ਜੈਵਿਕ ਖੇਤੀ ਬਾਰੇ ਸਭ ਤੋਂ ਪਹਿਲਾਂ ਰਾਜੀਵ ਦੀਕਸ਼ਤ ਜੀ ਨੂੰ ਸੁਣਿਆ, ਮੈਂ ਬਹੁਤ ਪ੍ਰਭਾਵਿਤ ਹੋਇਆ। ਇਹਨੀਂ ਦਿਨੀਂ ਵੱਡੇ ਭਾਈ ਸਾਬ ਤੋਂ ਡਾ. ਸੁਰਿੰਦਰ ਦਲਾਲ ਹੁਣਾਂ ਬਾਰੇ ਜਾਣਕਾਰੀ ਮਿਲੀ ਅਤੇ ਉਹਨਾਂ ਤੋਂ ਪ੍ਰੇਰਤ ਹੋ ਕੇ ਅਪ੍ਰੈਲ 2012 ਤੋਂ ਨਰਮਾ-ਕਪਾਹ 'ਚ ਅਸੀਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਬੰਦ ਕਰ ਦਿੱਤੀ। ਸਿਰਫ 'ਡਾ. ਦਲਾਲ ਘੋਲ' ਦੀ ਸਪ੍ਰੇਅ ਕੀਤੀ। ਇਸ ਸਦਕਾ ਖਰਚ ਘਟਣ ਦੇ ਨਾਲ-ਨਾਲ ਝਾੜ ਵੀ ਹੋਰਨਾਂ ਕਿਸਾਨਾਂ ਕਿਤੇ ਵੱਧ ਮਿਲਿਆ।
ਮੈਂ ਲੋਕਾਂ ਨਾਲ ਜੈਵਿਕ ਖੇਤੀ ਬਾਰੇ ਵਿਚਾਰਾਂ ਕਰਨ ਲੱਗਾ, ਮੈਨੂੰ ਬੜੀ ਨਿਰਾਸ਼ਾ ਹੱਥ ਲੱਗੀ। ਸਭ ਦਾ ਇਹੀ ਕਹਿਣਾ ਸੀ ਕਿ ਖੇਤੀ ਰਸਾਇਣਾਂ ਦੇ ਬਗ਼ੈਰ ਇੱਕ ਦਾਣਾ ਵੀ ਨਹੀਂ ਹੋਵੇਗਾ ਅਤੇ ਜੇਕਰ ਥੋੜਾ-ਬਹੁਤ ਹੋ ਵੀ ਗਿਆ ਤਾਂ ਉਸਨੂੰ ਕੀਟ ਖਾ ਜਾਣਗੇ।
ਇੱਕ ਦਿਨ ਮੈਨੂੰ ਸੂਚਨਾ ਮਿਲੀ ਕਿ ਮਾਰਚ 2014 ਨੂੰ ਕੁਰੂਕਸ਼ੇਤਰ ਵਿਖੇ ਸੁਭਾਸ਼ ਪਾਲੇਕਰ ਜੀ ਦਾ ਕੈਂਪ ਲੱਗ ਰਿਹਾ ਹੈ। ਮੈਂ ਉੱਥੇ ਗਿਆ ਕਿਸਾਨਾਂ ਨੂੰ ਮਿਲਿਆ। ਉੱਥੇ ਤਿੰੰਨ ਦਿਨ ਰਿਹਾ। ਕੁਦਰਤੀ ਖੇਤੀ 'ਚ ਮੇਰਾ ਵਿਸ਼ਵਾਸ਼ ਹੋਰ ਪਕੇਰਾ ਹੋ ਗਿਆ। ਸ਼੍ਰੀ ਪਾਲੇਕਰ ਅਤੇ ਜੈਵਿਕ ਖੇਤੀ ਕਰਨ ਵਾਲੇ ਅਨੇਕਾਂ ਕਿਸਾਨਾਂ ਨਾਲ ਮਿਲ ਕੇ ਉੱਥੋਂ ਕੁਦਰਤੀ ਖੇਤੀ ਸ਼ੁਰੂ ਕਰਨ ਦੇ ਦ੍ਰਿੜ ਨਿਸ਼ਚੇ ਅਤੇ ਵਿਸ਼ਵਾਸ਼ ਨਾਲ ਵਾਪਸ ਆਇਆ। ਉਥੋਂ ਮੇਰੇ ਹੱਥ ਇੱਕ ਛੋਟੀ ਜਿਹੀ ਕਿਤਾਬ ਵੀ ਲੱਗੀ ' ਕੁਦਰਤੀ ਖੇਤੀ ਬਿਨਾ ਕਰਜ਼ ਬਿਨਾ ਜ਼ਹਿਰ' ਇਹ ਕਿਤਾਬ ਪੜ ਕੇ ਮੈਂ ਡਾ. ਰਾਜੇਂਦਰ ਚੌਧਰੀ ਜੀ ਨਾਲ ਸੰਪਰਕ ਕੀਤਾ ਅਤੇ ਇੱਕ ਏਕੜ ਜ਼ਮੀਨ 'ਤੇ ਗ਼ੈਰ-ਬੀਟੀ ਨਰਮੇ ਤੋਂ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ। ਨਰਮੇ ਵਿੱਚ ਅੰਤਰ ਫ਼ਸਲ ਵਜੋਂ ਮੂੰਗੀ ਲਾਈ। ਘਣ-ਜੀਵ ਅੰਮ੍ਰਿਤ ਅਤੇ ਜੀਵ ਅੰਮ੍ਰਿਤ ਦਾ ਪ੍ਰਯੋਗ ਕੀਤਾ। ਖੱਟੀ ਲੱਸੀ ਦਾ ਛਿੜਕਾਅ ਕੀਤਾ ਪਰੰਤੂ ਅੰਤ 'ਚ ਪੈਦਾਵਾਰ ਬਹੁਤ ਘੱਟ ਹੋਈ। ਬਾਵਜੂਦ ਇਸਦੇ ਮੇਰਾ ਵਿਸ਼ਵਾਸ਼ ਅਤੇ ਨਿਸ਼ਚਾ ਬਰਕਰਾਰ ਰਿਹਾ। ਉਸ ਵਰ੍ਹੇ ਰਸਾਇਣਿਕ ਬੀਟੀ ਨਰਮੇ ਦੀ ਪੈਦਾਵਾਰ 'ਚ ਭਾਰੀ ਗਿਰਾਵਟ ਆਈ ਸੀ।
ਇਸੇ ਦੌਰਾਨ ਡਾ. ਰਜੇਂਦਰ ਚੌਧਰੀ ਤੋਂ ਇੱਕ ਕੁਦਰਤੀ ਖੇਤੀ ਟ੍ਰੇਨਿੰਗ ਕੈਂਪ ਦੀ ਸੂਚਨਾ ਮਿਲੀ। ਉੱਥੇ ਬਹੁਤ ਕੁੱਝ ਸਿੱਖਿਆ ਅਤੇ ਇੱਕ ਏਕੜ ਜ਼ਮੀਨ ਵਿੱਚ ਕਣਕ ਦਾ ਝਾੜ 29 ਮਣ ਰਿਹਾ। ਇਸ ਵਿੱਚ ਅਸੀਂ ਜੀਵ ਅੰਮ੍ਰਿਤ ਪਾਉਣ ਦੇ ਨਾਲ-ਨਾਲ ਖੱਟੀ ਲੱਸੀ ਦੀ ਸਪ੍ਰੇਅ ਵੀ ਕੀਤੀ ਸੀ।
ਹਰਿਆਣਾ 'ਚ ਕਣਕ ਮਾਪਣ ਲਈ ਜਿਸ ਛੋਟੇ ਡਰਮ ਦੀ ਵਰਤੋਂ ਕੀਤੀ ਜਾਂਦੀ ਹੈ ਉਸਨੂੰ ਪੀਪਾ ਆਖਦੇ ਹਨ। ਜਦੋਂ ਅਸੀਂ ਉਸ ਪੀਪੇ ਨਾਲ ਕਣਕ ਮਾਪੀ ਤਾਂ ਇੱਕ ਪੀਪੇ 'ਚ ਕੁਦਰਤੀ ਖੇਤੀ ਵਾਲੀ ਕਣਕ 43 ਕਿੱਲੋ ਹੋਈ। ਪਰੰਤੂ ਸਾਡੀ ਹੈਰਾਨੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਉਸੇ ਪੀਪੇ ਵਿੱਚ ਭਰੀ ਰਸਾਇਣਿਕ ਕਣਕ ਦਾ ਵਜ਼ਨ 37 ਕਿੱਲੋ ਮਾਪਿਆ ਗਿਆ। ਅਸੀਂ ਦੁਬਾਰਾ ਦੋਨਾਂ ਨੂੰ ਮਾਪ ਕੇ ਤੋਲਿਆ ਕਿਉਂਕਿ ਸਾਨੂੰ ਵਿਸ਼ਵਾਸ਼ ਹੀ ਨਹੀਂ ਸੀ ਹੋ ਰਿਹਾ ਕਿ ਇੰਞ ਵੀ ਹੋ ਸਕਦਾ ਹੈ। ਦੁਬਾਰਾ ਫਿਰ ਓਹੀ ਮਾਪ ਮਿਲਿਆ, ਕੁਦਰਤੀ ਵਾਲਾ 43 ਕਿੱਲੋ ਪ੍ਰਤਿ ਪੀਪਾ ਅਤੇ ਗ਼ੈਰ-ਕੁਦਰਤੀ ਵਾਲਾ 37 ਕਿੱਲੋ ਪ੍ਰਤਿ ਪੀਪਾ।
