ਫਸਲ ਵਿਭਿੰਨਤਾ ਦੁਆਰਾ ਜਲਵਾਯੂ ਪਰਿਵਰਤਨ ਨੂੰ ਅਨੁਕੂਲ ਬਣਾਉਣਾ

Submitted by kvm on Fri, 02/19/2016 - 14:42

ਜਿੱਥੇ ਹਰ ਜਗ੍ਹਾ ਕਿਸਾਨ ਬਦਲਦੀਆਂ ਖੇਤੀ ਜਲਵਾਯੂ ਪਰਿਸਥਿਤੀਆਂ ਨਾਲ ਨਿਪਟਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਮਹਾਂਰਾਸ਼ਟਰ ਦੇ ਖੁੰਬਾਰਵਾੜੀ ਪਿੰਡ ਦੇ ਕੁੱਝ ਕਿਸਾਨ ਆਪਣੀ ਫਸਲੀ ਪ੍ਰਣਾਲੀ ਵਿੱਚ ਵਿਭਿੰਨਤਾ ਲਿਆ ਕੇ ਪਰਿਸਥਿਤੀਆਂ ਨੂੰ ਅਨੁਕੂਲ ਬਣਾ ਰਹੇ ਹਨ। ਫਸਲੀ ਵਿਭਿੰਨਤਾ ਨੇ ਨਾ ਸਿਰਫ ਜਲਵਾਯੂ ਅਤੇ ਮੰਡੀ ਦੇ ਜੋਖਿਮ ਨੂੰ ਘਟਾਇਆ ਹੈ ਬਲਕਿ ਘਰੇਲੂ ਪੱਧਰ ਤੇ ਵਿਭਿੰਨਤਾ ਭਰਪੂਰ ਅਤੇ ਪੌਸ਼ਟਿਕ ਭੋਜਨ ਵੀ ਉਪਲਬਧ ਕਰਵਾਇਆ ਹੈ।ਪਿਛਲੇ ਕੁੱਝ ਸਾਲਾਂ ਦੌਰਾਨ ਕਿਸਾਨਾਂ ਦੁਆਰਾ ਕਈ ਵਾਰ ਮੌਸਮ ਦੀ ਅਨਿਸ਼ਚਿਤਤਾ ਨੂੰ ਮਹਿਸੂਸ ਕੀਤਾ ਗਿਆ ਹੈ।ਇਹ ਦੇਰੀ ਅਤੇ ਬੇ-ਮੌਸਮੀ ਬਾਰਿਸ਼, ਹੜ੍ਹ, ਤਾਪਮਾਨ ਵਿੱਚ ਵਾਧਾ, ਜਿਸਦੇ ਪਰਿਣਾਮਸਵਰੂਪ ਫਸਲ ਦਾ ਨੁਕਸਾਨ ਆਦਿ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਉਦਾਹਰਣ ਦੇ ਲਈ, ਅਹਿਮਦਨਗਰ ਜਿਲ੍ਹੇ ਦੇ ਅਕੋਲੇ ਬਲਾਕ ਦੇ ਪਿੰਡਾਂ ਵਿੱਚ ਰਬੀ ਦੇ ਸੀਜ਼ਨ ਦੌਰਾਨ ਬੀਜੀ ਕਣਕ ਅਤੇ ਛੋਲਿਆਂ ਦੀ ਫਸਲ ਦਾ ਨਵੰਬਰ 2010 ਵਿੱਚ ਹੋਈ ਬੇਮੌਸਮੀ ਬਾਰਿਸ਼ ਕਰਕੇ ਪਾਣੀ ਜਮ੍ਹਾ ਹੋਣ ਕਰਕੇ ਨੁਕਸਾਨ ਹੋ ਗਿਆ।ਦਸੰਬਰ ਦੇ ਮਹੀਨੇ ਦੌਰਾਨ ਦੁਬਾਰਾ ਬਿਜਾਈ ਕੀਤੀ ਗਈ ਪਰ ਝਾੜ ਵਿੱਚ 50 ਪ੍ਰਤੀਸ਼ਤ ਦੀ ਕਮੀ ਆਈ।ਇਸੇ ਤਰ੍ਹਾ, ਮਈ 2011 ਦੇ ਆਖਰੀ ਹਫ਼ਤੇ ਦੌਰਾਨ ਹੋਈ ਭਾਰੀ ਬਾਰਿਸ਼ ਕਰਕੇ ਬਾਜਰੇ ਅਤੇ ਮੂੰਗਫਲੀ ਦੀ ਫਸਲ ਦਾ ਲਗਭਗ 50 ਪ੍ਰਤੀਸ਼ਤ ਨੁਕਸਾਨ ਹੋ ਗਿਆ। ਫਿਰ 9 ਫਰਵਰੀ 2012 ਨੂੰ ਬੇਮੌਸਮੀ ਠੰਢ ਕਰਕੇ ਮੂੰਗਫਲੀ ਜਿਹੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਜਿੰਨਾਂ ਨੇ ਹਾਲੇ ਪੁੰਗਰਣਾ ਸ਼ੁਰੂ ਹੀ ਕੀਤਾ ਸੀ। ਕਿਸਾਨਾਂ ਲਈ ਇਸ ਅਨਿਸ਼ਚਿਤ ਮਾਨਸੂਨ ਨਾਲ ਤਾਲਮੇਲ ਬਿਠਾਉਣਾ ਮੁਸ਼ਕਿਲ ਹੋ ਰਿਹਾ ਹੈ ਜੋ ਕਿ ਲਗਾਤਾਰ ਇੰਝ ਕਰ ਰਿਹਾ ਹੈ।

1996 ਤੋਂ 2001 ਦੇ ਦੌਰਾਨ, ਇੱਕ ਗੈਰ ਸਰਕਾਰੀ ਸੰਸਥਾ ਡਬਲਿਊ ਓ ਟੀ ਆਰ ਨੇ ਖੁੰਬਾਰਵਾੜੀ ਪਿੰਡ ਸਮੇਤ ਮਹਾਂਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਇੰਡੋ-ਜਰਮਨ ਵਾਟਰਸ਼ੈੱਡ ਵਿਕਾਸ ਪ੍ਰੋਗਰਾਮ ਲਾਗੂ ਕੀਤਾ। 2012 ਵਿੱਚ ਡਬਲਿਊ ਓ ਟੀ ਆਰ ਨੇ ਵਾਟਰਸ਼ੈੱਡ ਵਿਕਾਸ ਪ੍ਰੋਗਰਾਮ ਦੇ ਪੂਰਾ ਹੋਣ ਤੇ ਬਨਸਪਤੀ ਅਤੇ ਫਸਲੀ ਪ੍ਰਣਾਲੀ ਵਿੱਚ ਆਏ ਪਰਿਵਰਤਨ ਦਾ ਮੁਲਾਂਕਣ ਕਰਨ ਲਈ ਇੱਕ ਜੀ ਆਈ ਐਸ ਅਧਿਐਨ ਕਰਵਾਇਆ। ਉਸ ਸਾਲ ਬਾਰਿਸ਼ ਘੱਟ ਹੋਣ ਦੇ ਬਾਵਜ਼ੂਦ, ਫਸਲਾਂ ਵਿੱਚ ਵਿਭਿੰਨਤਾ ਦੇਖਣ ਨੂੰ ਮਿਲੀ।

ਇਸਨੇ ਪਿੰਡਾਂ ਵਿੱਚ ਫਸਲੀ ਵਿਭਿੰਨਤਾ ਲਈ ਕਾਰਨਾਂ ਨੂੰ ਸਮਝਣ ਦੇ ਲਈ ਅੱਗੇ ਜਾਂਚ ਕਰਨ ਦੇ ਲਈ ਡਬਲਿਊ ਓ ਟੀ ਆਰ ਨੂੰ ਪ੍ਰੇਰਿਤ ਕੀਤਾ। ਅਸੀਂ ਵੱਖ-ਵੱਖ ਦੌਰ ਵਿੱਚ ਪਿੰਡ ਵਿੱਚ ਫਸਲਾਂ ਦੇ ਡਾਟਾ ਲਈ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ। ਅਸੀਂ ਫਸਲੀ-ਡਾਟਾ ਨੂੰ ਤਿਨ ਚਰਣਾਂ 1996 (ਵਾਟਰਸ਼ੈੱਡ ਵਿਕਾਸ ਪ੍ਰੋਗਰਾਮ ਤੋਂ ਪਹਿਲਾਂ), 2011 ਅਤੇ 2012 ਵਿੱਚ ਸਾਰਣੀਬੱਧ ਕੀਤਾ।

ਸਾਲ 2012 ਵਿੱਚ ਫਸਲਾਂ ਦੀ ਉੱਚ ਵਿਭਿੰਨਤਾ ਨੂੰ ਸਮਝਣ ਲਈ ਅਸੀਂ ਸਰਵੇ ਵਿਧੀ ਨੂੰ ਅਪਣਾਇਆ।ਸਰਵੇ ਵਿੱਚ, ਅਸੀਂ ਉਹਨਾਂ ਕਿਸਾਨਾਂ ਨੂੰ ਸ਼ਾਮਿਲ ਕੀਤਾ ਜਿੰਨ੍ਹਾਂ ਨੇ ਨਕਦੀ ਫਸਲਾਂ, ਬਾਗਬਾਨੀ ਫਸਲਾਂ, ਚਾਰਾ ਫਸਲਾਂ ਅਤੇ ਸਬਜੀਆਂ ਲਗਾਈਆਂ।ਅਸੀਂ ਦਾਲਾਂ ਅਤੇ ਅਨਾਜ ਦੀ ਖੇਤੀ ਵਿੱਚ ਆਏ ਬਦਲਾਵਾਂ ਨੂੰ ਵੀ ਸਮਝਣ ਲਈ ਕੁੱਝ ਕਿਸਾਨਾਂ ਨੂੰ ਸ਼ਾਮਿਲ ਕੀਤਾ। ਇਸਦੇ ਇਲਾਵਾ, ਅਸੀਂ ਕਿਸਾਨਾਂ ਨਾਲ ਸਮੂਹਿਕ ਵਿਚਾਰ ਚਰਚਾਵਾਂ ਆਯੋਜਿਤ ਕੀਤੀਆਂ ਤਾਂਕਿ ਫਸਲ ਪ੍ਰਣਾਲੀ ਵਿੱਚ ਬਦਲਾਅ ਦੇ ਪ੍ਰਤਿ ਉਹਨਾਂ ਦੇ ਅਨੁਭਵਾਂ ਅਤੇ ਵਿਚਾਰਾਂ ਨੂੰ ਸਮਝ ਸਕੀਏ।

ਫਸਲੀ ਵਿਭਿੰਨਤਾ ਨਾਲ ਜਲ ਸੰਭਾਲ


ਖੁੰਬਾਰਵਾੜੀ ਪਿੰਡ ਪੱਛਮੀ ਮਹਾਂਰਾਸ਼ਟਰ ਦੇ ਅਹਿਮਦਨਗਰ ਜਿਲ੍ਹੇ ਦੀ ਸਾਂਗਮਨੇਰ ਤਾਲੁਕਾ ਤੋਂ 45 ਕਿਲੋਮੀਟਰ ਦੂਰ ਦੱਖਣ-ਪੱਛਮ ਵੱਲ ਸਥਿਤ ਹੈ।ਪਿੰਡ ਵਿੱਚ 145 ਘਰ ਹਨ ਜੋ ਅਲੱਗ-ਅਲੱਗ ਬਸਤੀਆਂ ਵਿੱਚ ਵੰਡੇ ਹੋਏ ਹਨ।ਹਾਲਾਂਕਿ ਖੇਤੀ ਪਿੰਡ ਦਾ ਮੁੱਖ ਕਿੱਤਾ ਹੈ, ਫਿਰ ਵੀ ਕਾਫ਼ੀ ਘਰ ਡੇਅਰੀ ਦੇ ਧੰਦੇ ਵਿੱਚ ਹਨ, ਇਸਲਈ ਪਸ਼ੂਪਾਲਨ ਵੀ ਇੱਕ ਮੁੱਖ ਸਹਾਇਕ ਧੰਦਾ ਹੈ। ਖੁੰਬਾਰਵਾੜੀ ਮਹਾਂਰਾਸ਼ਟਰ ਦੇ ਅਜਿਹੇ ਖੇਤਰ ਵਿੱਚ ਸਥਿਤ ਹੈ ਜਿੱਥੇ ਬਾਰਿਸ਼ ਬਹੁਤ ਘੱਟ (500 ਐਮ ਐਮ ਪ੍ਰਤਿ ਸਾਲ) ਪੈਂਦੀ ਹੈ ਅਤੇ ਸੋਕਾ ਇੱਕ ਆਮ ਗੱਲ ਹੈ।

1996 ਵਿੱਚ ਇੰਡੋ-ਜਰਮਨ ਵਾਟਰਸ਼ੈੱਡ ਵਿਕਾਸ ਪ੍ਰੋਗਰਾਮ ਦੇ ਲਾਗੂ ਹੋਣ ਤੋਂ ਪਹਿਲਾਂ, ਸਾਲਾਨਾ ਫਸਲੀ ਪ੍ਰਣਾਲੀ ਵਿੱਚ ਸਿਰਫ ਦੋ ਮੁੱਖ ਫਸਲਾਂ ਬਾਜਰਾ (ਖਰੀਫ) ਅਤੇ ਜਵਾਰ (ਰਬੀ) ਸਨ। ਥੋੜ੍ਹਾ ਬਹੁਤ ਮੋਠ, ਮੂੰਗ, ਕੁਲਥ ਅਤੇ ਚਾਰੇ ਲਈ ਗੰਨਾ ਲਗਾਇਆ ਜਾਂਦਾ ਸੀ।ਵਰਖਾ ਆਧਾਰਿਤ ਸਥਿਤੀਆਂ ਵਿੱਚ 325.5 ਹੈਕਟੇਅਰ ਭੂਮੀ ਉੱਪਰ ਖੇਤੀ ਹੁੰਦੀ ਸੀ ਅਤੇ 66 ਹੈਕਟੇਅਰ ਭੂਮੀ ਖਾਲੀ ਰੱਖੀ ਜਾਂਦੀ ਸੀ। ਖਰੀਫ ਦੌਰਾਨ ਬਾਜਰਾ (168 ਹੈਕਟੇਅਰ) ਅਤੇ ਰਬੀ ਦੌਰਾਨ ਜਵਾਰ (149 ਹੈਕਟੇਅਰ) ਮੁੱਖ ਫਸਲਾਂ ਸਨ। ਇਹ ਸਿਰਫ ਆਪਣੀ ਘਰੇਲੂ ਖਪਤ (ਭੋਜਨ ਅਤੇ ਚਾਰਾ) ਦੇ ਲਈ ਹੀ ਉਗਾਈਆਂ ਜਾਂਦੀਆਂ ਸਨ।ਕਣਕ ਦੀ ਖੇਤੀ ਬਾਰੇ ਤਾਂ ਸੁਣਿਆ ਹੀ ਨਹੀਂ ਸੀ।

ਵਾਟਰਸ਼ੈੱਡ ਪ੍ਰੋਗਰਾਮ ਤੋਂ ਬਾਅਦ, 2002 ਤੋਂ ਬਾਅਦ ਹੁਣ ਤੱਕ, ਪਾਣੀ ਦੇ ਪੱਧਰ ਦੇ ਵਧਣ ਕਰਕੇ, ਕਿਸਾਨਾਂ ਨੇ ਨਕਦੀ ਫਸਲਾਂ ਜਿਵੇਂ ਕਣਕ, ਪਿਆਜ਼ ਅਤੇ ਟਮਾਟਰ ਆਦਿ ਉਗਾਉਣੀਆਂ ਸ਼ੁਰੂ ਕੀਤੀਆਂ।ਆਪਣੇ ਅਧਿਐਨ ਦੌਰਾਨ ਅਸੀ ਪਾਇਆ ਕਿ 2011 ਵਿੱਚ ਜੂਨ ਦੇ ਪਹਿਲੇ ਅਤੇ ਦੂਸਰੇ ਹਫਤੇ ਵਿੱਚ(ਖਰੀਫ ਦੀ ਬਿਜਾਈ ਦਾ ਸਮਾਂ) ਅਤੇ ਸਤੰਬਰ ਦੇ ਮੱਧ ਵਿੱਚ (ਰਬੀ ਦੀ ਬਿਜਾਈ ਦਾ ਸਮਾਂ) ਵਧੀਆ ਬਾਰਿਸ਼ ਹੋਈ।

ਵਧੀਆ ਬਾਰਿਸ਼ ਕਰਕੇ, 414.75 ਹੈਕਟੇਅਰ ਭੂਮੀ ਉੱਪਰ ਖੇਤੀ ਕੀਤੀ ਗਈ।ਕਿਸਾਨਾਂ ਨੇ 15 ਅਲੱਗ-ਅਲੱਗ ਤਰ੍ਹਾ ਦੀਆਂ ਫਸਲਾਂ ਬੀਜੀਆਂ।ਖਰੀਫ ਵਿੱਚ ਬਾਜਰਾ (40 ਹੈਕਟੇਅਰ), ਪਿਆਜ਼, ਟਮਾਟਰ ਅਤੇ ਸੋਇਆ ਵੱਡੇ ਖੇਤਰ ਵਿੱਚ ਲਗਾਈਆਂ ਗਈਆਂ ਜਦਕਿ ਰਬੀ ਵਿੱਚ ਕਣਕ (80 ਹੈਕਟੇਅਰ), ਜਵਾਰ (60 ਹੈਕਟੇਅਰ), ਪਿਆਜ਼ ਅਤੇ ਟਮਾਟਰ ਮੁੱਖ ਫਸਲਾਂ ਸਨ।ਗਰਮੀਆਂ ਦੌਰਾਨ, ਕਿਸਾਨਾਂ ਨੇ ਟਮਾਟਰ (10 ਹੈਕਟੇਅਰ) ਅਤੇ ਚਾਰਾ (25 ਹੈਕਟੇਅਰ) ਬੀਜਿਆ। ਇਸਦੇ ਇਲਾਵਾ, 3 ਸੀਜ਼ਨਾਂ ਦੌਰਾਨ ਉਹਨਾਂ ਨੇ ਦਾਲਾਂ ਦੀਆਂ 4 ਕਿਸਮਾਂ ਅਤੇ ਕੁੱਝ ਸਬਜੀਆਂ ਉਗਾਈਆਂ। ਕੁੱਝ ਕੁ ਕਿਸਾਨਾਂ ਨੇ ਅਨਾਰ ਦੀ ਖੇਤੀ ਵੀ ਸ਼ੁਰੂ ਕੀਤੀ।

