਪਿੰਡਾਂ ਦਾ ਪਾਣੀ ਸਿਸਟਮ ਸਭ ਪ੍ਰਭਾਵਿਤ ਹੋਏ। ਨਾ ਸਿਰਫ ਸਥਾਨਕ ਆਬਾਦੀ ਦੀ ਰੋਜ਼ੀ-ਰੋਟੀ ਬਲਕਿ ਉਹਨਾਂ ਪ੍ਰਵਾਸੀ ਚਰਵਾਹਿਆਂ, ਜੋ ਕਿ ਸਾਲ ਦੇ ਕੁੱਝ ਹਿੱਸੇ ਵਿੱਚ ਇਸ ਪੁਨਰਜੀਵਿਤ ਕੀਤੇ ਈਕੋਸਿਸਟਮ ਉੱਪਰ ਨਿਰਭਰ ਸਨ, ਦੀ ਆਜੀਵਿਕਾ ਵੀ ਪ੍ਰਭਾਵਿਤ ਹੋਈ।

ਇੱਕ ਸ਼ਾਂਤ ਘਾਟੀ ਅੱਜ ਪੌਣ ਚੱਕੀਆਂ ਦੇ ਘੁੰਮਦੇ ਬਲੇਡਾਂ ਦੀ ਨੀਰਸ ਆਵਾਜ਼ ਕਰਕੇ ਪਰੇਸ਼ਾਨ ਹੈ। ਪੌਣ ਚੱਕੀਆਂ ਦੇ ਅਚਾਨਕ ਸ਼ੁਰੂ ਹੋਣ ਅਤੇ ਬੰਦ ਹੋਣ ਤੇ ਆਉਣ ਵਾਲੀ ਖੁਰਦੁਰੀ ਆਵਾਜ਼ ਇੱਕ ਕਠੋਰ ਯਾਦ ਦਿਵਾਉਂਦੀ ਹੈ ਕਿ ਜੋ ਖੁਸ਼ਹਾਲੀ ਅਸੀਂ ਆਪਣੇ ਆਸ ਪਾਸ ਦੇਖਦੇ ਹਾਂ ਉਹ ਉਸ ਸਥਾਨਕ ਆਬਾਦੀ ਦੇ ਖੂਨ ਅਤੇ ਪਸੀਨੇ ਨੂੰ ਕੁਚਲਣ ਦੀ ਕੀਮਤ ਤੇ ਮਿਲੀ ਹੈ ਜਿਸਦੀ ਪਹੁੰਚ ਪੈਦਾ ਕੀਤੀ ਜਾਣ ਵਾਲੀ ਬਿਜਲੀ ਦੇ ਮੈਗਾਵਾਟ ਤੱਕ ਨਹੀ ਹੈ।

ਟਿੰਬਕਟੂ ਕੋਲੈਕਟਿਵ: 1990 ਦੇ ਮੱਧ ਵਿੱਚ ਅਨੰਤਪੁਰ ਜਿਲ੍ਹੇ ਦੇ ਸੋਕਾ ਪ੍ਰਭਾਵਿਤ ਖੇਤਰ ਵਿੱਚ ਸੀ ਕੇ ਗਾਂਗੁਲੀ (ਬਬਲੂ) ਅਤੇ ਉਹਨਾਂ ਦੀ ਟੀਮ ਨੇ ਇੱਕ ਸੰਸਥਾ ਦਾ ਨਿਰਮਾਣ ਕੀਤਾ ਅਤੇ ਅਜਿਹੇ ਖੇਤਰ ਵਿੱਚ, ਜਿੱਥੇ ਖੁਸ਼ਕ ਮੌਸਮ ਜਿੰਦਗੀ ਨੂੰ ਜਿਉਣ ਲਈ ਮੁਸ਼ਕਿਲ ਕਰ ਦਿੰਦਾ ਹੈ, ਵਾਤਾਵਰਣੀ ਮੁੱਦਿਆਂ ਉੱਪਰ ਕੰਮ ਕਰਨ ਦੀ ਪਹਿਲ ਕੀਤੀ।ਉਹਨਾਂ ਨੇ 40 ਏਕੜ ਬੰਜਰ ਜ਼ਮੀਨ ਖਰੀਦੀ ਅਤੇ ਇਸ ਜ਼ਮੀਨ ਨੂੰ ਹਰੀ-ਭਰੀ ਭੂਮੀ ਵਿੱਚ ਬਦਲਣ ਲਈ ਯੋਜਨਾ ਬਣਾਈ।ਉਹਨਾਂ ਨੇ ਰੂੱਖ ਲਗਾਏ ਅਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਉਹ ਇਸ ਜ਼ਮੀਨ ਨੂੰ ਬਹਾਲ ਕਰਨ ਵਿੱਚ ਕਾਮਯਾਬ ਹੋ ਗਏ।ਉਹਨਾਂ ਨੇ ਇਸ ਨੂੰ “ਟਿੰਬਕਟੂ' ਨਾਮ ਦਿੱਤਾ ਜਿਸ ਦਾ ਅਰਥ ਹੈ ਧਰਤੀ ਉਪਰ ਆਖਰੀ ਸ਼ਿਤਿਜ (ਉਹ ਲਾਈਨ ਜਿੱਥੇ ਧਰਤੀ ਅਤੇ ਆਕਾਸ਼ ਮਿਲਦੇ ਨਜਰ ਆਉਂਦੇ ਹਨ)।

