ਪਿਛਲੇ ਸਾਲਾਂ ਵਿੱਚ ਵਿਕਸਿਤ ਦੇਸ਼ਾਂ ਵੱਲੋਂ ਇਸ ਸੰਬੰਧੀ ਸੁਚੇਤ ਹੁੰਦਿਆਂ ਹੋਇਆਂ ਹੋਰ ਦੇਸ਼ਾਂ ਤੋਂ ਖੇਤੀ ਵਸਤੂਆਂ ਦੀ ਆਯਾਤ ਇਸ ਕਰਕੇ ਰੋਕ ਦਿੱਤੀ ਜਾਂਦੀ ਰਹੀ ਹੈ ਕਿ ਉਹਨਾਂ ਵਸਤੂਆਂ ਵਿਚ ਰਸਾਇਣਕ ਪਦਾਰਥਾਂ ਦੇ ਤੱਤ ਰਹਿ ਗਾਏ ਸਨ। ਜਿੰਨਾਂ ਦੇਸ਼ਾਂ ਵਿੱਚ ਵੱਡੀ ਪਧਰ ਤੇ ਰਸਾਇਣਕ ਪਦਾਰਥ ਵਰਤੇ ਜਾ ਰਹੇ ਹਨ ਉਥੇ ਉਹਨਾਂ ਦਾ ਵਾਤਾਵਰਨ ਤੇ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੋਵੇਗਾ। ਇਸ ਸੰਬੰਧੀ ਚੇਤਨਾ ਪੈਦਾ ਕਰਨ ਦੀ ਲੋੜ ਹੈ ਅਤੇ ਉਹਨਾਂ ਢੰਗਾਂ ਅਤੇ ਵਿਧੀਆਂ ਨੂੰ ਅਪਣਾਉਣਾ ਚਾਹੀਦਾ ਹੈ ਜਿੰਨਾਂ ਨਾਲ ਉਪਜ ਵੀ ਨਾ ਘਟੇ ਅਤੇ ਵਾਤਾਵਰਨ ਵੀ ਸ਼ੁਧ ਬਣਿਆ ਰਹੇ। ਵੀਹਵੀਂ ਸਦੀ ਦੇ ਅਧ ਤੋਂ ਪਹਿਲਾਂ, ਖੇਤੀ ਉਪਜ ਵਧਾਉਣ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ। ਉਤਪਾਦਨ ਵਿੱਚ ਵੱਡਾ ਵਾਧਾ ਹੋਇਆ ਪਰ ਨਾਲ ਹੀ ਵਾਤਾਵਰਨ ਦਾ ਜਿਹੜਾ ਨੁਕਸਾਨ ਹੋਇਆ ਉਸ ਦੇ ਪ੍ਰਭਾਵ ਨੂੰ ਵੀਹਵੀਂ ਸਦੀ ਦੇ ਅਖੀਰ ਵਿੱਚ ਮਹਿਸੂਸ ਕੀਤਾ ਗਆਿ। ਵਿਕਸਿਤ ਦੇਸ਼ਾਂ ਵਿੱਚ ਇਹਨਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਬਹੁਤ ਵੱਡੀ ਮਾਤਰਾ ਵਿੱਚ ਕੀਤੀ ਜਾਂਦੀ ਸੀ। ਪਛੜੇ ਦੇਸ਼ਾਂ ਵਿੱਚ ਅਤੇ ਭਾਰਤ ਵਿੱਚ 1960 ਤੱਕ ਇਸ ਦੀ ਸੀਮਤਿ ਜਿਹੀ ਵਰਤੋਂ ਕੀਤੀ ਜਾਂਦੀ ਸੀ। ਭਾਰਤ ਦੀ ਵੱਸੋਂ ਦੇ ਹਿਸਾਬ, ਭਾਰਤ ਦੀ ਖੇਤੀ ਤੋਂ ਖੁਰਾਕ ਵਸਤੂਆਂ ਦਾ ਉਤਪਾਦਨ ਵੀ ਪੂਰਾ ਨਹੀਂ ਸੀ ਹੁੰਦਾ। ਇਸ ਲਈ ਖੇਤੀ ਵਿਭਾਗ ਅਤੇ ਵਿਗਿਆਿਨੀਆਂ ਵੱਲੋਂ ਰਸਾਇਣਕ ਪਦਾਰਥਾਂ ਦੀ ਵਰਤੋਂ ਲਈ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਪ੍ਰੇਰਆਿ ਜਾਂਦਾ ਸੀ। ਇਥੋਂ ਤੱਕ ਕਿ ਅਜੇ ਵੀ ਇਹਨਾਂ ਖਾਦਾਂ, ਨਦੀਨ ਨਾਸ਼ਕਾਂ ਅਤੇ ਕੀੜੇਮਾਰ ਜ਼ਹਿਰਾਂ ਲਈ ਸਰਕਾਰ ਵੱਲੋਂ ਸਬਸਡੀ ਦੀ ਵਿਵਿਸਥਾ ਜਾਰੀ ਹੈ। ਭਾਵੇਂ ਕਿ ਹਰੇ ਇਨਕਲਾਬ ਦੇ ਸਮੇਂ ਇਹਨਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਨਾਲ ਉਪਜ ਵਿੱਚ ਤਾਂ ਵੱਡਾ ਵਾਧਾ ਹੋ ਗਆਿ ਪਰ ਇਹਨਾਂ ਨਾਲ ਵਾਤਾਵਰਨ ਤੇ ਬਹੁਤ ਬੁਰਾ ਅਸਰ ਪਆਿ। ਮੁਖ ਵਜ੍ਹਾ ਇਹਨਾਂ ਪਦਾਰਥਾਂ ਵਿੱਚ ਜ਼ਹਰੀਲਾ ਮਾਦਾ ਸ਼ਾਮਲਿ ਹੈ ਅਤੇ ਜਦੋਂ ਇਹਨਾਂ ਦਾ ਛਿੜਕਾ ਕੀਤਾ ਜਾਂਦਾ ਹੈ ਤਾਂ ਇਸਦਾ ਪ੍ਰਭਾਵ ਨਾ ਸਿਰਫ ਉਸ ਖੇਤ ਤੇ ਹੀ ਪੈਂਦਾ ਹੈ ਸਗੋਂ ਨਾਲ ਦੇ ਖੇਤਾਂ ਵਿੱਚ ਦੂਰ-ਦੂਰ ਤੱਕ ਚਲਾ ਜਾਂਦਾ ਹੈ।
ਇਹਨਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਾਫ਼ੀ ਮਾਤਰਾ ਵਿੱਚ ਸਿੰਜਾਈ ਮਿਲਦੀ ਹੋਵੇ। ਇਸ ਲਈ ਉਹਨਾਂ ਪ੍ਰਦੇਸ਼ਾਂ ਅਤੇ ਖੇਤਰਾਂ ਵਿੱਚ ਇਹਨਾਂ ਨੂੰ ਜ਼ਿਆਦਾ ਵਰਤਿਆ ਗਿਆ ਜਿਥੇ ਪਾਣੀ ਦੀ ਜਿਆਦਾ ਪੂਰਤੀ ਸੀ.ਇਸ ਨਾਲ ਧਰਤੀ ਹੇਠਲੇ ਪਾਣੀ ਨੂੰ ਸਿੰਜਾਈ ਸਾਧਨ ਵਜੋਂ ਵਰਤਿਆ ਗਿਆ ਜਿਸ ਨਾਲ ਦੋਹਰਾ ਨੁਕਸਾਨ ਹੋਇਆ। ਇੱਕ ਤਾਂ ਪਾਣੀ ਦਾ ਪਧਰ ਬਹੁਤ ਨੀਵਾਂ ਚਲਿਆ ਜਾਣ ਕਰਕੇ ਟਿਊਬਵੈਲ ਦਾ ਪਾਣੀ ਮਹਿੰਗਾ ਹੋ ਗਿਆ ਅਤੇ ਦੂਸਰਾ ਬਹੁਤ ਥੱਲੇ ਦੇ ਪਾਣੀ ਪੀਣ ਯੋਗ ਨਾ ਹੋਣ ਕਰਕੇ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਗਾਈਆਂ। ਇਸ ਪ੍ਰਕਾਰ ਰਸਾਇਣਕ ਪਦਾਰਥਾਂ ਨੇ ਪਾਣੀ, ਧਰਤੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਦਿੱਤਾ।
ਰਸਾਇਣਕ ਪਦਾਰਥਾਂ ਦੇ ਪ੍ਰਭਾਵ ਨਾਲ ਫੈਲਣ ਵਾਲੇ ਪ੍ਰਦੂਸ਼ਿਤ ਵਾਤਾਵਰਨ ਬਾਰੇ ਚੇਤਨਾ ਵੀ ਪਹਿਲਾਂ ਵਿਕਸਿਤ ਦੇਸ਼ਾਂ ਵਿੱਚ ਆਈ ਅਤੇ 2000 ਤੋਂ ਬਾਅਦ ਇਸ ਸਬੰਧੀ ਲਗਾਤਾਰ ਇੱਕ ਲਹਿਰ ਦੇ ਰੂਪ ਵਿੱਚ ਰਸਾਇਣਕ ਪਦਾਰਥਾਂ ਦੀ ਵਰਤੋਂ ਦੇ ਖਿਲਾਫ਼ ਇੱਕ ਮੁਹਿੰਮ ਸ਼ੁਰੂ ਹੋ ਗਈ। ਇਹਨਾਂ ਦੀ ਵਰਤੋਂ ਦੇ ਖਿਲਾਫ਼ ਇੱਕ ਹੋਰ ਵੱਡਾ ਕਰਨ ਇਹ ਵੀ ਸੀ ਕਿ ਭਾਵੇਂ ਹਰ ਸਾਲ ਰਸਾਇਣਕ ਪਦਾਰਥਾਂ ਦੀ ਵਰਤੋਂ ਵਧ ਰਹੀ ਸੀ ਪਰ ਘਟਦੇ ਹੋਏ ਪ੍ਰਤੀਫਲ ਦੇ ਨਿਯਮ ਕਰਕੇ ਉਹ ਅਨੁਪਾਤਕ ਉਤਪਾਦਨ ਘਟਦਾ ਜਾ ਰਿਹਾ ਸੀ ਜੇ ਇਸ ਸਾਲ ਤਿੰਨ ਅਤੇ ਉਸ ਤੋਂ ਅਗਲੇ ਸਾਲ 4 ਫਿਰ 5। ਇਸ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਤੇ ਇਹ ਸਥਿਤੀ ਬਣ ਗਈ ਹੈ ਕਿ ਵਧ ਤੋਂ ਵਧ ਖਾਦਾਂ ਪਾਉਣ ਦੇ ਬਾਵਜੂਦ ਵੀ ਉਤਪਾਦਨ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਅਤੇ ਉਤਪਾਦਨ ਘਟਦਾ ਵੇਖਿਆ ਗਿਆ। ਇਸ ਪ੍ਰਕਾਰ ਬਹੁਤ ਸਾਰੇ ਲੋਕਾਂ ਵੱਲੋਂ ਇਸ ਗੱਲ ਵੱਲ ਧਿਆਨ ਦਿੱਤਾ ਗਿਆ ਕਿ ਵਾਤਾਵਰਨ ਦੇ ਇੰਨੇ ਵੱਡੇ ਨੁਕਸਾਨ ਦੇ ਬਾਵਜੂਦ ਜੇ ਉਤਪਾਦਨ ਨਹੀਂ ਵਧ ਰਿਹਾ ਤਾਂ ਇਹਨਾਂ ਦੀ ਵਰਤੋਂ ਇੱਕ ਦਮ ਬੰਦ ਕਰਕੇ, ਖੇਤੀ ਵਿੱਚ ਕੁਦਰਤੀ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਕੁਦਰਤੀ ਵਾਤਾਵਰਨ ਬਣਿਆ ਰਹੇ ਜੋ ਮਨੁਖਤਾ ਦੇ ਅਨੁਕੂਲ ਹੈ।
ਰਸਾਇਣਕ ਖੇਤੀ ਨੂੰ ਅਪਣਾਉਣ ਦਾ ਇੱਕ ਹੋਰ ਨੁਕਸਾਨ ਹੋਇਆ ਕਿ ਬਹੁਤ ਸਾਰੇ ਪੰਛੀ, ਛੋਟੇ ਜਾਨਵਰ ਅਤੇ ਕੀੜੇ-ਮਕੌੜੇ ਵੀ ਖਤਮ ਹੋ ਗਏ। ਨਦੀਨ-ਨਾਸ਼ਕਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਜਿਥੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਮਰਦੇ ਸਨ ਉਥੇ ਉਹ ਜੀਵ ਵੀ ਮਰ ਜਾਂਦੇ ਸਨ ਜਿਹੜੇ ਫਸਲਾਂ ਦੀ ਵਧ ਉਪਜ ਲੈਣ ਲਈ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਮਦਦ ਕਰਦੇ ਸਨ। ਇਸ ਕਿਰਿਆ ਵਿੱਚ ਇਹ ਗੱਲ ਸਾਹਮਣੇ ਆਈ ਕਿ ਜੇ 100 ਵਿਚੋਂ 15 ਉਹ ਜੀਵ ਮਰਦੇ ਹਨ ਜਿਹੜੇ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ ਤਾਂ 85 ਉਹ ਮਾਰ ਜਾਂਦੇ ਹਨ ਜਿਹੜੇ ਫਸਲਾਂ ਲਈ ਮਦਦ ਕਰ ਸਕਦੇ ਹਨ। ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਮਰਨ ਦੀ ਗਿਣਤੀ ਫਸਲਾਂ ਨੂੰ ਲਾਭ ਪਹੁੰਚਾਉਣ ਵਾਲੇ ਕੀੜਿਆਂ ਦੀ ਗਿਣਤੀ ਤੋਂ ਕੀਤੇ ਘੱਟ ਸੀ। ਗੰਡੋਆ ਛੋਟਾ ਜਿਹਾ ਜੀਵ ਹੈ ਜਿਸ ਨੂੰ ਧਰਤੀ ਦਾ ਵਾਹਕ ਕਿਹਾ ਜਾਂਦਾ ਹੈ ਅਤੇ ਉਸ ਨਾਲ ਪੈਦਾ ਹੋਣ ਵਾਲੀ ਖਾਦ ਫਸਲਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ ਪਰ ਜਦੋਂ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਗੰਡੋਏ ਮਰ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਕਿਰਿਆ ਖਤਮ ਹੋ ਜਾਂਦੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਗੋਹੇ ਦੇ ਵਿੱਚ ਬਹੁਤ ਸਾਰੇ ਛੋਟੇ ਜੀਵ ਪੈਦਾ ਹੋ ਜਾਂਦੇ ਹਨ ਜੋ ਕੁਦਰਤੀ ਤੌਰ ਤੇ ਫਸਲਾਂ ਦੀ ਸ਼ਕਤੀ ਵਧਾਉਣ ਲਈ ਸਹਾਈ ਹੁੰਦੇ ਹਨ ਪਰ ਰਸਾਇਣਕ ਕਿਰਿਆ ਵਿੱਚ ਉਹ ਵੀ ਮਾਰੇ ਜਾਂਦੇ ਹਨ। ਇਸ ਤਰ੍ਹਾਂ ਹੋਰ ਜੀਵਾਂ ਦੇ ਖਤਮ ਹੋਣ ਨਾਲ ਧਰਤੀ ਤੇ ਕੁਦਰਤੀ ਮਾਹੌਲ ਦੀ ਜਗ੍ਹਾ ਬਨਾਵਟੀ ਮਾਹੌਲ ਬਣ ਜਾਂਦਾ ਹੈ ਜੋ ਫਸਲਾਂ ਦੀ ਵਧ ਉਪਜ ਲਈ ਸਹਾਇਕ ਨਹੀਂ ਹੁੰਦਾ। ਅੱਜ-ਕੱਲ੍ਹ ਚਿੜੀਆਂ, ਕਾਂ, ਛੋਟੇ-ਛੋਟੇ ਕਈ ਤਰ੍ਹਾਂ ਦੇ ਪੰਛੀ ਲਗਾਤਾਰ ਨਜ਼ਰ ਨਹੀਂ ਆ ਰਹੇ ਜਿਹੜੇ ਰਸਾਇਣਕ ਪਦਾਰਥਾਂ ਦੇ ਬੁਰੇ ਪ੍ਰਭਾਵ ਕਰਕੇ ਖ਼ਤਮ ਹੋ ਰਹੇ ਹਨ।
ਜੈਵਿਕ ਖੇਤੀ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਦੀ ਮਨਾਹੀ ਹੈ। 2008 ਤੱਕ ਦੁਨੀਆ ਦੇ 37 ਲਖ ਏਕੜ ਖੇਤਰ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਹਰ ਦੇਸ਼ ਵਿੱਚ ਇਸ ਜੈਵਿਕ ਖੇਤਰ ਵਿੱਚ ਹਰ ਸਾਲ ਹੀ ਵਾਧਾ ਦਰਜ ਕੀਤਾ ਜਾ ਰਿਹਾ ਹੈ ਜੋ ਕਿ 2011 ਤੱਕ ਵਧ ਕੇ ਦੁੱਗਣਾ ਹੋ ਗਿਆ ਸੀ। 2004 ਤੱਕ ਇੰਗਲੈਂਡ ਦਾ 4.2 ਪ੍ਰਤਿਸ਼ਤ, ਜਰਮਨੀ ਦਾ 4.10 ਪ੍ਰਤਿਸ਼ਤ, ਅਮਰੀਕਾ ਦਾ 0.23 ਪ੍ਰਤਿਸ਼ਤ, ਆਸਟ੍ਰੇਲੀਆ ਦਾ 2.20 ਪ੍ਰਤਿਸ਼ਤ, ਜਪਾਨ ਦਾ 0.10 ਪ੍ਰਤਿਸ਼ਤ ਅਤੇ ਸਵਿਟਜ਼ਰਲੈਂਡ ਦਾ 7.94 ਪ੍ਰਤਿਸ਼ਤ ਖੇਤਰ ਜੈਵਿਕ ਖੇਤੀ ਅਧੀਨ ਆ ਗਿਆ ਸੀ। ਅੱਜ-ਕਲ੍ਹ ਇਹਨਾਂ ਦੇਸ਼ਾਂ ਦਾ 10 ਪ੍ਰਤਿਸ਼ਤ ਖੇਤਰ ਜੈਵਿਕ ਖੇਤੀ ਅਧੀਨ ਆ ਗਿਆ ਹੈ।
ਭਾਰਤ ਵੱਡੀ ਵਸੋਂ ਵਾਲਾ ਦੇਸ਼ ਹੈ ਅਤੇ ਜਿਆਦਾਤਰ ਛੋਟੀਆਂ ਜੋਤਾਂ ਹਨ। ਬਹੁਤੇ ਕਿਸਾਨ ਜਿਨ੍ਹਾਂ ਦੀ ਰੋਜ਼ੀ ਇਹਨਾਂ ਜੋਤਾਂ ਤੇ ਨਿਰਭਰ ਕਰਦੀ ਹੈ ਉਹ ਰਸਾਇਣਕ ਪਦਾਰਥਾਂ ਦੀ ਵਰਤੋਂ ਨੂੰ ਇਸ ਕਰਕੇ ਅਪਣਾਈ ਜਾਂਦੇ ਹਨ ਕਿ ਉਹਨਾਂ ਨੂੰ ਡਰ ਹੈ ਕਿ ਇਹਨਾਂ ਦੀ ਵਰਤੋਂ ਛੱਡਣ ਨਾਲ ਉਪਜ ਬਹੁਤ ਘੱਟ ਜਾਵੇਗੀ ਅਤੇ ਉਹਨਾਂ ਦੇ ਰਹਿਣ-ਸਹਿਣ ਤੇ ਬਹੁਤ ਬੁਰਾ ਅਸਰ ਪਵੇਗਾ। ਇਥੇ ਇਹ ਗੱਲ ਵਰਣਨ ਯੋਗ ਹੈ ਕਿ ਜੇ ਜੈਵਿਕ ਖੇਤੀ ਨੂੰ ਦੱਸੇ ਗਏ ਠੀਕ ਢੰਗ ਨਾਲ ਨਾ ਅਪਣਾਇਆ ਜਾਵੇ ਤਾਂ ਪਹਿਲੇ ਇੱਕ-ਦੋ ਸਾਲ ਉਪਜ ਘਟਦੀ ਹੈ ਅਤੇ ਬਾਅਦ ਵਿੱਚ ਹੌਲੀ-ਹੌਲੀ ਉਪਜ ਦਾ ਪਹਿਲਾ ਪਧਰ ਬਣ ਜਾਂਦਾ ਹੈ। ਜਿਆਦਾਤਰ ਕਿਸਾਨ ਇਹਨਾਂ ਸਾਲਾਂ ਵਿੱਚ ਉਪਜ ਘਟਣ ਦੇ ਡਰ ਕਾਰਨ ਜੈਵਿਕ ਖੇਤੀ ਨੂੰ ਨਹੀਂ ਅਪਣਾਉਂਦੇ।
ਅੱਜ ਭਾਰਤ ਵਿਚ ਜੈਵਿਕ ਖੇਤੀ ਦੇ ਅਧੀਨ ਸਿਰਫ 0.10 ਪ੍ਰਤਿਸ਼ਤ ਖੇਤਰ ਹੀ ਆਇਆ ਹੈ। ਇਸ ਸੰਬੰਧੀ ਹੁਣ ਹਰ ਰਾਜ ਵਿੱਚ ਚੇਤਨਾ ਵਧ ਰਹੀ ਹੈ ਅਤੇ ਰਾਸ਼ਟਰੀ ਪਧਰ ਤੇ ਜੈਵਿਕ ਖੇਤੀ ਸੰਸਥਾ ਸਥਾਪਿਤ ਕੀਤੀ ਗਈ ਹੈ ਜਿਸ ਅਧੀਨ ਰਾਸ਼ਟਰੀ ਜੈਵਿਕ ਖੇਤੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੈਵਿਕ ਖੇਤੀ ਨੂੰ ਵਧ ਤੋਂ ਵਧ ਅਪਣਾਇਆ ਜਾਵੇ ਅਤੇ ਵਧ ਤੋਂ ਵਧ ਜੈਵਿਕ ਖੇਤੀ ਉਪਜ ਪੈਦਾ ਕੀਤੀ ਜਾਵੇ। ਇਸ ਸੰਬੰਧੀ ਸਰਕਾਰ ਤੋ ਇਲਾਵਾ, ਬਹੁਤ ਸਾਰੀਆਂ ਸਵੈ-ਸੇਵੀ ਸੰਸਥਾਵਾਂ ਵੀ ਆਪਣੇ ਤੌਰ ਤੇ ਜੈਵਿਕ ਖੇਤੀ ਵਧਾਉਣ ਦੇ ਯਤਨ ਕਰ ਰਹੀਆਂ ਹਨ।
ਜੈਵਿਕ ਖੇਤੀ ਦੀ ਉਪਜ ਅਤੇ ਆਮਦਨ ਸੰਬੰਧੀ ਬਹੁਤ ਸਾਰੀਆਂ ਖੋਜਾਂ ਹੋਈਆਂ ਹਨ। ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਕਿਸਾਨ ਜੈਵਿਕ ਖੇਤੀ ਅਪਣਾ ਕੇ ਰਸਾਇਣਕ ਖੇਤੀ ਤੋਂ ਵੀ ਜਿਆਦਾ ਪ੍ਰਤਿ ਏਕੜ ਉਪਜ ਲੈ ਰਹੇ ਹਨ। ਉਦਾਹਰਣ ਵਜੋਂ, ਆਲੂਆਂ ਦੀ ਰਸਾਇਣਕ ਖੇਤੀ ਨਾਲ ਵਧ ਤੋਂ ਵਧ 150 ਕੁਇੰਟਲ ਤੱਕ ਉਪਜ ਲਈ ਹੈ। ਜਦ ਕਿ ਜੈਵਿਕ ਖੇਤੀ ਵਿੱਚ ਕੁਝ ਕਿਸਾਨਾਂ ਨੇ 200 ਕੁਇੰਟਲ ਤੱਕ ਉਪਜ ਲਈ ਹੈ। ਇਸ ਤਰ੍ਹਾਂ ਰਸਾਇਣਕ ਖੇਤੀ ਵਿੱਚ ਗੰਨੇ ਦੀ ਵਧ ਤੋਂ ਵਧ 320 ਕੁਇੰਟਲ ਤੱਕ ਉਪਜ ਲਈ ਗਈ ਹੈ ਜਦ ਕਿ ਜੈਵਿਕ ਖੇਤੀ ਵਿੱਚ ਕਈ ਕਿਸਾਨਾਂ ਨੇ 400 ਕੁਇੰਟਲ ਤੱਕ ਵੀ ਉਪਜ ਲਈ ਹੈ। ਇਸ ਤਰ੍ਹਾਂ ਹੋਰ ਫਸਲਾਂ ਵਿਚ ਵੀ ਜੈਵਿਕ ਖੇਤੀ ਦੀ ਉਪਜ ਰਸਾਇਣਕ ਖੇਤੀ ਤੋਂ ਜ਼ਿਆਦਾ ਹੈ। ਭਾਵੇਂ ਕਿ ਔਸਤ ਉਪਜ ਰਸਾਇਣਕ ਖੇਤੀ ਵਿੱਚ ਜ਼ਿਆਦਾ ਦੀਆਂ ਰਿਪੋਰਟਾਂ ਮਿਲੀਆਂ ਹਨ ਪਰ ਇਸ ਦੀ ਵਜ੍ਹਾ ਇਹ ਵੀ ਹੈ ਕਿ ਜੈਵਿਕ ਖੇਤੀ ਕਰਨ ਵਾਲੇ, ਉਹਨਾਂ ਲਈ ਲੋੜੀਂਦੀ ਖਾਦ ਜਾਂ ਹੋਰ ਆਗਤਾਂ ਦੀ ਵਰਤੋਂ ਦੱਸੇ ਹੋਏ ਢੰਗ ਨਾਲ ਜਾਂ ਲੋੜ ਤੋਂ ਘੱਟ ਮਾਤਰਾ ਵਿੱਚ ਕਰਦੇ ਹਨ। ਇਹ ਵੀ ਵਰਨਣਯੋਗ ਹੈ ਕਿ ਕੁਝ ਜੈਵਿਕ ਖੇਤੀ ਵਾਲੇ ਕਿਸਾਨ ਆਗਤਾਂ ਵਾਰੇ ਵੀ ਵਖਰੇ-ਵਖਰੇ ਭੁਲੇਖੇ ਰਖਦੇ ਹਨ। ਜਿਸ ਤਰ੍ਹਾਂ ਮੁਰਗੀਆਂ ਦੀਆਂ ਬਿਠਾਂ ਤੋਂ ਬਣੀ ਖਾਦ ਵਿੱਚ ਬਹੁਤ ਜ਼ਿਆਦਾ ਉਪਜਾਊ ਤੱਤ ਹੁੰਦੇ ਹਨ ਪਰ ਬਹੁਤ ਸਾਰੇ ਕਿਸਾਨ ਇਸ ਨੂੰ ਜੈਵਿਕ ਖਾਦ ਨਹੀਂ ਮੰਨਦੇ। ਇਸ ਤਰ੍ਹਾਂ ਹੋਰ ਕਈ ਭੁਲੇਖੇ ਹੈ ਜਿੰਨਾ ਨੂੰ ਦੂਰ ਕਰਨ ਦੀ ਲੋੜ ਹੈ। ਜੈਵਿਕ ਸੰਬੰਧੀ ਕਈ ਭੁਲੇਖੇ ਰਸਾਇਣਕ ਪਦਾਰਥਾਂ ਦੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਵੱਲੋਂ ਪਾਏ ਜਾਂਦੇ ਹਨ। ਉਹ ਨਹੀਂ ਚਾਹੁੰਦੇ ਕਿ ਜੈਵਿਕ ਖੇਤੀ ਨੂੰ ਅਪਣਾਇਆ ਜਾਵੇ ਕਿਓਂਕਿ ਇਸ ਨਾਲ ਸਿਧੇ ਤੌਰ ਤੇ ਓਹਨਾਂ ਦੀਆਂ ਰਸਾਇਣਕ ਖਾਦਾਂ ਅਤੇ ਹੋਰ ਪਦਾਰਥਾਂ ਦੀ ਵਿਕਰੀ ਘਟਦੀ ਹੈ।
ਜੈਵਿਕ ਖੇਤੀ ਬਾਰੇ ਸਭ ਤੋਂ ਵੱਡਾ ਭੁਲੇਖਾ ਇਹ ਪਾਇਆ ਜਾਂਦਾ ਹੈ ਕਿ ਜੈਵਿਕ ਖੇਤੀ ਨਾਲ ਦੁਨੀਆ ਦੇ 6 ਅਰਬ ਲੋਕਾਂ ਲਈ ਖੁਰਾਕ ਪੈਦਾ ਨਹੀ ਕੀਤੀ ਜਾ ਸਕੇਗੀ। ਪਰ ਜਿਵੇਂ ਕਿ ਉੱਪਰ ਦਸਿਆ ਗਿਆ ਹੈ ਕਿ ਜੈਵਿਕ ਖੇਤੀ ਤੋਂ ਰਸਾਇਣਕ ਖੇਤੀ ਤੋਂ ਵਧ ਉਪਜ ਲਈ ਜਾ ਸਕਦੀ ਹੈ। ਅੱਜ ਜੈਵਿਕ ਖੇਤੀ ਉਹ ਖੇਤੀ ਹੀ ਹੈ ਜੋ 1950 ਤੋਂ ਪਹਿਲਾਂ ਹੁੰਦੀ ਸੀ। ਹੁਣ ਸਾਰੀਆਂ ਜੈਵਿਕ ਆਗਤਾਂ ਤਿਆਰ ਹੋ ਗਈਆਂ ਹਨ ਜਿੰਨ੍ਹਾਂ ਨਾਲ ਵਧ ਫਸਲ ਲਈ ਜਾ ਸਕਦੀ ਹੈ. ਇਸ ਦੇ ਨਾਲ ਪਿਛਲੇ ਸਮਿਆਂ ਵਿੱਚ ਹੋਈ ਖੋਜ ਨੇ ਕਈ ਨਵੀਆਂ ਵਿਧੀਆਂ ਅਤੇ ਢੰਗ ਕਢ ਲਏ ਹਨ ਜਿੰਨਾਂ ਨਾਲ ਪਹਿਲਾਂ ਤੋਂ ਕੀਤੇ ਵਧ ਉਪਜ ਲਈ ਜਾ ਸਕਦੀ ਹੈ। ਇਸ ਸੰਬੰਧੀ ਭਾਵੇਂ ਸੰਸਥਾਵਾਂ ਵਿੱਚ ਲੋੜੀਂਦੀ ਖੋਜ ਨਹੀਂ ਹੋਈ ਪਰ ਫਿਰ ਵੀ ਕੋਸ਼ਿਸ਼ ਨਾਲ ਜਿਹੜੀਆਂ ਵਿਧੀਆਂ ਸਾਹਮਣੇ ਆਈਆਂ ਹਨ ਉਹਨਾਂ ਵਿਚੋਂ ਕੁਝ ਕੁ ਨੂੰ ਸਰਬ ਪ੍ਰਵਾਨਿਤ ਕੀਤਾ ਗਿਆ ਹੈ।
ਭਾਰਤ ਵਰਗੇ ਛੋਟੀਆਂ ਜੋਤਾਂ ਵਾਲੇ ਦੇਸ਼ ਵਿੱਚ ਜੈਵਿਕ ਖੇਤੀ ਦੇ ਵਿਰੁਧ ਇਹ ਵਿਚਾਰ ਵੀ ਦਿੱਤਾ ਜਾਂਦਾ ਹੈ ਕਿ ਛੋਟੇ ਕਿਸਾਨਾਂ ਲਈ ਇਹ ਖੇਤੀ ਅਨੁਕੂਲ ਨਹੀ ਕਿਓਂਕਿ ਛੋਟੇ ਕਿਸਾਨ ਆਪਣੇ ਫਾਰਮ ਤੋਂ ਲੋੜੀਂਦੀ ਰੂੜੀ ਦੀ ਖਾਦ ਪੈਦਾ ਨਹੀਂ ਕਰ ਸਕਦੇ। ਇਹ ਗੱਲ ਸਾਬਿਤ ਹੋ ਗਈ ਹੈ ਕਿ ਨਵੀਆਂ ਵਿਧੀਆਂ ਨਾਲ ਜਿਹੜੀ ਜੈਵਿਕ ਖੇਤੀ ਅਪਣਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉਸ ਦੇ ਅਨੁਸਾਰ ਇੱਕ ਗਊ ਦੇ ਗੋਬਰ ਤੋਂ ਹੀ 30 ਏਕੜ ਦੇ ਫਾਰਮ ਲਈ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ ਅਤੇ ਜਿੰਨਾਂ ਵੱਡੇ ਫਾਰਮਾਂ ਵਿੱਚ ਇਹ ਵਿਧੀ ਅਪਣਾਈ ਗਈ ਹੈ ਉਹ ਰਸਾਇਣਕ ਫਾਰਮਾਂ ਤੋਂ ਵਧ ਉਪਜ ਲੈਂਦੇ ਹਨ। ਖੇਤੀ ਅਤੇ ਡੇਅਰੀ ਦਾ ਗੂੜ੍ਹਾ ਸੰਬੰਧ ਹੈ। ਹਰ ਕਿਸਾਨ ਨੇ ਮਝਾਂ ਜਾਂ ਗਊਆਂ ਰਖੀਆਂ ਹੋਈਆਂ ਹਨ, ਭਾਵੇਂ ਉਹ ਵੱਡਾ ਕਿਸਾਨ ਹੈ ਜਾਂ ਛੋਟਾ। ਸੋ, ਇਹ ਵਿਚਾਰ ਕਿ ਛੋਟਾ ਕਿਸਾਨ, ਆਪਣੇ ਫਾਰਮ ਤੋਂ ਜੈਵਿਕ ਖਾਦ ਪੈਦਾ ਨਹੀਂ ਕਰ ਸਕਦਾ, ਬਿਲਕੁਲ ਗਲਤ ਹੈ।
ਜਦੋਂ ਰਸਾਇਣਕ ਖਾਦਾਂ ਦੀ ਵਰਤੋਂ ਛੱਡ ਦਿੱਤੀ ਜਾਂਦੀ ਹੈ ਤਾਂ ਬਹੁਤ ਸਾਰੇ ਜੀਵ-ਜੰਤੁ, ਕੀੜੇ-ਮਕੌੜੇ ਪੈਦਾ ਹੋ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ ਜੋ ਰਸਾਇਣਕ ਖਾਦਾਂ ਕਰਦੀਆਂ ਹਨ। ਇਹ ਗੱਲ ਸਾਬਿਤ ਹੋਈ ਹੈ ਕਿ ਇਹਨਾਂ ਜੀਵਾਂ ਦੀ ਵਜ੍ਹਾ ਕਰਕੇ ਭੂਮੀ ਦੀ ਉਪਜਾਊ ਸ਼ਕਤੀ ਵਧੀ ਹੈ।
ਜੈਵਿਕ ਖੇਤੀ ਸੰਬੰਧੀ ਇੱਕ ਜੋ ਭੁਲੇਖਾ ਪਾਇਆ ਜਾਂਦਾ ਹੈ ਕਿ ਇਹ ਖੇਤੀ ਕਿਫਾਇਤੀ ਨਹੀਂ ਸਗੋਂ ਘਾਟੇ ਵਾਲੀ ਹੈ। ਪਰ ਇਸ ਤਰ੍ਹਾ ਨਹੀ ਹੈ। ਰਸਾਇਣਕ ਪਦਾਰਥਾਂ ਦੀ ਵਰਤੋਂ ਨਾ ਹੋਣ ਕਰਕੇ, ਇਸ ਦੀ ਪ੍ਰਤਿ ਇਕਾਈ ਲਾਗਤ ਘਟਦੀ ਹੈ। ਜੈਵਿਕ ਵਸਤੂਆਂ ਦੀਆਂ ਕੀਮਤਾਂ ਰਸਾਇਣਕ ਉਪਜ ਤੋਂ ਵਧ ਮਿਲਦੀਆਂ ਹਨ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਪਜ ਹੀ ਨਹੀਂ ਘਟਦੀ ਤਾਂ ਆਮਦਨ ਘਟਣ ਦਾ ਤਾਂ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਫਿਰ ਜੈਵਿਕ ਖੇਤੀ ਲਈ ਤਿਆਰ ਹੋਣ ਵਾਲੀਆਂ ਆਗਤਾਂ ਦੀ ਲਾਗਤ ਹੀ ਕੀ ਹੈ। ਗਊ ਦੇ ਪੇਸ਼ਾਬ ਦਾ ਕੀ ਮੁੱਲ ਹੈ। ਸ਼ੱਕਰ ਜੋ ਜੈਵਿਕ ਖਾਦ ਤਿਆਰ ਕਰਨ ਲੈ ਲੋੜੀਂਦੀ ਹੈ ਉਹ ਤਾਂ ਫਾਰਮ ਤੋਂ ਹੀ ਪੈਦਾ ਕੀਤੀ ਜਾ ਸਕਦੀ ਹੈ ਪਰ ਜੇ ਫਾਰਮ ਦੀ ਬਜਾਇ ਮੁੱਲ ਵੀ ਲੈਣੀ ਪਵੇ ਤਾਂ ਉਸ ਦਾ ਕੀ ਮੁੱਲ ਹੈ, ਜੋ ਕਿ ਹਰ ਕਿਸਾਨ ਦੀ ਪਹੁੰਚ ਵਿੱਚ ਹੈ।
ਬਹੁਦੇਸ਼ੀ ਕੰਪਨੀਆਂ ਦੇ ਪੇਸ਼ਾਵਰ ਪ੍ਰਚਾਰਕਾਂ ਵੱਲੋਂ ਇਹ ਗੱਲ ਵੀ ਪ੍ਰਚਾਰਿਤ ਕੀਤੀ ਜਾਂਦੀ ਹੈ ਕਿ ਜੈਵਿਕ ਖੇਤੀ ਵਿੱਚ ਖੁਰਾਕੀ ਤੱਤ ਘੱਟ ਹੁੰਦੇ ਹਨ, ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੁਦਰਤੀ ਖੁਰਾਕ ਵਿੱਚ ਖੁਰਾਕੀ ਅਤੇ ਪੌਸ਼ਟਿਕ ਗੁਣ ਘੱਟ ਹੋਣ ਜਦ ਕਿ ਰਸਾਇਣਕ ਅਤੇ ਬਨਾਵਟੀ ਖੁਰਾਕ ਵਿੱਚ ਜ਼ਿਆਦਾ ਹੋਣ। ਇੱਕ ਇਹ ਵਿਚਾਰ ਵੀ ਦਿੱਤਾ ਜਾਂਦਾ ਹੈ ਕਿ ਜੈਵਿਕ ਖੁਰਾਕ ਠੀਕ ਨਹੀਂ ਹੁੰਦੀ ਪਰ ਇਹ ਵਿਚਾਰ ਵੀ ਗਲਤ ਹੈ ਕਿਓਂਕਿ ਜੋ ਕੁਦਰਤੀ ਤੌਰ ਤੇ ਪੈਦਾ ਕੀਤੀ ਗਈ ਖੁਰਾਕ ਜਿਆਦਾ ਸੁਆਦਲੀ ਚਾਹੀਦੀ ਹੈ। ਜਦਕਿ ਇਸਦੇ ਉਲਟ ਰਸਾਇਣਕ ਪਦਾਰਥਾਂ ਦੀ ਵਰਤੋਂ ਨਾਲ ਖੁਰਾਕ ਦੇ ਗੁਣ ਵੀ ਘਟਦੇ ਹਨ ਅਤੇ ਉਸ ਦਾ ਸੁਆਦ ਵੀ ਕੁਦਰਤੀ ਨਹੀਂ ਹੁੰਦਾ।
ਇਹਨਾਂ ਸਾਰੇ ਵਿਚਾਰਾਂ ਨੂੰ ਧਿਆਨ ਵਿਚ ਰਖਦੇ ਹੋਏ ਇਹ ਜ਼ਰੂਰੀ ਬਣਦਾ ਹੈ ਕਿ ਰਸਾਇਣਕ ਖੇਤੀ ਦੀ ਜਗ੍ਹਾ ਜੈਵਿਕ ਖੇਤੀ ਨੂੰ ਅਪਣਾਇਆ ਜਾਵੇ। ਜੈਵਿਕ ਖੇਤੀ ਸੰਬੰਧੀ ਸੰਸਥਾਵਾਂ ਵਿੱਚ ਖੋਜ ਕੀਤੀ ਜਾਵੇ। ਜੈਵਿਕ ਖਾਦਾਂ, ਉਪਜਾਊ ਸ਼ਕਤੀ ਵਧਾਉਣ ਵਾਲੇ ਪਦਾਰਥਾਂ ਅਤੇ ਢੰਗਾਂ ਨੂੰ ਅਪਣਾਇਆ ਜਾਵੇ ਤਾਂ ਕਿ ਵਾਤਾਵਰਨ ਵਿੱਚ ਜਿਹੜੇ ਜ਼ਹਿਰ ਪਾਣੀ, ਹਵਾ ਅਤੇ ਧਰਤੀ ਦੇ ਰਾਹੀ ਇਹਨਾਂ ਰਸਾਇਣਕ ਪਦਾਰਥਾਂ ਦੀ ਵਰਤੋਂ ਕਰਕੇ ਵਧ ਰਹੇ ਹਨ, ਉਹਨਾਂ ਨੂੰ ਰੋਕਿਆ ਜਾਵੇ।
ਪਿਛਲੇ ਸਾਲਾਂ ਵਿੱਚ ਵਿਕਸਿਤ ਦੇਸ਼ਾਂ ਵੱਲੋਂ ਇਸ ਸੰਬੰਧੀ ਸੁਚੇਤ ਹੁੰਦਿਆਂ ਹੋਇਆਂ ਹੋਰ ਦੇਸ਼ਾਂ ਤੋਂ ਖੇਤੀ ਵਸਤੂਆਂ ਦੀ ਆਯਾਤ ਇਸ ਕਰਕੇ ਰੋਕ ਦਿੱਤੀ ਜਾਂਦੀ ਰਹੀ ਹੈ ਕਿ ਉਹਨਾਂ ਵਸਤੂਆਂ ਵਿਚ ਰਸਾਇਣਕ ਪਦਾਰਥਾਂ ਦੇ ਤੱਤ ਰਹਿ ਗਾਏ ਸਨ। ਜਿੰਨਾਂ ਦੇਸ਼ਾਂ ਵਿੱਚ ਵੱਡੀ ਪਧਰ ਤੇ ਰਸਾਇਣਕ ਪਦਾਰਥ ਵਰਤੇ ਜਾ ਰਹੇ ਹਨ ਉਥੇ ਉਹਨਾਂ ਦਾ ਵਾਤਾਵਰਨ ਤੇ ਕਿੰਨਾ ਬੁਰਾ ਪ੍ਰਭਾਵ ਪੈਂਦਾ ਹੋਵੇਗਾ। ਇਸ ਸੰਬੰਧੀ ਚੇਤਨਾ ਪੈਦਾ ਕਰਨ ਦੀ ਲੋੜ ਹੈ ਅਤੇ ਉਹਨਾਂ ਢੰਗਾਂ ਅਤੇ ਵਿਧੀਆਂ ਨੂੰ ਅਪਣਾਉਣਾ ਚਾਹੀਦਾ ਹੈ ਜਿੰਨਾਂ ਨਾਲ ਉਪਜ ਵੀ ਨਾ ਘਟੇ ਅਤੇ ਵਾਤਾਵਰਨ ਵੀ ਸ਼ੁਧ ਬਣਿਆ ਰਹੇ।
(ਲੇਖਕ ਅਰਥਸ਼ਾਸਤਰੀ ਅਤੇ ਸੇਵਾ ਮੁਕਤ ਪ੍ਰੋਫੈਸਰ ਹੈ।)