ਰਸਤਿਆਂ ਦੀ ਸੇਵਾ ਨੇ ਸੰਤ ਸੀਚੇਵਾਲ ਦੀ ਝੋਲੀ ਬਾਬਾ ਨਾਨਕ ਦੀ ਪਵਿਤ੍ਰ ਵੇਈਂ ਦੀ ਸੇਵਾ ਦੇ ਰੂਪ ਵਿੱਚ ਪਾਈ ਸੀ। ਬਾਬਾ ਨਾਨਕ ਦੀ ਵੇਈਂ ਦੀ ਕਾਰ ਸੇਵਾ ਲਈ ਉਹਨਾਂ ਵੱਲੋਂ ਉਸ ਵਿੱਚ ਮਾਰੀ ਛਾਲ ਨੇ ਹੀ ਪੰਜਾਬ ਵਿੱਚ ਵਾਤਾਵਰਨ ਲਹਿਰ ਦਾ ਮੁਢ ਬੰਨਿਆ। ਵੇਈਂ ਦੀ ਸੇਵਾ ਕਰਦਿਆਂ ਹੀ ਉਹਨਾਂ ਪਾਣੀਆਂ ਵਿੱਚ ਦੇਸ਼ ਦੇ ਕਿਸੇ ਸਾਜ਼ਿਸ਼ ਤਹਿਤ ਗੰਦੇ ਕੀਤੇ ਜਾਂਦੇ ਪਾਣੀਆਂ ਦੀ ਗੱਲ ਲਭੀ। ਬਾਬਾ ਨਾਨਕ ਦੀ ਵੇਈਂ ਵਿੱਚ ਟੁਭੀਆਂ ਲਾ ਕੇ ਸੰਤ ਸੀਚੇਵਾਲ ਨੇ ਪਾਣੀ ਦੇ ਹੋਰ ਕੁਦਰਤੀ ਸਰੋਤਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਲੋਕਾਂ ਵਿੱਚ ਚੇਤਨਾ ਦੀ ਚਿਣਗ ਬਾਲੀ ਹੈ। ਧਰਾਤਲ ਨਾਲ ਜੁੜੇ ਰਹਿਣ ਦੇ ਨਾਲ ਅੰਤਰਰਾਸ਼ਟਰੀ ਪਧਰ ਤੇ ਇੱਕੋ ਸਮੇਂ ਵਿਚਰਨ ਦਾ ਸੁਭਾਗ ਕਿਸੇ ਵਿਰਲੀ ਸ਼ਖਸ਼ੀਅਤ ਦੇ ਹਿੱਸੇ ਆਉਂਦਾ ਹੈ। ਇਹ ਮਾਣ ਸੀਚੇਵਾਲ ਪਿੰਡ ਦੀਆਂ ਗਲੀਆਂ ਨਾਲ ਜੁੜੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹੀ ਹਿੱਸੇ ਆਇਆ ਹੈ। ਉਹਨਾਂ ਨੂੰ ਆਪਣੇ ਪਿੰਡ ਸਮੇਤ ਸਮੇਤ ਪੰਜਾਬ ਦੇ ਹੋਰ ਪਿੰਡਾਂ ਦੀ ਚਿੰਤਾ ਰਹਿੰਦੀ ਹੈ। ਜਿਥੇ ਗੰਦੇ ਪਾਣੀ ਦਾ ਨਿਕਾਸ ਠੀਕ ਢੰਗ ਨਾਲ ਨਾ ਹੋਵੇ ਤੇ ਪਿੰਡ ਦੀਆਂ ਗਲੀਆਂ ਵਿੱਚ ਵੀ ਚਿੱਕੜ ਖੜ੍ਹਾ ਹੋਵੇ।
ਅਸਲ ਵਿੱਚ, ਸੰਤ ਬਲਬੀਰ ਸਿੰਘ ਸਮੁਚੇ ਪ੍ਰਬੰਧਕੀ ਢਾਂਚੇ ਵਿੱਚ ਪਨਪੀ ਹੋਈ ਗੰਦਗੀ ਨੂੰ ਸਾਫ਼ ਕਰਨ ਦੇ ਰੌ ਵਿੱਚ ਹਨ। ਜਦੋਂ ਉਹ ਕਾਲਾ ਸੰਘਾ ਡਰੇਨ ਜਾਂ ਬੁਢੇ ਨਾਲੇ ਦੇ ਪ੍ਰਦੂਸ਼ਨ ਦੀ ਗੱਲ ਕਰਦੇ ਹਨ ਤਾਂ ਉਹ ਇਹ ਸਾਬਿਤ ਕਰ ਦਿੰਦੇ ਹਨ ਕਿ ਸਚ ਅਤੇ ਧਰਾਤਲ ਦੇ ਸਚ ਵਿੱਚ ਕਿੰਨਾ ਅੰਤਰ ਹੈ ।