ਮਾਰਚ 2015 'ਚ ਅਸੀਂ ਕੁਦਰਤੀ ਖੇਤੀ ਹੇਠ ਰਕਬਾ ਵਧਾ ਕੇ ਦੋ ਏਕੜ ਕਰ ਦਿੱਤਾ ਅਤੇ ਦੂਜੇ ਏਕੜ ਵਿੱਚ ਪਸ਼ੂ ਚਾਰੇ ਵਜੋਂ ਜਵਾਰ ਅਤੇ ਮੂੰਗੀ ਦੀ ਭਰਪੂਰ ਫ਼ਸਲ ਲਈ।
ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਮਾਰਚ 2015 ਵਿੱਚ ਚੰਡੀਗੜ ਵਿਖੇ ਹੋਏ ਕੁਦਰਤੀ ਖੇਤੀ ਕਨਵੈਂਸਨ 'ਚ ਭਾਗ ਲੈਣ ਦਾ ਮੌਕਾ ਮਿਲਿਆ। ਉੱਥੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਖਾਸਕਰ ਡਾ. ਓਮ ਪ੍ਰਕਾਸ਼ ਰੁਪੇਲਾ ਅਤੇ ਡਾ. ਇਸਮਾਇਲ ਜੀ ਤੋਂ। ਇਹ ਬਹੁਤ ਹੀ ਦੁਖਦ ਹੈ ਕਿ ਡਾ. ਰੁਪੇਲਾ ਹੁਣ ਸਾਡੇ ਵਿੱਚ ਨਹੀਂ ਰਹੇ।
ਕੁਦਰਤੀ ਖੇਤੀ ਵਿੱਚ ਮਿਸ਼ਰਤ ਖੇਤੀ ਦੀ ਅਹਿਮੀਅਤ ਨੂੰ ਗਹਿਰਾਈ ਨਾਲ ਸਮਝਦੇ ਹੋਏ ਇਸ ਵਾਰ ਕਣਕ ਵਿੱਚ ਛੋਲੇ, ਅਲਸੀ ਅਤੇ ਧਨੀਏ ਬਿਜਾਈ ਬੀਜਾਂ ਨੂੰ ਬੀਜ ਅੰਮ੍ਰਿਤ ਨਾਲ ਸ਼ੁੱਧ ਕਰਨ ਉਪਰੰਤ ਕੀਤੀ ਹੈ। ਪਹਿਲਾ ਪਾਣੀ ਫ਼ਸਲ ਦੀ ਮੰਗ 'ਤੇ ਬਿਜਾਈ ਤੋਂ 44 ਦਿਨ ਬਾਅਦ ਲਾਇਆ। ਪਰੰਤੂ ਕੁੱਝ ਸਮੇਂ ਬਾਅਦ ਕਣਕ ਪੀਲੀ ਅਤੇ ਕਮਜ਼ੋਰ ਪੈਂਦੀ ਦਿਸੀ ਤਾਂ ਗੁਰਪ੍ਰੀਤ ਦਬੜੀਖਾਨਾ ਨਾਲ ਸਲਾਹ ਕਰਕੇ ਪਾਥੀਆਂ ਦੇ ਪਾਣੀ+ ਲੱਸੀ+ ਸੇਂਧਾ ਨਮਕ ਦੇ ਘੋਲ ਦੀ ਸਪ੍ਰੇਅ ਕੀਤੀ। ਹੈਰਾਨੀਜਨਕ ਨਤੀਜੇ ਮਿਲੇ। ਮੈਂ ਦੂਸਰੇ ਸਾਥੀਆਂ ਨੂੰ ਇਸ ਘੋਲ ਬਾਰੇ ਦੱਸਿਆ ਉਹਨਾਂ ਨੂੰ ਵੀ ਬਹੁਤ ਚੰਗੇ ਨਤੀਜੇ ਮਿਲੇ। ਦੂਸਰਾ ਪਾਣੀ 97 ਦਿਨਾਂ ਬਾਅਦ ਲਾਇਆ ਗਿਆ। ਅੱਜ ਜੇਕਰ ਕੋਈ ਮੇਰੇ ਖੇਤ 'ਚ ਖੜੀ ਕੁਦਰਤੀ ਖੇਤੀ ਵਾਲੀ ਕਣਕ ਦੀ ਤੁਲਨਾ ਨਾਲ ਦੇ ਖੇਤ 'ਚ ਖੜੀ ਰਸਾਇਣਿਕ ਖੇਤੀ ਵਾਲੀ ਕਣਕ ਨਾਲ ਕਰਦਾ ਹੈ ਤਾਂ ਕੁਦਰਤੀ ਖੇਤੀ ਵਾਲੀ ਕਣਕ ਨੂੰ ਦੂਸਰੀ ਨਾਲੋਂ ਇੱਕੀ ਹੀ ਗਿਣਦਾ ਹੈ।
