ਸਬਜ਼ੀਆਂ ਦੀ ਬਹੁਪਰਤੀ ਖੇਤੀ

Submitted by kvm on Mon, 08/11/2014 - 11:13
ਕਿਸਾਨ ਅਕਸਰ ਆਪਣੇ ਖੇਤਾਂ ਵਿੱਚ ਨਵੇਂ ਵਿਚਾਰ ਅਪਣਾਉਂਦੇ ਹਨ ਅਤੇ ਅਵਿਸ਼ਕਾਰਾਂ ਅਤੇ ਅਨੁਕੂਲਨ ਰਾਹੀ ਕਈ ਸਾਰੀਆਂ ਸਥਾਨਕ ਤਕਨੀਕਾਂ ਵਿਕਸਿਤ ਕਰਦੇ ਹਨ। ਇਹ ਅਵਿਸ਼ਕਾਰ ਸਥਾਨੀ ਵਾਤਾਵਰਣ ਆਧਾਰਿਤ ਡੂੰਘੇ ਗਿਆਨ ਉੱਪਰ ਆਧਾਰਿਤ ਹੁੰਦੇ ਹਨ। ਇਸ ਲੇਖ ਵਿੱਚ ਅਸੀਂ ਉੱਤਰਾਖੰਡ ਸੂਬੇ ਦੇ ਇੱਕ ਪਿੰਡ ਵਿੱਚ ਸੀਮਾਂਤ ਕਿਸਾਨਾਂ ਦੁਆਰਾ ਸਬਜੀਆਂ ਉਗਾਉਣ ਦੀ ਨਵੀਨ ਤਕਨੀਕ ਬਾਰੇ ਜਾਣਕਾਰੀ ਦੇਵਾਂਗੇ।
ਮਕਰਾਓ, ਸਮੁੰਦਰ ਤਲ ਤੋਂ 1100 ਮੀਟਰ ਉਚਾਈ 'ਤੇ ਵਸਿਆ ਉੱਤਰਾਖੰਡ ਸੂਬੇ ਦੇ ਕੁਮਾਂਊ ਖੇਤਰ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਵਿੱਚ 85 ਘਰ ਹਨ ਜੋ ਕਿ ਮੁੱਖ ਤੌਰ 'ਤੇ ਖੇਤੀ ਅਤੇ ਉਸ ਨਾਲ ਸੰਬੰਧਿਤ ਗਤੀਵਿਧੀਆਂ ਉੱਪਰ ਨਿਰਭਰ ਹਨ। 50 ਹੈਕਟੇਅਰ ਦੇ ਲਗਭਗ ਖੇਤਰ ਖੇਤੀ ਅਧੀਨ ਹੈ। 90 ਪ੍ਰਤੀਸ਼ਤ ਦੇ ਲਗਭਗ ਜ਼ਮੀਨ ਵਰਖਾ ਆਧਾਰਿਤ ਹੈ ਜਿਸ ਉੱਪਰ ਕੰਗਨੀ, ਕੋਧਰਾ ਝੋਨਾ, ਕਣਕ ਅਤੇ ਸਰੋਂ ਉਗਾਉਂਦੇ ਹਨ। ਸਿੰਚਾਈ ਵਾਲੀ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਉੱਪਰ ਸਬਜੀਆਂ ਉਗਾਈਆਂ ਜਾਂਦੀਆਂ ਹਨ। ਪਿੰਡ ਵਿੱਚ ਵਾਹੀਯੋਗ ਔਸਤ ਜ਼ਮੀਨ 0.58 ਹੈਕਟੇਅਰ ਹੈ। ਪ੍ਰਵਾਸੀਆਂ ਦੀ ਵਾਹੀਯੋਗ ਜ਼ਮੀਨ ਨੂੰ ਜਾਂ ਤਾਂ ਉਹਨਾਂ ਦੇ ਰਿਸ਼ਤੇਦਾਰ ਵਾਹੁੰਦੇ ਹਨ ਜਾਂ ਗਵਾਂਢੀ। ਇਸ ਤਰਾ ਸਾਰੀ ਜ਼ਮੀਨ ਨੂੰ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ। ਪਿੰਡ ਸੜਕਾਂ ਨਾਲ ਵਧੀਆ ਜੁੜਿਆ ਹੋਇਆ ਹੈ ਇਸ ਲਈ ਬਾਜ਼ਾਰ ਤੱਕ ਪਹੁੰਚ ਅਤੇ ਆਵਾਜਾਈ ਦੀ ਵਧੀਆ ਸੁਵਿਧਾ ਹੈ।
ਅਵਿਸ਼ਕਾਰ- ਸਬਜੀਆਂ ਦੀ ਬਹੁਪਰਤੀ ਖੇਤੀ
ਇੱਕ ਸਦੀ ਪਹਿਲਾ, ਪਿੰਡ ਦੇ ਬਜ਼ੁਰਗਾਂ ਨੇ ਮਿਲ ਕੇ ਪਿੰਡ ਦੀ 5 ਹੈਕਟੇਅਰ ਜ਼ਮੀਨ ਸਬਜ਼ੀਆਂ ਦੀ ਬਿਜਾਈ ਲਈ ਤਿਆਰ ਕੀਤੀ। ਪਹਿਲਾਂ ਜ਼ਮੀਨ ਦੀ ਸਿੰਚਾਈ ਸਥਾਨੀ ਵਿਕਸਿਤ 'ਗੂਲ' ਜੋ ਕਿ ਪਾਣੀ ਇਕੱਠਾ ਕਰਨ ਦਾ ਟੈਂਕ ਸੀ, ਰਾਹੀ ਕੀਤੀ ਜਾਂਦੀ ਸੀ। ਹੁਣ ਸਰਕਾਰੀ ਵਿਭਾਗਾਂ/ਸਕੀਮਾਂ ਰਾਹੀ ਵਿਕਸਿਤ ਨਹਿਰਾਂ ਰਾਂਹੀ ਸਿੰਚਾਈ ਕੀਤੀ ਜਾਂਦੀ ਹੈ। ਸ਼ੁਰੂਆਤ ਵਿੱਚ ਸਬਜ਼ੀਆਂ ਜਿਵੇਂ ਗਾਜਰ, ਆਲੂ, ਅਰਬੀ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮਸਾਲੇ ਜਿਵੇਂ ਧਨੀਆ, ਹਲਦੀ, ਲਹੁਸਣ ਆਦਿ ਏਕਲ ਫ਼ਸਲ ਦੇ ਰੂਪ ਵਿੱਚ ਉਗਾਈਆਂ ਜਾਂਦੀਆਂ ਸਨ।
ਜਿੰਨਾ ਜ਼ਮੀਨਾਂ ਉੱਪਰ ਅਰਬੀ ਏਕਲ ਫ਼ਸਲ ਦੇ ਰੂਪ ਵਿੱਚ ਲਗਾਈ ਜਾਂਦੀ ਸੀ ਉੱਥੇ ਦੂਸਰੀ ਫ਼ਸਲ ਲੈਣ ਦੀ ਕੋਈ ਸੰਭਾਵਨਾ ਨਹੀਂ ਸੀ। ਅਰਬੀ ਦੀ ਇੱਕ ਫ਼ਸਲ 7-8 ਮਹੀਨੇ ਦਾ ਸਮਾਂ ਲੈਂਦੀ ਹੈ। ਇਹ ਹਰ ਸਾਲ ਜਨਵਰੀ ਵਿੱਚ ਲਗਾਈ ਜਾਂਦੀ ਹੈ। ਅਰਬੀ ਉੱਗਣ ਵਿੱਚ 60-80 ਦਿਨ ਲੈਂਦੀ ਹੈ। ਇਸ ਗੱਲ ਨੂੰ ਮਹਿਸੂਸ ਕਰਦੇ ਹੋਏ ਕਿ ਅਰਬੀ ਦੇ ਖੇਤਾਂ ਵਿੱਚ ਮਿੱਟੀ ਦੀ ਉੱਪਰਲੀ ਪਰਤ ਅਰਬੀ ਦੇ ਦੇਰੀ ਨਾਲ ਉੱਗਣ ਕਰਕੇ ਇੱਕ ਖ਼ਾਸ ਸਮੇਂ ਲਈ ਬਿਨਾਂ ਵਰਤੇ ਪਈ ਰਹਿੰਦੀ ਹੈ, ਕਿਸਾਨਾਂ ਨੇ ਵਧੀਆ ਉਤਪਾਦਨ ਲਈ ਸ੍ਰੋਤਾਂ ਨੂੰ ਵਧੀਆ ਢੰਗ ਨਾਲ ਵਰਤਣ ਲਈ ਤਰੀਕੇ ਲੱਭੇ। ਕਿਸਾਨਾਂ ਨੇ ਸਭ ਤੋਂ ਪਹਿਲਾਂ ਮਿੱਟੀ ਦੀ ਉੱਪਰਲੀ ਪਰਤ ਵਿੱਚ ਛੋਟੀ ਅਵਧੀ ਦੀਆਂ ਹਰੀਆਂ ਪੱਤੇਦਾਰ ਸਬਜੀਆਂ ਲਗਾਈਆਂ ਜਦ ਤੱਕ ਕਿ ਅਰਬੀ ਉੱਗ ਨਾ ਆਵੇ। ਕਿਉਕਿ ਅਰਬੀ ਦੇਰੀ ਨਾਲ ਉੱਗਣ ਵਾਲੀ ਫ਼ਸਲ ਹੈ ਅਤੇ ਆਪਣਾ ਕਾਲ 7-8 ਮਹੀਨੇ ਵਿੱਚ ਪੂਰਾ ਕਰਦੀ ਹੈ, ਕਿਸਾਨਾਂ ਨੇ ਅਰਬੀ ਦੇ ਖੇਤਾਂ ਵਿੱਚ ਅੱਗੇ ਹੋਰ ਤਜ਼ਰਬੇ ਕੀਤੇ। ਕਿਸਾਨਾਂ ਨੇ ਅਰਬੀ ਦੀ ਬਿਜਾਈ ਦੀ ਡੂੰਘਾਈ 10-20 ਸੈ.ਮੀ. ਤੋਂ ਵਧਾ ਕੇ 20-30 ਸੈ.ਮੀ. ਕਰ ਦਿੱਤੀ ਅਤੇ ਅਰਬੀ ਉੱਪਰ ਵੱਟਾਂ ਬਣਾ ਕੇ ਆਲੂ ਦੀ ਬਿਜਾਈ ਕਰ ਦਿੱਤੀ। ਅੰਤ ਵਿੱਚ ਕਿਸਾਨਾਂ ਨੇ ਬਿਜਾਈ ਦੀ ਬਹੁਪਰਤੀ ਤਕਨੀਕੀ ਵਿਕਸਿਤ ਕਰ ਲਈ ਜਿਸ ਵਿੱਚ ਤਿੰਨ ਤਰਾ ਦੀਆਂ ਸਬਜ਼ੀਆਂ- ਅਰਬੀ, ਆਲੂ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਬੀਜ/ਬੀਜ ਕੰਦ ਮਿੱਟੀ ਦੀ ਡੂੰਘੀ, ਵਿਚਕਾਰਲੀ ਅਤੇ ਉੱਪਰਲੀ ਪਰਤ ਵਿੱਚ ਲਗਾਈਆਂ ਜਾਂਦੀਆਂ ਹਨ। ਇਸ ਨਵੀਂ ਤਕਨੀਕ ਜੋ ਕਿ ਬਹੁਪਰਤੀ ਤਕਨੀਕ ਦੇ ਨਾਂ ਨਾਲ ਮਸ਼ਹੂਰ ਹੈ, ਨੂੰ ਵਰਤ ਕੇ ਕਿਸਾਨਾਂ ਨੇ ਇਕਾਈ ਖੇਤਰ ਤੋਂ ਵੱਧ ਤੋਂ ਵੱਧ ਝਾੜ ਲੈਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸੁਧਰੀ ਹੋਈ ਤਕਨੀਕ ਨੂੰ ਵਰਤਦਿਆਂ , ਕਿਸਾਨਾਂ ਨੇ ਜ਼ਿਆਦਾ ਵੱਡੇ ਖੇਤਾਂ ਵਿੱਚ ਜਨਵਰੀ ਮਹੀਨੇ ਵਿੱਚ ਸਭ ਤੋਂ ਪਹਿਲਾਂ ਅਰਬੀ ਲਗਾਈ। 10-15 ਸੈ.ਮੀ. ਦੀ ਡੂੰਘਾਈ 'ਤੇ ਆਲੂ ਤੋਂ ਉੱਪਰ ਉਹਨਾਂ ਨੇ ਆਲੂ ਦੀ ਬਿਜਾਈ ਕੀਤੀ ਅਤੇ ਫਿਰ ਮਿੱਟੀ ਦੀ ਸਭ ਤੋਂ ਉੱਪਰਲੀ ਪਰਤ (0-5 ਸੈ.ਮੀ.)ਵਿੱਚ ਉਹਨਾਂ ਨੇ ਹਰੀਆਂ ਪੱਤੇਦਾਰ ਸਬਜੀਆਂ ਦੀ ਬਿਜਾਈ ਕੀਤੀ। ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਵਿੱਚ ਬੀਜੀਆਂ ਹਰੀਆਂ ਪੱਤੇਦਾਰ ਸਬਜੀਆਂ ਜਲਦੀ ਹੀ ਉੱਗ ਆਈਆਂ ਅਤੇ ਫਰਵਰੀ ਦੇ ਅੰਤ ਵਿੱਚ 20-25 ਦਿਨਾਂ ਵਿੱਚ ਉਹਨਾਂ ਦੀ ਕਟਾਈ ਹੋ ਗਈ। ਹਰੀਆਂ ਸਬਜੀਆਂ ਦੀ ਕਟਾਈ ਤੋਂ ਤੁਰੰਤ ਬਾਅਦ ਆਲੂ ਉੱਗ ਆਏ। ਇਹਨਾਂ ਦੀ ਦੋ ਵਾਰ ਗੁਡਾਈ ਕੀਤੀ ਗਈ ਅਤੇ ਮਈ ਵਿੱਚ ਕਟਾਈ ਕੀਤੀ ਗਈ। ਆਲੂ ਦੀ ਕਟਾਈ ਤੋਂ ਬਾਅਦ ਅਰਬੀ ਉੱਗੀ ਅਤੇ ਅਕਤੂਬਰ ਵਿੱਚ ਕਟਾਈ ਕੀਤੀ ਗਈ। ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿੱਚ ਅਰਬੀ ਵਾਲੇ ਖੇਤਾਂ ਨੂੰ ਪਿਆਜ਼ ਦੀ ਪਨੀਰੀ ਉਗਾਉਣ ਲਈ ਵਰਤਿਆ ਜਿਸਦੀ ਕਿ ਸਰਦੀਆਂ ਦੇ ਮੌਸਮ ਦੀ ਫ਼ਸਲ ਦੇ ਤੌਰ 'ਤੇ ਪੂਰੇ ਖੇਤਰ ਵਿੱਚ ਬਹੁਤ ਜ਼ਿਆਦਾ ਮੰਗ ਸੀ। ਸਬਜ਼ੀਆਂ ਦੇ ਬਾਕੀ ਖੇਤਾਂ 'ਚ, ਜੋ ਕਿ ਅਰਬੀ ਦੇ ਖੇਤਾਂ ਦੇ ਮੁਕਾਬਲੇ ਛੋਟੇ ਸਨ, ਅਤੇ ਜਿੰਨਾ ਵਿੱਚ ਬਿਜਾਈ ਦੀ ਬਹੁਪਰਤੀ ਤਕਨੀਕ ਨਹੀਂ ਵਰਤੀ ਗਈ, ਓਥੇ ਪੂਰਾ ਸਾਲ ਵਿਭਿੰਨ ਤਰਾ ਦੀਆਂ ਮੌਸਮੀ ਸਬਜ਼ੀਆਂ ਉਗਾਈਆਂ ਗਈਆਂ। ਸਬਜ਼ੀਆਂ ਜਾਂ ਤਾਂ ਨੇੜੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੁਆਰਾ ਸਿੱਧਿਆਂ ਵੇਚੀਆਂ ਗਈਆਂ ਜਾਂ ਫਿਰ ਪਿੰਡ ਦਾ ਇੱਕ ਵਿਅਕਤੀ ਸਾਰੀ ਸਬਜ਼ੀ ਖਰੀਦ ਲੈਂਦਾ ਹੈ ਅਤੇ ਬਾਅਦ ਵਿੱਚ ਨੇੜੇ ਦੀਆਂ ਮੰਡੀਆਂ ਵਿੱਚ ਵੇਚ ਦਿੰਦਾ ਹੈ।
ਇੱਕ ਫ਼ਸਲ ਦੀ ਜਗਾ ਤਿੰਨ ਫ਼ਸਲਾਂ ਉਗਾਉਣ ਨਾਲ ਕੁਦਰਤੀ ਰੂਪ 'ਚ ਫ਼ਸਲਾਂ ਦਰਮਿਆਨ ਪਾਣੀ ਅਤੇ ਪੋਸ਼ਕ ਤੱਤਾਂ ਲਈ ਮੁਕਾਬਲਾ ਹੋਣਾ ਜ਼ਰੂਰੀ ਹੈ। ਹਾਲਾਂਕਿ ਮਕਰਾਓ ਪਿੰਡ ਵਿੱਚ ਅਪਣਾਏ ਗਏ ਬਿਜਾਈ ਦੇ ਬਹੁਪਰਤੀ ਤਰੀਕੇ ਵਿੱਚ ਕਿਸਾਨਾਂ ਨੇ ਇਸ ਮੁਕਾਬਲੇ ਨੂੰ ਬੜੀ ਚੰਗੀ ਤਰਾ ਨਜਿੱਠਿਆ। ਕਿਉਂਕਿ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਇਸਲਈ ਗਰਮੀ ਦੇ ਦਿਨਾਂ ਵਿੱਚ ਵੀ ਸਿੰਚਾਈ ਲਈ ਪਾਣੀ ਦੀ ਕਮੀ ਦੀ ਕੋਈ ਸਮੱਸਿਆ ਨਹੀਂ ਆਈ। ਕਿਸਾਨਾਂ ਨੇ ਆਮ ਸਹਿਮਤੀ ਬਣਾਉਂਦਿਆਂ ਤੈਅ ਕੀਤਾ ਕਿ ਹਰ ਇੱਕ ਕਿਸਾਨ ਵਾਰੀ ਵਾਰੀ ਨਾਲ ਟੈਂਕ ਵਿੱਚ ਭੰਡਾਰਿਤ ਪਾਣੀ ਨੂੰ ਆਪਣੀ ਜ਼ਮੀਨ ਦੀ ਸਿੰਚਾਈ ਲਈ ਪੂਰਾ ਦਿਨ ਵਰਤ ਸਕਦਾ ਹੈ। ਇਸ ਤਰਾ ਨਾਲ ਨਿਯਮਿਤ ਅੰਤਰਾਲ 'ਤੇ ਹਰ ਕਿਸਾਨ ਆਪਣੀ ਜ਼ਮੀਨ ਨੂੰ ਪਾਣੀ ਦੇ ਸਕਿਆ। ਪੋਸ਼ਕ ਤੱਤਾਂ ਦੇ ਪ੍ਰਬੰਧਨ ਲਈ ਉਹਨਾਂ ਨੇ ਬਹੁਪਰਤੀ ਬਿਜਾਈ ਵਾਲੇ ਖੇਤਾਂ ਵਿੱਚ ਦਸੰਬਰ ਦੇ ਮਹੀਨੇ (ਅਰਬੀ, ਆਲੂ ਅਤੇ ਹਰੀਆਂ ਸਬਜ਼ੀਆਂ ਦੀ ਬਿਜਾਈ ਤੋਂ ਪਹਿਲਾਂ) ਵਿੱਚ ਬਹੁਤ ਵੱਡੀ ਮਾਤਰਾ ਵਿੱਚ ਗੋਬਰ ਖਾਦ ਪਾਈ। ਆਮ ਤੌਰ 'ਤੇ ਬਹੁਪਰਤੀ ਬਿਜਾਈ ਵਾਲਾ ਖੇਤ ਕਿਸਾਨ ਦੇ ਘਰ ਦੇ ਕੋਲ ਹੀ ਸੀ ਸੋ ਅਜਿਹੇ ਖੇਤ ਵਿੱਚ ਖਾਦ ਦੇਣ ਵਿੱਚ ਕੋਈ ਮੁਸ਼ਕਿਲ ਨਹੀਂ ਆਈ। ਇਸ ਸਭ ਤੋਂ ਵੀ ਵੱਧ ਮਹੱਤਵਪੂਰਨ, ਜ਼ਰੂਰਤ ਮੁਤਾਬਿਕ ਪਾਣੀ ਅਤੇ ਖਾਦ ਦੀ ਉਪਲਬਧਤਾ ਨੇ ਮਕਰਾਓ ਪਿੰਡ ਵਿੱਚ ਬਿਜਾਈ ਦੀ ਬਹੁਪਰਤੀ ਵਿਵਸਥਾ ਨੂੰ ਵਿਵਹਾਰਿਕ ਬਣਾਇਆ।
ਕਿਉਂਕਿ ਤਿੰਨ ਫ਼ਸਲਾਂ ਇਕੱਠੀਆਂ ਉਗਾਈਆਂ ਜਾ ਰਹੀਆਂ ਹਨ, ਨਵੀਂ ਤਕਨੀਕ ਦੇ ਨਤੀਜੇ ਵਜੋਂ ਅਰਬੀ ਦੇ ਖੇਤਾਂ ਵਿੱਚ ਪ੍ਰਤਿ ਇਕਾਈ ਉਤਪਾਦਨ ਵਧਿਆ ਹੈ। ਇਸ ਢੰਗ ਵਿੱਚ ਨਿਵੇਸ਼-ਆਗਤ ਅਨੁਪਾਤ (ਪੈਸੇ ਦੇ ਰੂਪ 'ਚ) 1:8 ਪਾਇਆ ਗਿਆ ਜੋ ਕਿ ਖੇਤਰ ਦੇ ਬਾਕੀ ਪਿੰਡਾਂ ਵਿੱਚ ਆਲੂ (1:2), ਟਮਾਟਰ (1:5), ਸ਼ਿਮਲਾ ਮਿਰਚ (1: 2) ਅਤੇ ਮਟਰ (1:2) (ਏਕਲ ਖੇਤੀ ਵਿੱਚ) ਨਿਵੇਸ਼-ਆਗਤ ਅਨੁਪਾਤ ਨਾਲੋਂ ਕਿਤੇ ਵੱਧ ਸੀ।