ਸੰਤ ਸੀਚੇਵਾਲ ਪਿੰਡਾਂ ਦੀਆਂ ਗਲੀਆਂ ਦੇ ਗੰਦੇ ਪਾਣੀਆਂ ਦੇ ਨਿਕਾਸ ਦੇ ਪੱਕੇ ਪ੍ਰਬੰਧਾਂ ਦੇ ਨਾਲ-ਨਾਲ ਉਹਨਾਂ ਦੀ ਸਫ਼ਾਈ ਤੇ ਪਿੰਡਾਂ ਨੂੰ ਹਰਿਆ-ਭਰਿਆ ਬਣਾਈ ਰਖਣ ਦੀ ਮੁਹਿੰਮ ਨੂੰ ਇੱਕੋ ਸਮੇਂ ਚਲਾਉਣ ਦੀ ਜੁਗਤ ਦੇ ਮਾਹਿਰ ਬਣ ਗਏ ਹਨ। ਪਿੰਡਾਂ ਦੀਆਂ ਗਲੀਆਂ ਨੂੰ ਸਾਫ਼-ਸੁਥਰਾ ਰਖਣਾ ਤੇ ਗੰਦੇ ਪਾਣੀ ਦਾ ਨਿਕਾਸ ਤੇ ਇਸ ਪਾਣੀ ਦੀ ਖੇਤੀ ਲਈ ਸੁਚੱਜੀ ਵਰਤੋਂ ਕਰਨਾ ਹੁਣ ਸੰਤ ਸੀਚੇਵਾਲ ਦੇ ਖੱਬੇ ਹਥ ਦਾ ਕਮਾਲ ਹੈ। ਅਜਿਹੇ ਕਾਰਜਾਂ ਨੂੰ ਕਰਕੇ ਉਹਨਾਂ ਨੂੰ ਜਿੰਨੀ ਖੁਸ਼ੀ ਹੁੰਦੀ ਹੈ, ਸ਼ਾਇਦ ਹੀ ਕੋਈ ਹੋਰ ਕੰਮ ਕਰਕੇ ਹੁੰਦੀ ਹੋਵੇਗੀ।
ਉਹ ਕੋਈ ਕ੍ਰਿਸ਼ਮਾ ਨਹੀਂ ਕਰਦੇ ਪਰ ਕਿਸੇ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਕਰਦੇ। ਪਿੰਡਾਂ ਦੇ ਗੰਦੇ ਪਾਣੀਆਂ ਦੇ ਨਿਕਾਸ ਦਾ ਕੰਮ ਉਹਨਾਂ ਆਪਣੇ ਪਿੰਡ ਸੀਚੇਵਾਲ ਤੋਂ ਸ਼ੁਰੂ ਕੀਤਾ ਸੀ। ਹੁਣ ਉਹਨਾਂ ਦੀ ਇਸ ਆਪ ਈਜ਼ਾਦ ਕੀਤੀ ਤਕਨੀਕ ਨੇ ਪੰਜਾਬ ਦੇ ਹੋਰ ਪਿੰਡਾਂ ਨੂੰ ਵੀ ਕਲਾਵੇ ਵਿੱਚ ਲੈ ਲਿਆ। ਦੁਆਬੇ ਦੇ ਪਿੰਡਾਂ ਦੇ ਨਾਲ-ਨਾਲ ਮਾਲਵੇ ਦੇ ਦੋ ਵੱਡੇ ਪ੍ਰੋਜੈਕਟਾਂ ਤਹਿਤ ਉਹਨਾਂ ਵੱਲੋਂ ਮੋਗਾ ਜਿਲ੍ਹੇ ਦੇ ਪਿੰਡ ਲੁਹਾਰਾਂ ਤੇ ਜਗਰਾਓਂ ਦੇ ਪਿੰਡ ਚੱਕਰ ਵਿੱਚ ਪਾਏ ਸੀਵਰੇਜ ਅੱਜ ਇੱਕ ਮਿਸਾਲ ਬਣ ਗਏ ਹਨ।
ਮਾਲਵੇ ਦੇ ਉਹਨਾਂ ਦੋਵੇਂ ਪਿੰਡਾਂ ਵਿੱਚ ਅਤਿ ਨਰਕ ਸੀ। ਲੋਕ ਆਪਣੇ ਹੀ ਪਿੰਡਾਂ ਦੀਆਂ ਗਲੀਆਂ ਵਿਚੋਂ ਸੁਰਖਿਅਤ ਨਹੀਂ ਸੀ ਲੰਘ ਸਕਦੇ। ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਹੋਰ ਮੋਹਤਬਰ ਸ਼ਖਸ਼ੀਅਤਾਂ ਵੱਲੋਂ ਕੀਤੀਆਂ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਉਹਨਾਂ ਪਿੰਡ ਲੁਹਾਰਾਂ ਤੇ ਚੱਕਰ ਵਿੱਚ ਸੀਵਰੇਜ ਪਾਏ ਤੇ ਉਹਨਾਂ ਪਿੰਡਾਂ ਦੀ ਹੁਣ ਅਜਿਹੀ ਕਾਇਆ ਕਲਪ ਹੋ ਗਈ ਹੈ ਕਿ ਦੋਵੇਂ ਪਿੰਡ ਆਦਰਸ਼ ਪਿੰਡ ਬਣ ਗਏ ਹਨ। ਉਹਨਾਂ ਪਿੰਡਾਂ ਵਿੱਚ ਸਫ਼ਾਈ ਦੇ ਨਾਲ-ਨਾਲ ਹਰਿਆਲੀ ਵੀ ਚਹਿਕਣ ਲੱਗ ਪਈ ਹੈ।
ਮੋਗਾ ਜਿਲ੍ਹੇ ਦੀ ਇੱਕ ਡਰੇਨ ਨੂੰ ਸਾਫ਼ ਕਰਨ ਦੇ ਨਾਲ-ਨਾਲ ਜਿਵੇਂ ਉਹਨਾਂ ਨੇ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਉਸੇ ਮਿੱਟੀ ਨਾਲ ਮਜ਼ਬੂਤ ਕੀਤਾ ਹੈ, ਉਸ ਨੂੰ ਪ੍ਰਸ਼ਾਸਨਿਕ ਹਲਕਿਆਂ ਵਿੱਚ ਪੈਸੇ ਸੰਬੰਧੀ ਮਾਮਲਿਆਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਸੰਤ ਸੀਚੇਵਾਲ ਪਿੰਡਾਂ ਸ਼ਹਿਰਾਂ ਦੀ ਗੰਦਗੀ ਸਾਫ਼ ਕਰਨ ਦੇ ਨਾਲ-ਨਾਲ ਅਫਸਰਸ਼ਾਹੀ ਵਿੱਚ ਫੈਲੀ ਗੰਦਗੀ ਤੇ ਵੀ ਟਕੋਰਾਂ ਕਰਦੇ ਰਹਿੰਦੇ ਹਨ।
ਸੰਤ ਸੀਚੇਵਾਲ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਬਾਰੀਕੀ ਨਾਲ ਸਮਝਣ ਤੇ ਉਹਨਾਂ ਦਾ ਹੱਲ ਕਰਨ ਦੀ ਕਲਾ ਦੇ ਮਾਹਿਰ ਬਣ ਗਏ ਹਨ। ਉਹ ਆਪਣੇ ਪਿੰਡ ਸੀਚੇਵਾਲ ਦੇ 10 ਸਾਲ ਤੋਂ ਸਰਪੰਚ ਚੱਲੇ ਆ ਰਹੇ ਹਨ। ਉਹ ਇਹ ਜਾਣਦੇ ਹਨ ਕਿ ਸਰਪੰਚ ਬਣ ਕੇ ਉਹ ਪਿੰਡ ਦਾ ਕੀ-ਕੀ ਭਲਾ ਕਰ ਸਕਦੇ ਹਨ। ਪਿੰਡ ਦੇ ਨਾਲ-ਨਾਲ ਹੀ ਉਹਨਾਂ ਇਲਾਕੇ ਦੀਆਂ ਸੜਕਾਂ ਵੱਲ ਮੂੰਹ ਕੀਤਾ। ਸੜਕਾਂ ਨੂੰ ਉਹ ਅਕਸਰ ਹੀ ਲੋਕਾਂ ਦੀ ਲਾਈਫ ਲਾਇਨ ਕਹਿੰਦੇ ਹਨ। ਇਸ ਇਲਾਕੇ ਦੇ ਰਸਤੇ ਬਣਾ ਕੇ ਰੇਤਾ ਦੇ ਟਿੱਬਿਆਂ ਵਾਲੀ ਦੋਨਾ ਦੀ ਧਰਤੀ ਨੂੰ ਉਹਨਾਂ ਨੇ ਸੋਨਾ ਬਣਾ ਦਿੱਤਾ। ਆਮ ਕਹਾਵਤ ਹੈ ਕਿ ਮਿੱਟੀ ਵੀ ਸੋਨਾ ਉਗਲਦੀ ਹੈ। ਇਸ ਕਹਾਵਤ ਨੂੰ ਉਹਨਾਂ ਨੇ ਇਸ ਇਲਾਕੇ ਵਿੱਚ ਸਚ ਸਾਬਿਤ ਕਰਕੇ ਵਿਖਾ ਦਿੱਤਾ। ਹੁਣ ਦੋਨਾ ਇਲਾਕੇ ਦੀ ਮਿੱਟੀ ਖਰਬੂਜਿਆਂ, ਆਲੂਆਂ, ਮੱਕੀ, ਸੂਰਜਮੁਖੀ ਤੇ ਮੈਬਲ ਸਮੇਤ ਹੋਰ ਭਰਪੂਰ ਫ਼ਸਲਾਂ ਦੇ ਰੂਪ ਵਿੱਚ ਸੋਨਾ ਉਗਲ ਰਹੀ ਹੈ। ਇਹ ਦਿਲਕਸ਼ ਨਜ਼ਾਰਾ ਸੰਤ ਸੀਚੇਵਾਲ ਵੱਲੋਂ ਰਸਤਿਆਂ ਦੀ ਕੀਤੀ ਅਣਥੱਕ ਸੇਵਾ ਦਾ ਨਤੀਜਾ ਹੈ।
ਆਜ਼ਾਦ ਭਾਰਤ ਦੇ ਇਤਿਹਾਸ ਦੀ ਇਹ ਪਹਿਲੀ ਘਟਨਾ ਹੈ ਕਿ ਇੱਕ ਨਦੀ ਨੂੰ ਸੰਤ ਸੀਚੇਵਾਲ ਦੀ ਅਗਵਾਈ ਹੇਠ ਸਾਫ਼ ਕਰ ਰਹੇ ਲੋਕਾਂ ਨੂੰ ਅਖੀ ਦੇਖਣ ਲਈ ਦੇਸ਼ ਦਾ ਰਾਸ਼ਟਰਪਤੀ ਆਪ ਚੱਲ ਕੇ ਆਇਆ ਹੋਵੇ। ਸ਼ਾਇਦ ਇਹ ਵੀ ਦੁਨੀਆ ਦੀ ਪਹਿਲੀ ਹੀ ਘਟਨਾ ਹੈ ਕਿ ਕਿਸੇ ਦੇਸ਼ ਦਾ ਰਾਸ਼ਟਰਪਤੀ ਉਹਨਾਂ ਲੋਕਾਂ ਨੂੰ ਦੇਖਣ ਲਈ ਗਿਆ ਜਿੰਨਾ ਨੇ ਹਥੀ ਬਾਬਾ ਨਾਨਕ ਦੀ ਨਦੀ ਨੂੰ ਸਾਫ਼ ਕੀਤਾ ਸੀ। ਡਾ. ਏ. ਪੀ. ਜੇ. ਅਬਦੁਲ ਕਲਾਮ ਰਾਸ਼ਟਰਪਤੀ ਹੁੰਦਿਆ ਹੋਇਆ ਤੇ ਬਾਅਦ ਵਿੱਚ ਵੀ ਪਵਿਤ੍ਰ ਕਾਲੀ ਵੇਈਂ ਤੇ ਇਸ ਦੇ ਪ੍ਰਭਾਵ ਨੂੰ ਦੇਖਣ ਲਈ ਆਏ ਸਨ।
ਨਵੰਬਰ 2009 ਵਿੱਚ ਇੰਗਲੈਂਡ ਦੇ ਸ਼ਹਿਰ ਵਿੰਡਸਰ ਕੈਂਸਲ ਵਿੱਚ ਦੁਨੀਆਂ ਭਰ ਦੇ ਧਾਰਮਿਕ ਆਗੂਆਂ ਦੇ ਹੋਏ ਇਕਠ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸ਼ਮੂਲੀਅਤ ਬੜੀ ਅਹਿਮ ਸੀ। ਇਸ ਸਮਾਗਮ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨਕੀ ਮੂਨ ਨੇ ਦੁਨੀਆ ਭਰ ਤੋਂ ਆਏ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਵਾਤਾਵਰਨ ਨੂੰ ਬਚਾਉਣ ਲਈ ਧਾਰਮਿਕ ਆਗੂ ਅੱਗੇ ਆਉਣ। ਬਾਨਕੀ ਮੂਨ ਦੀ ਧਾਰਮਿਕ ਆਗੂਆਂ ਨੂੰ ਅਜਿਹੀ ਅਪੀਲ ਕਰਨੀ ਇੱਕ ਵੱਡਾ ਕਦਮ ਸੀ। ਕੋਪਨਹੈਗਨ ਵਿਚ ਦਸੰਬਰ, 2009 ਵਿੱਚ ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਹੀ ਹੋਏ ਧਾਰਮਿਕ ਆਗੂਆਂ ਦੇ ਸਿਖਰ ਸੰਮੇਲਨ ਵਿੱਚ ਸੰਤ ਸੀਚੇਵਾਲ ਵੱਲੋਂ ਬਾਬਾ ਨਾਨਕ ਦੀ ਵੇਈਂ ਦਾ ਜ਼ਿਕਰ ਬਾਖੂਬੀ ਕੀਤਾ। ਸੰਤ ਸੀਚੇਵਾਲ ਵੱਲੋਂ ਹਥੀ ਕਾਰ ਸੇਵਾ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਜਦੋਂ ਦਸਿਆ ਸੀ ਤਾਂ ਦੁਨੀਆ ਭਰ ਦੇ ਆਗੂ ਇਹ ਸੋਚਣ ਲਈ ਮਜ਼ਬੂਰ ਹੋ ਗਏ ਸਨ ਕਿ ਆਖਰ ਕਿਵੇਂ ਲੋਕਾਂ ਨੇ ਹਥੀ ਕੰਮ ਕਰਕੇ ਇੱਕ ਨਦੀ ਨੂੰ ਸਾਫ਼ ਕਰਕੇ ਮਿਸਾਲੀ ਕੰਮ ਕਰ ਵਿਖਾਇਆ ਹੈ। ਇਹਨਾਂ ਸਤਰਾਂ ਦਾ ਲੇਖਕ ਕੋਪਨਹੈਗਨ ਵਿੱਚ ਅੰਤਰਰਾਸ਼ਟਰੀ ਵਿਦਵਾਨਾਂ ਵੱਲੋਂ ਕੀਤੀਆਂ ਗਈਆਂ ਟਿਪਣੀਆਂ ਦਾ ਚਸ਼ਮਦੀਦ ਗਵਾਹ ਹੈ। ਸੰਤ ਸੀਚੇਵਾਲ ਆਪਣੇ ਪਿੰਡ ਦੇ ਪਹਿਲੇ ਅਜਿਹੇ ਸਰਪੰਚ ਹਨ ਜਿੰਨਾਂ ਨੇ ਸਰਪੰਚ ਦੇ ਅਹੁਦੇ ਤੇ ਹੁੰਦਿਆਂ ਹੋਇਆਂ ਅੰਤਰਰਾਸ਼ਟਰੀ ਪਧਰ ਦੇ ਮੰਚਾਂ ਤੋਂ ਦੁਨੀਆ ਦੇ ਵਿਦਵਾਨਾਂ ਨੂੰ ਸੰਬੋਧਿਤ ਕੀਤਾ।
ਅੰਤਰਰਾਸ਼ਟਰੀ ਪਧਰ ਤੇ ਧਾਰਮਿਕ ਆਗੂਆਂ ਨਾਲ ਮਿਲਣੀ, ਕਨੇਡਾ ਪਾਰਲੀਮੇਂਟ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ ਜਿਥੇ ਉਹਨਾਂ ਦੀ ਅੰਤਰਰਾਸ਼ਟਰੀ ਪਛਾਣ ਬਣਾਉਂਦਾ ਹੈ ਉਥੇ ਉਹ ਆਪਣੇ ਪਿੰਡ ਦੀਆਂ ਗਲੀਆਂ, ਨਾਲੀਆਂ ਵਿੱਚ ਆਈ ਖਰਾਬੀ ਨੂੰ ਵੀ ਦੂਰ ਕਰਨ ਨੂੰ ਪਹਿਲ ਦਿੰਦੇ ਹਨ। ਪਿੰਡਾਂ ਦੀਆਂ ਗਲੀਆਂ ਦੇ ਕਾਰਜਾਂ ਦੀ ਅੰਤਰਰਾਸ਼ਟਰੀ ਪਧਰ ਤੇ ਚਰਚਾ ਕਰਨ ਦਾ ਤਵਾਰੀਖੀ ਕਾਰਜ ਸੰਤ ਸੀਚੇਵਾਲ ਦੇ ਹਿੱਸੇ ਆਉਣ ਤੇ ਉਹਨਾਂ ਦੇ ਕਾਰਜਾਂ ਪ੍ਰਤਿ ਸਮੁਚਾ ਪੰਜਾਬੀ ਭਾਈਚਾਰਾ ਸਤਿਕਾਰ ਪ੍ਰਗਟ ਕਰਦਾ ਹੈ।