ਘੱਟ ਬਾਰਿਸ਼ ਦੀ ਸਥਿਤੀ ਲਈ ਅਨੁਕੂਲ


2012 ਵਿੱਚ ਬਾਰਿਸ਼ (287 ਐਮ ਐਮ) 2011 ਦੀ ਬਾਰਿਸ਼ (450 ਐਮ ਐਮ) ਦੀ ਤੁਲਨਾ ਵਿੱਚ ਘੱਟ ਹੋਈ। ਕੁੱਲ ਸਾਲਾਨਾ ਬਾਰਿਸ਼ ਦੇ ਇਲਾਵਾ, ਬਾਰਿਸ਼ ਦੇ ਦਿਨਾਂ ਦੀ ਸੰਖਿਆ ਵਿੱਚ ਵੀ (2011 ਦੇ 86 ਦਿਨਾਂ ਦੇ ਮੁਕਾਬਲੇ 2012 ਵਿੱਚ 60 ਦਿਨ ) ਕਮੀ ਆਈ।2012 ਵਿੱਚ, ਖਰੀਫ ਦੀ ਬਿਜਾਈ ਲਈ ਲੋੜੀਂਦੀ ਬਾਰਿਸ਼ ਦੇਰੀ ਨਾਲ ਹੋਈ। ਇਹ ਜੁਲਾਈ ਦੇ ਪਹਿਲੇ ਹਫ਼ਤੇ ਹੋਈ ਅਤੇ ਰਬੀ ਦੇ ਸੀਜ਼ਨ ਲਈ ਵੀ ਬਾਰਿਸ਼, ਸਤੰਬਰ ਦੇ ਅਖੀਰ ਅਤੇ ਅਕਤੂਬਰ ਦੇ ਪਹਿਲੇ ਹਫਤੇ ਹੋਈ, ਜੋ ਕਿ ਲੇਟ ਸੀ।

ਬਾਰਿਸ਼ ਦੇ ਪੈਟਰਨ ਵਿੱਚ ਤਬਦੀਲੀ ਕਾਰਨ, ਕਿਸਾਨਾਂ ਦੀ ਫਸਲਾਂ ਦੀ ਚੋਣ ਲਈ ਪ੍ਰਤੀਕ੍ਰਿਆ ਅਲੱਗ ਸੀ। ਘੱਟ ਬਾਰ੍ਹਿ ਦੇ ਬਾਵਜ਼ੂਦ, ਕਿਸਾਨਾਂ ਨੇ ਵਿਭਿੰਨ ਫਸਲਾਂ ਉਗਾਈਆਂ।ਹਾਲਾਂਕਿ ਖੇਤੀ ਅਧੀਨ ਰਕਬਾ 318 ਹੈਕਟੇਅਰ ਸੀ, ਕਿਸਾਨਾਂ ਨੇ ਤਿੰਨੋ ਸੀਜ਼ਨ ਦੌਰਾਨ ਫਸਲੀ ਵਿਭਿੰਨਤਾ ਦਾ ਪਾਲਣ ਕੀਤਾ।ਲਗਭਗ 24 ਤਰ੍ਹਾ ਦੀਆਂ ਫਸਲਾਂ ਲਗਾਈਆਂ ਗਈਆਂ।ਇਹਨਾਂ ਵਿੱਚ ਅਨਾਜ, ਦਾਲਾਂ, ਸਬਜੀਆਂ, ਚਾਰਾ, ਫਲ ਅਤੇ ਰੇਸ਼ੇਦਾਰ ਫਸਲਾਂ (ਕਪਾਹ ਅਤੇ ਸੂਰਜ ਭੰਗ) ਸ਼ਾਮਿਲ ਸਨ।ਜਵਾਰ ਮੁੱਖ ਫਸਲ ਸੀ ਜੋ ਕਿ 142 ਹੈਕਟੇਅਰ ਵਿੱਚ ਲਗਾਈ ਗਈ ਜੋ ਕਿ 2011 ਦੇ ਮੁਕਾਬਲੇ ਦੁੱਗਣਾ ਸੀ।