ਸ਼ੁੱਧ ਭੋਜਨ ਸਭ ਨੂੰ ਚਾਹੀਦੈ ਪਰੰਤੂ ਸ਼ੁੱਧ ਉਗਾਉਣਾ ਕੋਈ ਨਹੀਂ ਚਾਹੁੰਦਾ। ਪਾਣੀ ਸਭ ਨੂੰ ਚਾਹੀਦੈ ਪਰ ਪਾਣੀ ਬਚਾਉਣਾ ਕੋਈ ਨਹੀਂ ਚਾਹੁੰਦਾ। ਸ਼ੁੱਧ ਹਵਾ ਹਰ ਕੋਈ ਚਾਹੁੰਦਾ ਪਰੰਤੂ ਹਵਾ ਨੂੰ ਸ਼ੁੱਧ ਕਰਨਾ ਕੋਈ ਨਹੀਂ ਚਾਹੁੰਦਾ। ਕੁਦਰਤੀ ਖੇਤੀ ਕਰਨ ਨਾਲ ਇੱਕ ਕਿਸਾਨ ਇਹ ਤਿੰਨੋਂ ਜ਼ਿੰਮੇਵਾਰੀਆਂ ਨਿਭਾ ਸਕਦਾ ਹੈ। ਇੱਕ ਕਿਸਾਨ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਦੇਸ਼ ਦੇ ਸਮੂਹ ਲੋਕਾਂ ਲਈ ਜ਼ਹਿਰ ਮੁਕਤ ਅਨਾਜ਼ ਸਬਜ਼ੀਆਂ ਉਗਾਵਾਂ ਅਤੇ ਦੇਸ਼ ਦੀ ਸੱਚੀ ਸੇਵਾ ਕਰਾਂ।
ਕੁੱਝ ਲੋਕਾਂ ਦੀ ਇਹ ਧਾਰਨਾ ਹੈ ਕਿ 1-2 ਸਾਲ ਪੈਦਾਵਾਰ ਘੱਟ ਹੁੰਦੀ ਹੈ, ਅਜਿਹਾ ਬਿਲਕੁੱਲ ਨਹੀਂ ਹੈ। ਜੇਕਰ ਪੂਰਣ ਰੂਪ ਨਾਲ ਸਿੱਖ ਕੇ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਵੇ, ਆਪਣੀ ਫ਼ਸਲ ਅਤੇ ਖੇਤੀ ਦੀ ਨਿਰੰਤਰ ਦੇਖ-ਰੇਖ ਕੀਤੀ ਜਾਵੇ ਅਤੇ ਤਜ਼ੁਰਬੇਕਾਰ ਕਿਸਾਨਾਂ ਦੇ ਮਾਰਗਦਰਸ਼ਨ ਵਿੱਚ ਚੱਲਿਆ ਜਾਵੇ ਤਾਂ ਪਹਿਲੇ ਹੀ ਸਾਲ ਤੋਂ ਕੁਦਰਤੀ ਖੇਤੀ ਦਾ ਪੂਰਾ ਉਤਪਾਦਨ ਦਿੰਦੀ ਹੈ। ਦੂਸਰੇ ਵਰ੍ਹੇ ਤੋਂ ਉਤਪਾਦਨ ਵਿੱਚ ਹੋਰ ਵੀ ਵਾਧਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਪਿੰਡ- ਖਰਕ ਰਾਮ ਜੀ
ਜ਼ਿਲ੍ਹਾ - ਜੀਂਦ, ਹਰਿਆਣਾ
098026-21306