ਸਿੱਟਾ
ਮਕਰਾਓ ਪਿੰਡ ਵਿੱਚ ਸਬਜ਼ੀਆਂ ਦੀ ਬਹੁਪਰਤੀ ਬਿਜਾਈ ਘੱਟ ਜ਼ਮੀਨੀ ਸ੍ਰੋਤਾਂ ਦਾ ਪੂਰਾ ਫ਼ਾਇਦਾ ਲੈਣ ਲਈ ਮਿੱਟੀ ਅਤੇ ਪਾਣੀ ਦੇ ਸ੍ਰੋਤਾਂ ਦੇ ਨਿਆਂਇਕ ਉਪਯੋਗ ਦਾ ਬਹੁਤ ਵਧੀਆ ਉਦਾਹਰਣ ਹੈ। ਨਾਲ ਹੀ, ਖੇਤੀ ਵਿੱਚ ਇਸ ਤਕਨੀਕ ਦੇ ਲਾਗੂ ਹੋਣ ਦਾ ਇੱਕ ਮਹੱਤਵਪੂਰਨ ਕਾਰਨ ਮੰਡੀਆਂ ਤੱਕ ਪਹੁੰਚ ਹੋਣਾ ਵੀ ਹੈ। ਖੇਤਰ ਵਿੱਚ ਖੇਤੀ ਮਾਹਿਰਾਂ ਵਿਚਕਾਰ ਇਹ ਪਿੰਡ ਸਾਰੇ ਪਿੰਡਾਂ ਵਿੱਚੋਂ ਇੱਕ ਆਦਰਸ਼ ਪਿੰਡ ਦੇ ਤੌਰ 'ਤੇ ਮੰਨਿਆ ਗਿਆ ਹੈ। ਸਬਜ਼ੀਆਂ ਦੀ ਬਿਜਾਈ ਵਾਲੀ ਇਸ ਤਕਨੀਕ ਵਿੱਚ ਮਿੱਟੀ ਦੀ ਨਮੀ ਅਤੇ ਪੋਸ਼ਕ ਤੱਤ ਅਗਾਊਂ ਖੋਜ ਦੇ ਲਈ ਦਿਲਚਸਪੀ ਦਾ ਵਿਸ਼ਾ ਹੋ ਸਕਦੇ ਹਨ।
ਲੇਖਕ ਜੀ ਬੀ ਪੰਤ ਸੰਸਥਾਨ ਦੇ ਹਿਮਾਲਿਆ ਵਾਤਾਵਰਣ ਅਤੇ ਵਿਕਾਸ, ਅਲਮੋਰਾ, ਭਾਰਤ ਦੇ ਨਿਰਦੇਸ਼ਕ ਦੇ ਉਤਸ਼ਾਹ ਦੇਣ ਅਤੇ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਧੰਨਵਾਦੀ ਹਨ। ਮਕਰਾਓ ਦੇ ਕਿਸਾਨਾਂ ਦਾ ਵੀ ਧੰਨਵਾਦ ਜਿੰਨਾ ਨੇ ਆਪਣਾਂ ਸਮਾਂ ਅਤੇ ਗਿਆਨ ਸਾਂਝਾ ਕੀਤਾ।
ਪ੍ਰਕਾਸ਼ ਸਿੰਘ (ਰਿਸਰਚ ਸਕਾਲਰ) ਅਤੇ ਜੀ ਸੀ ਐਸ ਨੇਗੀ (ਵਿਗਿਆਨੀ 'ਡੀ')ਹਿਮਾਲਿਆ ਵਾਤਾਵਾਰਣ ਅਤੇ ਵਿਕਾਸ ,ਜੀ ਬੀ ਪੰਤ ਸੰਸਥਾਨਕੋਸੀ-ਕਟਾਰਾਮਲ,ਅਲਮੋਰਾ, ਉੱਤਰਾਖੰਡ, ਭਾਰਤਈਮੇਲ- dhailaparkash0yahoo.com