ਖਰੀਫ 2012 ਵਿੱਚ, ਘੱਟ ਬਾਰਿਸ਼ ਅਤੇ ਦੇਰੀ ਨਾਲ ਆਏ ਮਾਨਸੂਨ ਕਰਕੇ ਉਹਨਾਂ ਨੇ 2011 ਦੇ ਮੁਕਾਬਲੇ ਲਗਭਗ ਦੁੱਗਣੇ ਖੇਤਰ ਵਿੱਚ ਬਾਜਰੇ ਦੀ ਖੇਤੀ ਕੀਤੀ। ਦੋ ਫਸਲਾਂ (ਖਰੀਫ ਅਤੇ ਰਬੀ) ਦੀ ਖੇਤੀ ਦੀ ਸੰਭਾਵਨਾ ਅਨਿਸ਼ਚਿਤ ਹੋਣ ਕਰਕੇ ਉਹਨਾਂ ਨੇ ਇੱਕੋ ਹੀ ਨਿਸ਼ਚਿਤ ਫਸਲ ਲੈਣ ਦਾ ਫੈਸਲਾ ਕੀਤਾ। ਉਹ ਆਮਦਨੀ ਦੇ ਇਲਾਵਾ, ਆਪਣੇ ਘਰ ਦੀਆਂ ਜਰੂਰਤਾਂ ਪੂਰੀਆਂ ਕਰਨ ਦੇ ਲਈ ਫਸਲ ਚਾਹੁੰਦੇ ਸਨ।ਇਸਲਈ ਉਹਨਾਂ ਨੇ ਬਾਜਰੇ ਦੇ ਨਾਲ, ਕੁੱਝ ਮਾਤਰਾ ਵਿੱਚ ਮੋਠ, ਮੂੰਗ, ਸੋਇਆ, ਟਮਾਟਰ ਅਤੇ ਹਰੇ ਮਟਰ ਵੀ ਬੀਜੇ। ਕਿਸਾਨਾਂ ਨੇ ਮੂੰਗ ਨੂੰ ‘ਬੇਵਡ’ (ਫਸਲੀ ਚੱਕਰ) ਨਾਲ ਜੋੜਿਆ, ਜਿਸਦੇ ਲਈ ਉਹਨਾਂ ਨੇ ਹਵਾਲਾ ਦਿੱਤਾ, “ਖਰੀਫ ਵਿੱਚ ਇਸਦੀ ਬਿਜਾਈ ਨਾਲ ਰਬੀ ਦੀ ਜਵਾਰ ਦੀ ਫਸਲ ਦਾ ਝਾੜ ਵਧ ਜਾਂਦਾ ਹੈ।” ਕੁੱਝ ਕਿਸਾਨਾਂ ਨੇ ਕਪਾਹ ਅਤੇ ਸਨ ਹੈੰਪ ਦੀ ਖੇਤੀ ਦਾ ਤਜ਼ਰਬਾ ਕੀਤਾ। ਇੱਕ ਕਿਸਾਨ ਨੇ ਮਿੱਟੀ ਦੀ ਪਾਣੀ ਨੂੰ ਪਕੜ ਕੇ ਰੱਖਣ ਦੀ ਸ਼ਕਤੀ ਨੂੰ ਵਧਾਊਣ ਦੇ ਲਈ ਸਨ ਹੈੰਪ ਦਾ ਪ੍ਰਯੋਗ ਹਰੀ ਖਾਦ ਦੇ ਤੌਰ ਤੇ ਕੀਤਾ। ਉਸਦੇ ਅਨੁਸਾਰ, ਸਮੇਂ ਤੇ ਬਾਰਿਸ਼ ਦੀ ਕਮੀ ਦੇ ਚੱਲਦਿਆਂ ਇਹ ਮਲਚਿੰਗ ਲਈ ਤਿਆਰ ਨਹੀ ਸੀ, ਸੋ ਉਸਨੇ ਇਸਨੂੰ ਬੀਜ ਲਈ ਉਗਾਇਆ।

ਰਬੀ 2012 ਵਿੱਚ, ਜਵਾਰ ਸਿਰਫ ਘਰੇਲੂ ਖਪਤ ਲਈ ਉਗਾਈ ਗਈ, ਕਿਉਂਕਿ ਘੱਟ ਪਾਣੀ ਉਪਲਬਧ ਸੀ। 2012 ਵਿੱਚ ਜਵਾਰ ਨੇ ਕਿਸਾਨਾਂ ਨੂੰ ਉਹਨਾਂ ਦੇ ਖਾਣ ਦੇ ਲਈ ਭੋਜਨ ਅਤੇ ਪਸ਼ੂਆਂ ਲਈ ਚਾਰਾ ਉਪਲਬਧ ਕਰਵਾਇਆ।ਕਿਸਾਨਾਂ ਦਾ ਕਹਿਣਾ ਸੀ, “ਜੇਕਰ ਬਿਜਾਈ ਤੋਂ ਬਾਅਦ ਸਿਰਫ ਇੱਕ ਬਾਰਿਸ਼ ਹੋ ਜਾਵੇ ਤਾਂ ਜਵਾਰ ਦਾ ਕੁੱਝ ਝਾੜ ਨਿਕਲਦਾ ਹੈ। ਜੇਕਰ ਬਾਰਿਸ਼ ਨਾ ਹੋਵੇ ਤਾਂ ਝਾੜ ਘਟਦਾ ਹੈ ਪ੍ਰੰਤੂ ਫਿਰ ਵੀ ਇਹ ਚਾਰਾ ਪ੍ਰਦਾਨ ਕਰੇਗੀ।” ਫਸਲ ਦੇ ਨਾੜ ਦਾ ਵੀ ਚੰਗਾ ਬਾਜ਼ਾਰ ਹੈ। ਕਣਕ ਦੇ ਬਾਰੇ ਵਿੱਚ ਗੱਲ ਕਰਦਿਆਂ ਕਿਸਾਨਾਂ ਨੇ ਦੱਸਿਆ, “ਜੇਕਰ ਅਸੀਂ ਸਿਰਫ ਇੱਕ ਵਾਰ ਵੀ ਪਾਣੀ ਨਾ ਦੇ ਪਾਈਏ ਤਾਂ ਕਣਕ ਦਾ ਝਾੜ ਬੁਰੀ ਤਰ੍ਹਾ ਪ੍ਰਭਾਵਿਤ ਹੁੰਦਾ ਹੈ।” ਤਾਪਮਾਨ ਵਿੱਚ ਮਾਮੂਲੀ ਬਦਲਾਅ ਵੀ ਕਣਕ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਦੇ ਹਨ।

