ਵਿਦਰਭ, ਜੋ ਕਿ ਜ਼ਿਆਦਾਤਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਲਈ ਜਾਣਿਆ ਜਾਂਦਾ ਹੈ, ਵਿੱਚ ਖੁਸ਼ਕਿਸਮਤੀ ਨਾਲ ਕੁੱਝ ਅਜਿਹੇ ਕਿਸਾਨ ਹਨ ਜਿੰਨਾਂ ਨੇ ਜੈਵਿਕ ਤਰੀਕਿਆਂ ਰਾਹੀ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ| ਸੁਭਾਸ਼ ਸ਼ਰਮਾ ਜੀ ਅਜਿਹੇ ਹੀ ਇੱਕ ਕਿਸਾਨ ਹਨ|
ਹੈਰਾਨਗੀ ਦੀ ਗੱਲ ਹੈ ਕਿ ਜਿੰਦਗੀ ਅਤੇ ਭੋਜਨ ਦਾ ਸ੍ਰੋਤ ਹੋਣ ਦੇ ਬਾਵਜ਼ੂਦ ਮਿੱਟੀ ਨੂੰ ਪੂਰੀ ਤਰ੍ਹਾ ਨਹੀ ਸਮਝਿਆ ਗਿਆ ਹੈ| ਮਹਾਂਰਾਸ਼ਟਰ ਦੇ ਵਿਦਰਭ ਖੇਤਰ ਵਿੱਚ, ਬਹੁਤ ਸਾਰੇ ਕਿਸਾਨ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਬਹੁਤ ਜ਼ਿਆਦਾ ਵਰਤਣ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਦੇ ਘਟਣ ਕਾਰਨ ਖੇਤੀ ਵਿੱਚ ਕਈ ਵਾਰ ਨੁਕਸਾਨ ਉਠਾ ਚੁੱਕੇ ਹਨ| ਵਿਦਰਭ, ਜੋ ਕਿ ਜ਼ਿਆਦਾਤਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਲਈ ਜਾਣਿਆ ਜਾਂਦਾ ਹੈ, ਵਿੱਚ ਖੁਸ਼ਕਿਸਮਤੀ ਨਾਲ ਕੁੱਝ ਅਜਿਹੇ ਕਿਸਾਨ ਹਨ ਜਿੰਨਾਂ ਨੇ ਜੈਵਿਕ ਤਰੀਕਿਆਂ ਰਾਹੀ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਹਾਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ| ਸੁਭਾਸ਼ ਸ਼ਰਮਾ ਜੀ ਅਜਿਹੇ ਹੀ ਇੱਕ ਕਿਸਾਨ ਹਨ|
ਸੁਭਾਸ਼ ਸ਼ਰਮਾ, ਵਿਦਰਭ ਖੇਤਰ ਦੇ ਯਵਤਮਾਲ ਜਿਲ੍ਹੇ ਦੇ ਰਹਿਣ ਵਾਲੇ ਜੈਵਿਕ ਕਿਸਾਨ, ਨੇ 1975 ਵਿੱਚ ਰਸਾਇਣਿਕ ਤਰੀਕਿਆਂ ਨਾਲ ਖੇਤੀ ਸ਼ੁਰੂ ਕੀਤੀ। ਸ਼ੁਰੂਆਤ ਵਿੱਚ ਓਹਨਾਂ ਨੇ ਵਧੀਆ ਝਾੜ ਪ੍ਰਾਪਤ ਕੀਤਾ, ਪ੍ਰੰਤੂ 1986 