ਟਿੰਬਕਟੂ ਨੇ ਅਨੰਤਪੁਰ ਜਿਲ੍ਹੇ ਦੇ ਚੇੱਨਾਕੋਥਾਪੱਲੀ, ਰੋਡਮ ਅਤੇ ਰਾਮਾਗਿਰੀ ਮੰਡਲ ਦੇ 100 ਪਿੰਡਾਂ ਦੇ 30000 ਤੋਂ ਜ਼ਿਆਦਾ ਲੋਕਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ।ਮੁੱਖ ਫੋਕਸ ਛੋਟੇ ਅਤੇ ਸੀਮਾਂਤ ਕਿਸਾਨਾਂ, ਦਲਿਤਾਂ ਅਤੇ ਬੇਜ਼ਮੀਨੇ ਪਰਿਵਾਰਾਂ ਉੱਪਰ ਕੀਤਾ ਗਿਆ ਜਿੰਨ੍ਹਾਂ ਨੂੰ ਆਪਣੇ ਕੰਮ ਦੁਆਰਾ ਆਪਣੇ ਹੱਲ ਲੱਭਣ ਦੇ ਸਮਰੱਥ ਬਣਾਇਆ ਗਿਆ।ਜ਼ਮੀਨ ਅਤੇ ਜੰਗਲ ਨੂੰ ਸੁਰੱਖਿਅਤ ਕਰਨ ਲਈ, ਬੰਜਰ ਜ਼ਮੀਨ ਨੂੰ ਮੁੜ ਹਰੀ ਭਰੀ ਕਰਨ ਲਈ ਕਈ ਕਮੇਟੀਆਂ ਬਣਾਈਆਂ ਗਈਆਂ। ਉਹਨਾਂ ਨੇ ਜੈਵਿਕ ਖੇਤੀ ਅਤੇ ਰੁੱਖਾਂ ਦੀ ਖੇਤੀ ਨੂੰ ਪ੍ਰੋਤਸ਼ਾਹਿਤ ਕੀਤਾ ਅਤੇ ਸਮੁਦਾਇਆਂ ਦੀ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਵਿੱਚ ਮੱਦਦ ਕੀਤੀ।

ਫਾਰੂਖ ਰਿਆਜ਼, ਅਨੀਤਾ ਸੂਦ, ਸਰੋਜ ਭਿਆਣਾ ਅਤੇ ਅਲਪਨਾ ਸ਼ਰਮਾ

ਵਾਤਾਵਰਣ ਜਾਗ੍ਰਿਤੀ ਅਭਿਆਨ ਕਮੇਟੀ

ਸੁਸਾਇਟੀ ਫਾਰ ਪ੍ਰੋਮੋਸ਼ਨ ਐਂਡ ਵੇਸਟਲੈਂਡਸ ਡੇਵਲਪਮੈਂਟ