ਕਿਸਾਨਾਂ ਨੇ ਟਮਾਟਰ ਅਤੇ ਪਿਆਜ਼ ਅਧੀਨ ਕਾਫੀ ਵੱਡਾ ਖੇਤਰ ਘਟਾਇਆ ਅਤੇ ਇਹਨਾਂ ਦੀ ਜਗ੍ਹਾ ਜਵਾਰ ਤੋਂ ਇਲਾਵਾ ਦਾਲਾਂ ਅਤੇ ਤੇਲ ਵਾਲੀਆਂ (ਤਿਲਹਨ) ਫਸਲਾਂ ਲਗਾਈਆਂ।ਉਹ ਦੱਸਦੇ ਹਨ ਕਿ ਅਰਹਰ ਨੂੰ ਘੱਟ ਪਾਣੀ ਦੀ ਲੋੜ ਪੈਂਦੀ ਹੈ, ਉੱਚ ਬਾਜ਼ਾਰ ਮੁੱਲ ਹੈ ਅਤੇ ਇਸਦੇ ਬਾਕੀ ਹਿੱਸੇ ਨੂੰ ਚਾਰੇ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।ਕੁੱਝ ਕਿਸਾਨ ਦੱਸਦੇ ਹਨ ਕਿ ਅਰਹਰ ਉੱਚ ਤਾਪਮਾਨ ਵਿੱਚ ਲਾਭਕਾਰੀ ਫਸਲ ਹੈ ਅਤੇ ਕੀੜ੍ਹਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ।ਛੋਲਿਆਂ ਦੀ ਖੇਤੀ ਕੇਵਲ ਘਰੇਲੂ ਖਪਤ ਲਈ ਲਗਭਗ ਅੱਠ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ।ਇਸ ਲਈ ਵੀ ਘੱਟ ਪਾਣੀ ਦੀ ਲੋੜ ਪੈਂਦੀ ਹੈ।ਜਿੱਥੇ ਕਣਕ ਲਈ 7 ਤੋਂ 8 ਪਾਣੀਆਂ ਦੀ ਲੋੜ ਪੈਂਦੀ ਹੈ, ਉੱਥੇ ਛੋਲਿਆਂ ਦੇ ਵਧੀਆ ਝਾੜ ਲਈ 1 ਤੋਂ 2 ਪਾਣੀਆਂ ਦੀ ਲੋੜ ਪੈਂਦੀ ਹੈ।ਪਿਆਜ਼ ਅਤੇ ਟਮਾਟਰ ਦੇ ਇਲਾਵਾ ਬੰਦ ਗੋਭੀ, ਭਿੰਡੀ ਅਤੇ ਮਿਰਚਾਂ ਵੀ ਛੋਟੇ ਖੇਤਰ ਵਿੱਚ ਲਗਾਈਆਂ ਗਈਆਂ।ਇਹ ਘਰੇਲੂ ਜਰੂਰਤ ਪੂਰੀ ਕਰਨ ਦੇ ਨਾਲ ਨਾਲ ਬਾਜ਼ਾਰ ਵਿੱਚ ਵੇਚਣ ਲਈ ਵੀ ਸਨ।

ਗਰਮੀ ਦੀਆਂ ਫਸਲਾਂ ਤੋਂ ਹੋਣ ਵਾਲੀ ਵਧੀਆ ਆਮਦਨ ਨੇ ਕੁੱਝ ਪ੍ਰਗਤੀਸ਼ੀਲ ਕਿਸਾਨਾਂ ਨੂੰ ਆਕਰਸ਼ਿਤ ਕੀਤਾ।ਕੁੱਝ ਹੋਰ ਕਿਸਾਨਾਂ ਨੇ ਉਹਨਾਂ ਦਾ ਅਨੁਸਰਣ ਕੀਤਾ। ਹਾਲਾਂਕਿ, ਪਿਆਜ਼ ਅਤੇ ਟਮਾਟਰ ਬਹੁਤ ਜ਼ਿਆਦਾ ਪਾਣੀ ਦੀ ਮੰਗ ਕਰਨ ਵਾਲੀਆਂ ਫਸਲਾਂ ਸਨ, ਸੋ ਇਹਨਾਂ ਅਧੀਨ ਖੇਤਰ ਘੱਟ ਸੀ।ਇਸਦੀ ਬਜਾਏ ਉਹਨਾਂ ਨੇ ਚਾਰਾ ਅਤੇ ਮੱਕੀ, ਗਾਜਰ ਅਤੇ ਗੰਨਾ ਬੀਜਿਆ। ਮੱਕੀ ਅਧੀਨ ਖੇਤਰ 10 ਹੈਕਟੇਅਰ ਤੋਂ ਵਧ ਕੇ 23 ਹੈਕਟੇਅਰ ਹੋ ਗਿਆ।ਬਾਗਬਾਨੀ, ਜੋ ਕਿ ਵਾਟਰ੍ਸ਼ੈੱਡ ਵਿਕਾਸ ਪ੍ਰੋਗਰਾਮ ਤੋਂ ਪਹਿਲਾ ਬਿਲਕੁਲ ਹੀ ਨਦਾਰਦ ਸੀ, ਸ਼ੁਰੂ ਕੀਤੀ ਗਈ।

ਅਨਾਰ ਦੀ ਖੇਤੀ ਅਧੀਨ ਖੇਤਰ ਵਿੱਚ ਘੱਟ ਬਾਰਿਸ਼ ਦੇ ਬਾਵਜ਼ੂਦ 2012 ਵਿੱਚ 10 ਹੈਕਟੇਅਰ ਦਾ ਵਾਧਾ ਹੋਇਆ।ਕਾਰਨ ਇਹ ਪਾਇਆ ਗਿਆ ਕਿ ਬਾਜ਼ਾਰ ਵਿੱਚ ਇਸਦੀ ਜ਼ਿਆਦਾ ਮੰਗ ਦੇ ਇਲਾਵਾ, ਜਦ ਡ੍ਰਿਪ ਸਿੰਚਾਈ ਕੀਤੀ ਜਾਂਦੀ ਹੈ, ਇਹ ਘੱਟ ਪਾਣੀ ਮੰਗਦਾ ਹੈ ਅਤੇ ਤਾਪਮਾਨ ਪ੍ਰਤਿ ਜ਼ਿਆਦਾ ਸਹਿਣਸ਼ੀਲ ਹੈ।ਇਸਦੇ ਇਲਾਵਾ, ਇਸਦੇ ਲਈ ਦੂਜੀਆਂ ਫਸਲਾਂ ਦੇ ਮੁਕਾਬਲੇ ਘੱਟ ਮਜ਼ਦੂਰੀ ਦੀ ਲੋੜ ਪੈਂਦੀ ਹੈ ਜੋ ਕਿ ਕਿਸਾਨਾਂ ਲਈ ਬਹੁਤ ਮਹੱਤਵਪੂਰਨ ਹੈ।ਅੰਬਾਂ ਦੀ ਖੇਤੀ 0.33 ਹੈਕਟੇਅਰ ਉੱਪਰ ਕੀਤੀ ਗਈ। 3 ਕਿਸਾਨਾਂ ਦਰਮਿਆਨ, ਜਿੰਨਾਂ ਨੇ ਬਾਗਬਾਨੀ ਅਤੇ ਗਰਮੀਆਂ ਵਿੱਚ ਖੇਤੀ ਕੀਤੀ,ਮਾਰਚ-ਮਈ 2012 ਦੌਰਾਨ ਉਹਨਾਂ ਨੇ ਕੁੱਲ 80,000 ਰੁਪਏ ਦਾ ਨਿਵੇਸ਼ ਅਨਾਰ ਦੇ ਪੌਦਿਆਂ ਲਈ ਪਾਣੀ (50 ਟੈਂਕਰ) ਪ੍ਰਾਪਤ ਕਰਨ ਲਈ ਕੀਤਾ।