ਤੋਂ ਬਾਅਦ ਮਿੱਟੀ ਦੀ ਉਤਪਾਦਕ ਸ਼ਕਤੀ ਤੇਜ਼ੀ ਨਾਲ ਘਟੀ ਅਤੇ ਓਹਨਾਂ ਨੂੰ ਬਹੁਤ ਘਾਟਾ ਹੋਇਆ|ਸੰਨ 1996 ਵਿੱਚ, ਓਹਨਾਂ ਨੇ ਬੀਜਾਂ, ਮਿੱਟੀ, ਪਾਣੀ, ਫਸਲ ਪ੍ਰਣਾਲੀ ਅਤੇ ਕਿਰਤ ਪ੍ਰਬੰਧਨ ਆਦਿ ਉੱਪਰ ਧਿਆਨ ਕੇਂਦ੍ਰਿਤ ਕਰਕੇ ਕੁਦਰਤੀ ਖੇਤੀ ਸ਼ੁਰੂ ਕੀਤੀ| ਓਹਨਾਂ ਦਾ ਇਹ ਦ੍ਰਿੜ ਵ੍ਹਿਵਾਸ ਹੈ ਕਿ ਗਊਆਂ, ਰੁੱਖ, ਪੰਛੀ ਅਤੇ ਬਨਸਪਤੀ ਚਾਰ ਮੁੱਖ ਕਾਰਕ ਹਨ ਜੋ ਖੇਤੀ ਨੂੰ ਟਿਕਾਊ ਬਣਾਉਂਦੇ ਹਨ| ਸ਼ਰਮਾ ਜੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੁੱਝ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਨ ਜਿੰਨਾਂ ਦੇ ਨਤੀਜੇ ਵਜੋਂ ਉਤਪਾਦਕਤਾ ਵਧੀ ਹੈ|
ਅਲੌਕਿਕ ਖਾਦ ਦਾ ਇਸਤੇਮਾਲ ਸ਼ਰਮਾ ਜੀ ਦਾ ਕਹਿਣਾ ਹੈ ਕਿ ਇੱਕ ਗਊ 3 ਏਕੜ ਜ਼ਮੀਨ ਦੀ ਖਾਦ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ| ਸ਼ਰਮਾ ਜੀ ਗੋਬਰ ਦੀ 3 ਟਨ ਖਾਦ ਵਿੱਚ 8 ਕੁਇੰਟਲ ਤਲਾਬ ਦੀ ਮਿੱਟੀ ਜਾਂ ਰੁੱਖ ਦੇ ਹੇਠਾਂ ਦੀ ਮਿੱਟੀ ਮਿਲਾ ਕੇ ਅਲੌਕਿਕ ਖਾਦ ਤਿਆਰ ਕਰਦੇ ਹਨ| ਰੁੱਖ ਦੇ ਹੇਠਾਂ ਦੀ ਮਿੱਟੀ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਕਿਉੱਕਿ ਇਹ ਪੱਤਿਆਂ ਅਤੇ ਪੰਛੀਆਂ ਦੀਆਂ ਬਿੱਠਾਂ ਦੇ ਸੜਨ ਕਰਕੇ ਸੂਖ਼ਮ ਬਨਸਪਤੀ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ| ਇਸ ਮਿਸ਼ਰਣ ਵਿੱਚ, 100 ਕਿਲੋ ਅਰਹਰ, ਤੂੜੀ (ਦਾਲਾਂ ਦੀ ਪ੍ਰੋਸੈਸਿੰਗ ਵਾਲੀ ਫੈਕਟਰੀ ਵਿੱਚੋਂ ਨਿਕਲੀ ਰਹਿੰਦ-ਖੂੰਹਦ) ਅਤੇ ਦੋ ਲਿਟਰ ਮੂੰਗਫਲੀ ਦਾ ਤੇਲ ਪਾਉਂਦੇ ਹਨ ਅਤੇ ਚੰਗੀ ਤਰ੍ਹਾਂ ਮਿਕਸ ਕਰਦੇ ਹਨ| ਇਸ ਵਿੱਚ ਉਹ 25 ਕਿਲੋ ਗੁੜ ਨੂੰ ਘੋਲ ਕੇ ਬਣਾਇਆ ਮਿਸ਼ਰਣ ਵੀ ਮਿਲਾਉਂਦੇ ਹਨ|
ਮਿਸ਼ਰਣ ਨੂੰ ਪਾਣੀ ਵਿੱਚ ਚੰਗੀ ਤਰ੍ਹਾ ਭਿਉਂ ਦਿੱਤਾ ਜਾਂਦਾ ਹੈ ਅਤੇ ਉਸਦਾ 2 ਮਹੀਨੇ ਲਈ ਢੇਰ ਲਗਾ ਦਿੱਤਾ ਜਾਂਦਾ ਹੈ|ਇੱਕ ਮਹੀਨੇ ਬਾਅਦ ਢੇਰ ਨੂੰ ਉੱਪਰ ਥੱਲੇ ਪਲਟਿਆ ਜਾਂਦਾ ਹੈ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਭਿਉਂ ਦਿੱਤਾ ਜਾਂਦਾ ਹੈ|ਇੱਕ ਮਹੀਨੇ ਬਾਅਦ ਕੰਪੋਸਟ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ| ਮੁੱਠੀ ਭਰ ਖਾਦ ਹਰ ਪੌਦੇ ਦੀ ਜੜ੍ਹ ਵਿੱਚ ਪਾਈ ਜਾ ਸਕਦੀ ਹੈ ਜਾਂ ਬੀਜ ਡਰਿੱਲ ਦੇ ਨਾਲ ਬੀਜਾਂ ਦੇ ਨਾਲ ਹੀ ਪਾਈ ਜਾ ਸਕਦੀ ਹੈ|ਇਹ ਮਿੱਟੀ ਨੂੰ ਸੂਖ਼ਮ ਬਨਸਪਤੀ ਨਾਲ ਜੈਵਿਕ ਮਾਦਾ ਅਤੇ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਲਈ ਦਾਲ ਦੇ ਆਟੇ ਅਤੇ ਗੁੜ ਦਾ ਮਿਸ਼ਰਣ ਪ੍ਰੋਟੀਨ ਅਤੇ ਮਿੱਠਾ ਪ੍ਰਦਾਨ ਕਰਦਾ ਹੈ|
ਉਸਦੀ ਦੂਸਰੀ ਫਰਟੀਲਾਈਜ਼ੇਸ਼ਨ ਤਕਨੀਕ ਗੋ-ਸੰਜੀਵਕ ਹੈ, ਜੋ ਕਿ ਇੱਕ ਤਰਲ ਖਾਦ ਹੈ| ਇਹ ਸਰਦੀ ਦੇ ਮੌਸਮ ਵਿੱਚ ਪਾਣੀ ਦੇ ਨਾਲ ਦਿੱਤੀ ਜਾ ਸਕਦੀ ਹੈ|ਇਹ ਗਾਂ ਦੇ 10 ਕਿਲੋ ਤਾਜ਼ਾ ਗੋਬਰ ਵਿੱਚ 10 ਲਿਟਰ ਗਊ-ਮੂਤਰ, 1 ਕਿਲੋ ਦਾਲ ਦਾ ਆਟਾ ਅਤੇ 250 ਗ੍ਰਾਮ ਗੁੜ ਮਿਲਾ ਕੇ ਬਣਾਇਆ ਜਾਂਦਾ ਹੈ|
ਮਿਸ਼ਰਣ ਨੂੰ 50 ਲਿਟਰ ਪਾਣੀ ਪਾ ਕੇ 8-10 ਦਿਨਾਂ ਲਈ ਫਰਮੈਂਟੇਸ਼ਨ ਲਈ ਰੱਖਿਆ ਜਾਂਦਾ ਹੈ|ਜਦੋਂ ਇਹ ਤਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਫਸਲ ਨੂੰ ਦੇਣ ਤੋਂ ਪਹਿਲਾਂ 200 ਲਿਟਰ ਪਾਣੀ ਮਿਲਾ ਕੇ ਪਤਲਾ ਕੀਤਾ ਜਾਂਦਾ ਹੈ | ਇਸ ਨੂੰ ਫਸਲ ਨੂੰ ਪਾਣੀ ਦੇਣ ਵੇਲੇ ਉਸਦੇ ਨਾਲ ਹੀ ਦਿੱਤਾ ਜਾਂਦਾ ਹੈ| ਇਹ ਮਿਸ਼ਰਣ ਇੱਕ ਕਿੱਲੇ ਲਈ ਕਾਫ਼ੀ ਹੈ|ਮਿੱਟੀ ਵਿੱਚ ਸੂਖ਼ਮ ਜੀਵਾਂ ਦੀ ਵਧੀ ਹੋਈ ਗਤੀਵਿਧੀ ਮਿੱਟੀ ਦੇ ਕਾਇਆਕਲਪ ਵਿੱਚ ਮੱਦਦ ਕਰਦੀ ਹੈ ਜਦਕਿ ਪੌਦਿਆਂ ਨੂੰ ਜਰੂਰੀ ਪੋਸ਼ਕ ਤੱਤ ਪਾਣੀ ਵਿੱਚ ਘੁਲਣਸ਼ੀਲ ਰੂਪ ਵਿੱਚ ਮੁਹੱਈਆ ਕਰਵਾਉਂਦੀ ਹੈ| ਸ਼ਰਮਾ ਜੀ ਦੇ ਖੇਤ ਦੀ ਇੱਕ ਮੁੱਠੀ ਵਿੱਚ ਤੁਸੀਂ ਸੈਂਕੜੇ ਗੰਡੋਏ ਦੇਖ ਸਕਦੇ ਹੋ|
ਹਰੀ ਖਾਦ: ਸ਼ਰਮਾ ਜੀ ਨੇ ਆਪਣੀ ਜ਼ਮੀਨ ਉੱਪਰ ਅਰਹਰ ਨੂੰ ਪਹਿਲੀ ਫਸਲ ਦੇ ਤੌਰ ਤੇ ਬੀਜਿਆ| ਅਰਹਰ ਦੀਆਂ ਲਾਈਨਾਂ ਦੌਰਾਨ ਉਹਨਾਂ ਨੇ ਹਰੀ ਖਾਦ ਦਾ ਮਿਸ਼ਰਣ ਬੀਜਿਆ| ਹਰੀ ਖਾਦ ਲਈ ਬੀਜਾਂ ਦਾ ਸੰਯੋਜਨ ਇਸ ਪ੍ਰਕਾਰ ਸੀ:
1. ਦੋ ਦਲੇ ਬੀਜ ਜਿਵੇਂ ਮੂੰਗੀ/ਕਾਲੇ ਛੋਲੇ (2 ਕਿਲੋ), ਫਲੀਆਂ (2 ਕਿਲੋ), ਅਰਹਰ (2 ਕਿਲੋ) ਸਭ ਬਰਾਬਰ ਅਨੁਪਾਤ ਵਿੱਚ ਲਉ|
2. ਇੱਕ ਦਲੇ ਬੀਜ ਜਿਵੇਂ ਬਾਜਰਾ (500 ਗ੍ਰਾਮ), ਜਵਾਰ (500 ਗ੍ਰਾਮ) ਅਤੇ ਮੱਕੀ (3 ਕਿਲੋ)
3. ਤੇਲ ਵਾਲੀਆਂ ਫਸਲਾਂ ਜਿਵੇਂ ਤਿਲ (100 ਗ੍ਰਾਮ), ਸੋਇਆਬੀਨ ਜਾਂ ਮੂੰਗਫਲੀ ਜਾਂ ਸੂਰਜਮੁਖੀ (900 ਗ੍ਰਾਮ)
ਇਹ ਸਭ ਤਰ੍ਹਾਂ ਦੇ ਬੀਜ ਚੰਗੀ ਤਰ੍ਹਾ ਮਿਲਾਏ ਅਤੇ ਬਾਰਿਸ਼ ਦੇ ਮੌਸਮ ਵਿੱਚ ਅਰਹਰ ਦੀਆਂ ਲਾਈਨਾਂ ਵਿਚਕਾਰ ਬੀਜੇ ਗਏ| 50-55 ਦਿਨਾਂ ਦੇ ਹੋਣ ਤੋਂ ਬਾਅਦ, ਇਹਨਾਂ ਨੂੰ ਕੱਟ ਕੇ ਅਰਹਰ ਦੀਆਂ ਲਾਈਨਾਂ ਵਿਚਕਾਰ ਮਲਚਿੰਗ ਦੇ ਰੂਪ ਵਿੱਚ ਫੈਲਾਇਆ ਗਿਆ|ਇੱਕ-ਦੋ ਮਹੀਨੇ ਬਾਅਦ ਜਦ ਇਹ ਹਰੀ ਖਾਦ ਅੱਧੀ ਸੜ ਜਾਂਦੀ ਹੈ ਤਾਂ ਇਸ ਨੂੰ ਕਲਟੀਵੇਟਰ ਦੀ ਮੱਦਦ ਨਾਲ ਇਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਂਦਾ ਹੈ| ਇਹ ਨਾ ਸਿਰਫ਼ ਮਿੱਟੀ ਨੂੰ ਜੈਵਿਕ ਮਾਦਾ ਪ੍ਰਦਾਨ ਕਰਦਾ ਹੈ ਬਲਕਿ ਨਦੀਨਾਂ ਨੂੰ ਵੀ ਉੱਗਣ ਤੋਂ ਰੋਕਦਾ ਹੈ ਅਤੇ ਮਿੱਟੀ ਵਿੱਚ ਲੰਬੇ ਸਮੇਂ ਤੱਕ ਨਮੀ ਨੂੰ ਬਣਾਏ ਰੱਖਦਾ ਹੈ|
ਸ਼ਰਮਾ ਜੀ ਆਪਣੇ ਖੇਤ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਫਲੀਦਾਰ ਫਸਲਾਂ ਵਾਲਾ ਫਸਲ ਚੱਕਰ ਵਰਤਦੇ ਹਨ| ਉਹ ਸੀਜ਼ਨ ਦੀ ਪਹਿਲੀ ਫਸਲ ਦੇ ਰੂਪ ਵਿੱਚ ਫਲੀਦਾਰ ਫਸਲ (ਜਿਵੇਂ ਚੌਲੇ/ਲੋਬੀਆ) ਆਦਿ ਬੀਜਦੇ ਹਨ|ਇਹਨਾਂ ਪੌਦਿਆਂ ਤੋਂ ਜੋ ਪੱਤੇ ਡਿੱਗਦੇ ਹਨ ਉਹ ਮਿੱਟੀ ਵਿੱਚ ਜੈਵਿਕ ਮਾਦਾ ਵਧਾਉਂਦੇ ਹਨ ਅਤੇ ਜੜ੍ਹਾਂ ਵਿੱਚ ਮੌਜ਼ੂਦ ਬੈਕਟੀਰੀਆ ਮਿੱਟੀ ਨੂੰ ਨਾਈਟ੍ਰੋਜਨ ਪ੍ਰਦਾਨ ਕਰਦੇ ਹਨ|ਉਹਨਾਂ ਦਾ ਜ਼ਮੀਨ ਦੇ ਉਸ ਭਾਗ ਦੇ ਉੱਪਰ ਫਸਲ ਚੱਕਰ ਦਾ ਪੈਟਰਨ ਇਸ ਤਰਾਂ ਹੈ:
(1) ਚੌਲੇ - ਜੂਨ ਤੋਂ ਸਤੰਬਰ (2) ਮੇਥੇ/ਪਾਲਕ/ਹਰਾ ਪਿਆਜ਼ - ਅਕਤੂਬਰ ਤੋਂ ਨਵੰਬਰ (3) ਕਣਕ - ਨਵੰਬਰ ਤੋਂ ਮਾਰਚ (4) ਪੇਠਾ - ਅਪ੍ਰੈਲ ਤੋਂ ਜੂਨ
ਉਹ ਹਰ ਸਾਲ ਇੱਕ ਜਾਂ ਦੋ ਏਕੜ ਵਿੱਚ ਅਰਹਰ ਦੀ ਦਾਲ ਬੀਜਦੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਫਸਲ ਆਪਣੇ ਪੱਤੇ ਸੁੱਟ ਕੇ ਜ਼ਮੀਨ ਨੂੰ ਢਕਣ ਲਈ 1-2 ਇੰਚ ਤੱਕ ਬਾਇਓਮਾਸ ਪ੍ਰਦਾਨ ਕਰਦੀ ਹੈ ਜਿਸ ਨਾਲ ਜਮੀਨ ਵਿੱਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ|ਉਹ ਧਨੀਏ ਨੂੰ ਅਜਿਹੀ ਫਸਲ ਮੰਨਦੇ ਹਨ ਜੋ ਕਿ ਓਹਨਾਂ ਦੇ ਖੇਤ ਦਾ ਪਰਿਸਥਿਤਕੀ ਸੰਤੁਲਨ ਬਣਾ ਕੇ ਰੱਖਦੀ ਹੈ| ਧਨੀਏ ਦੇ ਤਾਜ਼ੇ ਹਰੇ ਪੱਤਿਆਂ ਦੀ ਖੁਸ਼ਬੂ ਕੀੜਿਆਂ ਨੂੰ ਦੂਰ ਰੱਖਣ ਵਿਚ ਮੱਦਦ ਕਰਦੀ ਹੈ| ਦੂਸਰਾ, ਧਨੀਏ ਦੇ ਚਿੱਟੇ ਫੁੱਲ ਸ਼ਹਿਦ ਦੀਆਂ ਮੱਖੀਆਂ ਨੂੰ ਖੇਤ ਵਿੱਚ ਬੁਲਾਉਂਦੇ ਹਨ ਜੋ ਕਿ ਪਰ ਪਰਾਗਣ ਵਿੱਚ ਅਤੇ ਵਧੀਆ ਬੀਜਾਂ ਦੇ ਵਿਕਾਸ ਵਿੱਚ ਮੱਦਦ ਕਰਦੀਆਂ ਹਨ|