ਪਿੰਡ ਵਿੱਚ ਪਸ਼ੂਆਂ ਦੀ ਆਬਾਦੀ 156 ਹੈ ਜਿਸ ਵਿੱਚ ਦੋਗਲੀਆਂ ਗਾਵਾਂ ਵੀ ਸ਼ਾਮਿਲ ਹਨ ਅਤੇ ਪ੍ਰਤਿ ਦਿਨ ਦੁੱਧ ਦਾ ਉਤਪਾਦਨ ਔਸਤ 500 ਲਿਟਰ ਹੈ। ਇਹਨਾਂ ਗਰਮੀਆਂ ਵਿੱਚ, ਸੋਕੇ ਦੀਆਂ ਪਰਿਸਥਿਤੀਆਂ ਵਿੱਚ, ਉਤਪਾਦਨ ਘਟ ਕੇ ਲਗਭਗ 350 ਲਿਟਰ ਪ੍ਰਤਿ ਦਿਨ ਰਹਿ ਗਿਆ।ਜਿਵੇਂ ਕਿ ਕਿਸਾਨ ਮੰਨਦੇ ਹਨ ਕਿ ਉੱਚ ਤਾਪਮਾਨ ਵਿੱਚ ਦੁੱਧ ਦਾ ਉਤਪਾਦਨ ਘਟ ਜਾਂਦਾ ਹੈ, ਉਹ ਗਊਆਂ ਨੂੰ ਠੰਡਾ ਰੱਖਣ ਲਈ ਉਹਨਾਂ ਨੂੰ ਵਾਰ-ਵਾਰ ਨਹਿਲਾਉਂਦੇ ਹਨ ਜਿਸ ਨਾਲ ਕਿ ਦੁੱਧ ਉਤਪਾਦਨ ਵਿੱਚ ਵਾਧੇ ਲਈ ਮੱਦਦ ਮਿਲਦੀ ਹੈ।ਪਸ਼ੂਆਂ ਦੇ ਚਾਰੇ ਦੀ ਜਰੂਰਤ ਪੂਰੀ ਕਰਨ ਲਈ ਮੱਕੀ ਅਤੇ ਜਵਾਰ ਦੀ ਇੱਕ ਸਥਾਨਕ ਕਿਸਮ ਕਡਾਵਲ ਉਗਾਈ ਜਾਂਦੀ ਹੈ ਜਿਸ ਨੂੰ ਕਿ ਪਾਣੀ ਦੀ ਬਹੁਤ ਘੱਟ ਜਰੂਰਤ ਪੈਂਦੀ ਹੈ।ਕਿਸਾਨਾਂ ਨੇ ਪਸ਼ੂਆਂ ਨੂੰ ਗੰਨੇ ਅਤੇ ਗਾਜਰ ਦੇ ਡੰਡਲ ਖਵਾਉਣੇ ਵੀ ਸ਼ੁਰੂ ਕੀਤੇ ਹਨ ਜਿਸ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਕਰਕੇ ਦੁੱਧ ਦਾ ਉਤਪਾਦਨ ਵਧਦਾ ਹੈ।

ਜੈਵ ਵਿਭਿੰਨਤਾ ਵਿਭਿੰਨ ਪ੍ਰਕਾਰ ਦੀਆਂ ਜਰੂਰਤਾਂ ਪੂਰੀਆਂ ਕਰਦੀ ਹੈ।


ਉਤਪਾਦਨ ਵਿੱਚ ਅਨਿਸ਼ਚਿਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲ ਘਰ ਦੀ ਖਾਧ ਸੁਰੱਖਿਆ ਨੂੰ ਦਿੱਤੀ ਗਈ ਹੈ।ਅਨਾਜ ਦੀ ਖੇਤੀ ਕਰਨ ਵਾਲੇ ਸਾਰੇ ਕਿਸਾਨ ਇਹ ਪੂਰੀ ਤਰ੍ਹਾ ਆਪਣੀ ਘਰੇਲੂ ਖਪਤ ਲਈ ਕਰਦੇ ਹਨ।ਜੋ ਦਾਲਾਂ ਜਿਵੇਂ ਅਰਹਰ ਅਤੇ ਮੋਠ ਉਗਾਉਂਦੇ ਹਨ ਆਪਣੀ ਘਰੇਲੂ ਖਪਤ ਲਈ ਪ੍ਰਯੋਗ ਕਰਦੇ ਹਨ ਅਤੇ ਜੋ ਥੋੜ੍ਹਾ ਬਹੁਤ ਵਾਧੂ ਹੁੰਦਾ ਹੈ ਉਹ ਬਾਜ਼ਾਰ ਵਿੱਚ ਵੇਚਦੇ ਹਨ।ਸੋਇਆਬੀਨ ਦਾ ਸਾਰਾ ਉਤਪਾਦਨ ਬਾਜ਼ਾਰ ਲਈ ਕੀਤਾ ਜਾਂਦਾ ਹੈ ਜਦੋਂ ਕਿ ਮੂੰਗਫਲੀ ਦਾ ਉਤਪਾਦਨ ਸਿਰਫ ਘਰੇਲੂ ਖਪਤ ਲਈ ਕੀਤਾ ਜਾਂਦਾ ਹੈ।