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੀਆਂ ਤਕਨੀਕਾਂ ਤੋਂ ਇਲਾਵਾ, ਸ਼ਰਮਾ ਜੀ ਹੋਰ ਵੀ ਕਈ ਤਕਨੀਕਾਂ ਵਰਤਦੇ ਹਨ ਜੋ ਓਹਨਾਂ ਦੀ ਖੇਤੀ ਨੂੰ ਹੋਰ ਟਿਕਾਊ ਬਣਾਉਂਦੀਆਂ ਹਨ| ਉਦਾਹਰਣ ਲਈ, ਉਹ ਮਿੱਟੀ ਦੇ ਕਟਾਅ ਨੂੰ ਰੋਕਣ ਲਈ ਅਤੇ ਨਮੀ ਬਣਾ ਕੇ ਰੱਖਣ ਲਈ ਬਿਜਾਈ ਦੀ ਕੰਟੂਰ ਵਿਧੀ ਦੀ ਪਾਲਣਾ ਕਰਦੇ ਹਨ; ਜਲ ਸਰੰਖਿਅਣ ਲਈ ਖੇਤ ਵਿੱਚ ਖਾਈਆਂ ਬਣਾਈਆਂ ਹਨ, ਕੀਟ ਕੰਟਰੋਲ ਲਈ ਗੇਂਦੇ ਅਤੇ ਧਨੀਏ ਜਿਹੀਆਂ ਫਸਲਾਂ ਉਗਾਉਂਦੇ ਹਨ, ਖੇਤ ਦੇ ਚਾਰੇ ਪਾਸੇ ਰੁੱਖ ਲਗਾਏ ਹਨ ਜੋ ਕਿ ਵਿੰਡ ਬ੍ਰੇਕਰ ਦਾ ਕੰਮ ਕਰਦੇ ਹਨ ਅਤੇ ਮਿੱਟੀ ਦੇ ਕਟਾਅ ਨੂੰ ਵੀ ਰੋਕਦੇ ਹਨ|
ਓਹਨਾਂ ਦੇ 13 ਏਕੜ ਖੇਤ ਦੀ ਟਰਨਓਵਰ ਲਗਭਗ 18-20 ਲੱਖ ਰੁਪਏ ਹੈ ਜਿਸ ਵਿੱਚੋਂ ਉਹ 50 ਫ਼ੀਸਦੀ ਨੂੰ ਲਾਭ ਮੰਨਦੇ ਹਨ|
ਅੱਜ ਵਿਸ਼ਵੀਕਰਨ ਖੇਤੀ ਦੇ ਦੌਰ ਵਿੱਚ, ਜਿੱਥੇ ਰਸਾਇਣਿਕ ਖੇਤੀ ਵੱਡੇ ਪੱਧਰ ਤੇ ਫੈਲੀ ਹੋਈ ਹੈ, ਸੁਭਾਸ਼ ਸ਼ਰਮਾ ਜੀ ਜਿਹੇ ਕਿਸਾਨ ਕਈਆਂ ਲਈ ਪ੍ਰੇਰਣਾ ਸ੍ਰੋਤ ਹਨ| ਮਿੱਟੀ ਦੀ ਪ੍ਰਕ੍ਰਿਤੀ ਨੂੰ ਸਮਝਣ ਵਾਲੇ ਇਸ ਤਰ੍ਹਾ ਦੇ ਅਨੁਭਵੀ ਕਿਸਾਨ ਦੁਨੀਆ ਨੂੰ ਦਿਖਾ ਰਹੇ ਹਨ ਕਿ ਖੇਤੀ-ਪਰਿਸਥਿਤਕੀ ਆਧਾਰਿਤ ਤਕਨੀਕਾਂ ਹੀ ਮਿੱਟੀ ਦੀ ਸਿਹਤ ਸੁਧਾਰਨ ਅਤੇ ਖੇਤੀ ਨੂੰ ਟਿਕਾਊ ਬਣਾਉਣ ਦਾ ਇੱਕੋ-ਇੱਕ ਰਸਤਾ ਹਨ|
ਨਿਰਦੇਸ਼ਕ, ਨੈਸ਼ਨਲ ਆਰਗਨਾਈਜੇਸ਼ਨ ਫਾਰ ਕਮਿਊਨਿਟੀ ਵੈਲਫੇਅਰ