ਜਿੰਨ੍ਹਾਂ ਕਿਸਾਨਾਂ ਨੇ ਸਾਲ 2012 ਵਿੱਚ ਸਬਜੀਆਂ ਜਾਂ ਖਾਣ ਯੋਗ ਨਕਦੀ ਫਸਲਾਂ ਦੀ ਖੇਤੀ ਕੀਤੀ, ਨੇ ਆਪਣੇ ਘਰੇਲੂ ਉਪਭੋਗ ਲਈ ਜਰੂਰੀ ਮਾਤਰਾ ਬਣਾਏ ਰੱਖੀ। ਸਨ ਹੈੰਪ ਦੇ ਬੀਜ ਵੇਚਣ ਨਾਲ ਕੁੱਝ ਆਮਦਨ ਮਿਲੀ, ਜਿੰਨਾਂ ਕਿਸਾਨਾਂ ਨੇ ਤਜ਼ਰਬੇ ਦੇ ਤੌਰ ਤੇ ਕਪਾਹ ਲਗਾਈ ਸੀ ਉਹਨਾਂ ਨੂੰ ਪ੍ਰਤਿ ਕੁਇੰਟਲ ਲਈ 4000 ਰੁਪਏ ਮਿਲੇ। ਇਸ ਪ੍ਰਕਾਰ ਸੋਕੇ ਦੇ ਇਸ ਸਾਲ ਦੌਰਾਨ ਵੀ ਉਹਨਾਂ ਲਈ ਖਾਧ ਅਤੇ ਪੋਸ਼ਣ ਸੁਰੱਖਿਆ ਨਿਸ਼ਚਿਤ ਹੋਣ ਦੇ ਨਾਲ ਹੀ ਆਮਦਨ ਵੀ ਪੱਕੀ ਕੀਤੀ।

ਸਿੱਟੇ



ਵਾਟਰਸ਼ੈੱਡ ਵਿਕਾਸ ਪ੍ਰੋਗਰਾਮ ਤੋਂ ਬਾਅਦ ਪਾਣੀ ਦੀ ਉਪਲਬਧਤਾ ਨੇ ਕਿਸਾਨਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕੀਤਾ ਹੈ ਅਤੇ ਉਹਨਾਂ ਨੂੰ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਵਿਵੇਕਪੂਰਨ ਤਰੀਕੇ ਨਾਲ ਸਰੋਤਾਂ ਦਾ ਇਸਤੇਮਾਲ ਕਰਕੇ ਤਜ਼ਰਬੇ ਕਰਨ ਲਈ ਪ੍ਰੋਤਸ਼ਾਹਿਤ ਕੀਤਾ ਹੈ। ਸੋਕੇ ਵਾਲੇ ਸਾਲ ਵਿੱਚ ਵੀ, ਕਿਸਾਨ ਪ੍ਰੰਪਰਿਕ ਫਸਲਾਂ ਵੱਲ ਹੀ ਮੁੜੇ। ਭੋਜਨ ਸੁਰੱਖਿਆ ਅਤੇ ਘਰ ਦੀਆਂ ਜਰੂਰਤਾਂ (ਚਾਰਾ) ਆਦਿ ਨੂੰ ਪਹਿਲ ਦਿੱਤੀ ਗਈ ਜਦੋਂਕਿ ਆਮਦਨ ਦੀਆਂ ਜਰੂਰਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ।

ਵਾਟਰਸ਼ੈੱਡ ਵਿਕਾਸ ਨੇ ਪਾਣੀ ਦੀ ਉਪਲਬਧਤਾ ਅਤੇ ਜਮੀਨ ਦੀ ਉਤਪਾਦਕਤਾ ਵਧਾਉਣ ਦੇ ਨਾਲ ਹੀ ਕਿਸਾਨਾਂ ਦੀ ਜੋਖਿਮ ਲੈਣ ਦੀ ਸਮਰੱਥਾ ਨੂੰ ਵਧਾਉਣ ਵਿੱਚ ਵੀ ਯੋਗਦਾਨ ਦਿੱਤਾ ਹੈ। ਖੁੰਬਰਵਾੜੀ ਦੇ ਕਿਸਾਨਾਂ ਦੀ ਸੋਕੇ ਦੌਰਾਨ ਵੀ ਸਿੱਖਣ ਅਤੇ ਤਜ਼ਰਬੇ ਕਰਨ ਦੀ ਉਤਸੁਕਤਾ ਉਹਨਾਂ ਦੀ ਗਣਨਾਤਮਕ ਫੈਸਲੇ ਲੈਣ ਦੀ ਯੋਗਤਾ ਦਿਖਾਉਂਦੀ ਹੈ।ਜਦੋਂ ਟਿਕਾਊ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ ਗਿਆ ਤਾਂ ਇਸਨੇ ਕਿਸਾਨਾਂ ਵਿੱਚ ਚਰਮ ਦੀਆਂ ਮੌਸਮੀ ਪਰਿਸਥਿਤੀਆਂ ਦਾ ਸਾਹਮਣਾ ਕਰਨ ਅਤੇ ਜਲਵਾਯੂ ਪਰਿਵਰਤਨ ਦੇ ਅਨਕੂਲ ਢਲਣ ਲਈ ਬਹੁਤ ਵੱਡਾ ਯੋਗਦਾਨ ਦਿੱਤਾ।

ਈਸ਼ਵਰ ਕਾਲੇ ਵਾਟਰਸ਼ੈੱਡ ਆਰਗਨਾਈਜ਼ੇਸ਼ਨ ਟ੍ਰਸਟ, ਪੁਣੇ ਵਿੱਚ ਸੀਨੀਅਰ ਰਿਸਰਚਰ ਹਨ ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ, ਮੁੰਬਈ ਵਿੱਚ ਡਾਕਟਰਲ ਵਿਦਿਆਰਥੀ ਹਨ।

ਡਾ. ਮਾਰਸੇਲਾ ਡਿਸੂਜਾ ਵਾਟਰਸ਼ੈੱਡ ਆਰਗਨਾਈਜ਼ੇਸ਼ਨ ਟ੍ਰਸਟ ਦੇ ਕਾਰਜਕਾਰੀ ਨਿਰਦੇਸ਼ਕ ਹਨ।