ਅਸਲ ਵਿੱਚ, ਬਹੁਤ ਵੱਡੇ ਪਧਰ ਦੀ ਫ਼ਸਲ ਅਤੇ ਰਿਵਾਇਤੀ ਘੱਟ ਕੁਸ਼ਲਤਾ ਸਿੰਜਾਈ ਵਾਸਤੇ ਪਾਣੀ, ਲੋੜੀਂਦੀ ਝੋਨੇ ਦੀ ਫ਼ਸਲ ਅਤੇ ਰਿਵਾਇਤੀ ਘੱਟ ਕੁਸ਼ਲਤਾ ਨਾਲ ਅਪਣਾਏ ਜਾਂਦੇ ਖੇਤੀ ਪ੍ਰਬੰਧਾਂ ਵਾਲੀ ਘਾਟੇ ਵੱਲ ਜਾਂਦੀ ਕਿਸਾਨੀ ਬਾਰੇ ਯੋਜਨਾ ਬਣਾਉਣ ਵਾਲੇ ਅਤੇ ਕਿਸਾਨ ਬਹੁਤ ਚਿੰਤਿਤ ਹੁੰਦੇ ਜਾ ਰਹੇ ਹਨ। ਖ਼ਾਸ ਚਿੰਤਾ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਲਗਾਤਾਰ ਥੱਲੇ ਹੀ ਥੱਲੇ ਸਿੰਜਾਈ ਵਾਸਤੇ ਪਾਣੀ ਦੀ ਘਾਟ ਹੁੰਦੇ ਜਾਣ ਦੀ ਹੈ। ਪਿਛਲੇ ਚਾਰ ਦਹਾਕਿਆਂ ਵਿੱਚ ਪੰਜਾਬ ਬੇਮਿਸਾਲ ਖੇਤੀ ਉਤਪਾਦਨ ਵਧਾਉਣ ਦੀਆਂ ਮੱਲਾਂ ਮਾਰ ਕੇ ਭਾਰਤ ਵਿੱਚ ਹਰੇ ਇਨਕਲਾਬ ਦਾ ਮੋਢੀ ਬਣਿਆ ਰਿਹਾ ਹੈ। ਕਿਸਾਨ ਦਾ ਬੜੇ ਉਤਸ਼ਾਹ ਨਾਲ ਉਚ ਉਪਜ ਦੇਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਅਤੇ ਲੋੜੀਂਦੀਆਂ ਖੇਤੀ ਤਕਨੀਕਾਂ ਦਾ ਅਪਣਾਉਣਾ, ਸਰਕਾਰ ਦੀਆਂ ਨੀਤੀਆਂ, ਮਾਲੀ ਇਮਦਾਦ, ਲੋੜੀਂਦੇ ਸਾਧਨਾਂ (ਬੀਜ, ਖਾਦਾਂ, ਪਾਣੀ ਕੀੜੇ ਤੇ ਬਿਮਾਰੀਆਂ ਮਾਰਨ ਵਾਸਤੇ ਜ਼ਹਿਰਾਂ, ਮਸ਼ੀਨਾਂ ਤੇ ਊਰਜਾ) ਦੀ ਕਿਸਾਨਾਂ ਤੱਕ ਪਹੁੰਚ, ਜਿਣਸ ਦੀ ਖਰੀਦ ਬਹੁਤ ਹੱਦ ਤੱਕ ਯਕੀਨੀ (ਖ਼ਾਸ ਤੌਰ ਤੇ ਝੋਨਾ ਤੇ ਕਣਕ ਵਾਸਤੇ) ਕਰਨੀ, ਆਦਿ ਇਸ ਹਰੇ ਇਨਕਲਾਬ ਦੀ ਬੁਨਿਆਦ ਬਣੇ. ਇਸ ਸਮੇਂ ਦੌਰਾਨ ਪੰਜਾਬ ਵਿੱਚ ਝੋਨਾ ਤੇ ਕਣਕ ਹੇਠ ਰਕਬਾ ਵਧਦਾ ਗਿਆ (ਸੰਨ 1970 ਤੋਂ 2010 ਤੱਕ ਝੋਨੇ ਹੇਠ ਲਗਭਗ 9 ਲਖ ਏਕੜ ਤੋ ਵਧ ਕੇ ਵਧ ਕੇ 70 ਲਖ ਏਕੜ ਅਤੇ ਕਣਕ ਹੇਠ 56 ਲਖ ਏਕੜ ਤੋਂ ਵਧ ਕੇ 88 ਲਖ ਏਕੜ) ਅਤੇ ਹੋਰਨਾਂ ਫ਼ਸਲਾਂ (ਦਾਲਾਂ, ਤੇਲੀ ਬੀਜਾਂ, ਮੱਕੀ ਆਦਿ) ਹੇਠ ਰਕਬਾ ਘਟਦਾ ਗਿਆ। ਇਸ ਤਰ੍ਹਾਂ ਦੇ ਫਸਲੀ ਬਦਲਾਅ ਨਾਲ ਪੰਜਾਬ ਵਿੱਚ ਕਣਕ ਅਤੇ ਝੋਨੇ ਦੀ ਪੈਦਾਵਾਰ ਬਹੁਤ ਵਧਦੀ ਗਈ। ਪਰ ਸਮਾਂ ਪਾ ਕੇ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ (ਖ਼ਾਸ ਤੌਰ ਤੇ ਖੁਰਾਕੀ ਤੱਤਾਂ ਦੀ ਘਾਟ ਤੇ ਮਾੜੇ ਅਸਰ, ਸਿੰਜਾਈ ਵਾਸਤੇ ਪਾਣੀ ਦੀ ਵਧਦੀ ਲੋੜ ਅਤੇ ਇਸਦੀ ਘਟਦੀ ਉਪਲਬਧਤਾ ਅਤੇ ਵਾਤਾਵਰਨ ਵਿਚ ਖਰਾਬੀ ਵਰਗੀਆਂ ਸਮਸਿਆਵਾਂ ਵਧਣ ਲਗੀਆਂ। ਇਸਦੇ ਨਾਲ-ਨਾਲ ਲੋੜੀਂਦੀਆਂ ਖਾਦਾਂ, ਪਾਣੀ, ਕੀੜੇ ਤੇ ਬਿਮਾਰੀਆਂ ਮਾਰਨ ਵਾਲੀਆਂ ਜ਼ਹਿਰਾਂ ਅਤੇ ਊਰਜਾ ਦੀ ਘੱਟ ਕੁਸ਼ਲਤਾ ਨਾਲ ਬੇਹਿਸਾਬੀ ਵਰਤੋਂ, ਖੇਤੀ ਪੈਦਾਵਾਰ ਵਾਸਤੇ ਖਰਚੇ ਵਧਣੇ, ਫ਼ਸਲਾਂ ਦੀਆਂ ਜਿਣਸਾਂ (ਬਹੁਤ ਛੇਤੀ ਗਲ-ਸੜ੍ਹ, ਖਰਾਬ ਹੋਣ ਵਾਲੀਆਂ ਅਤੇ ਛੇਤੀ ਨਾ ਖਰਾਬ ਹੋਣ ਵਾਲੀਆਂ) ਦੀ ਸਹੀ ਸੰਭਾਲ ਨਾ ਹੋਣੀ ਅਤੇ ਹੋਰ ਕਈ ਸਮਸਿਆਵਾਂ ਕਰਕੇ ਫ਼ਸਲਾਂ ਦੀ ਪ੍ਰਤਿ ਏਕੜ ਪੈਦਾਵਾਰ ਦੇ ਵਾਧੇ ਵਿੱਚ ਕਾਫੀ ਖੜੋਤ ਹੋ ਗਈ ਅਤੇ ਖੇਤੀ ਆਧਾਰਤ ਆਮਦਨ ਵਿੱਚ ਵਾਧੇ ਦੀ ਦਰ ਘਟਦੀ ਗਈ। ਖ਼ਾਸ ਤੌਰ ਤੇ ਛੋਟੇ ਪਧਰ ਦੇ ਕਿਸਾਨਾਂ ਦੀ ਆਰਥਿਕ ਹਾਲਤ ਤੇ ਬਹੁਤ ਮਾੜਾ ਅਸਰ ਪਿਆ ਹੈ। ਇਹਨਾਂ ਕਈ ਕਾਰਨਾਂ ਕਰਕੇ ਪਿਛਲੇ ਕਈ ਸਾਲਾਂ ਤੋ ਖੇਤੀ ਖੇਤਰ ਦਾ ਪੰਜਾਬ ਦੀ ਕੁੱਲ ਆਰਥਿਕ ਵਿਵਸਥਾ ਵਿੱਚ ਹਿੱਸਾ ਘਟਦਾ ਗਿਆ ਹੈ।
ਅਸਲ ਵਿੱਚ, ਬਹੁਤ ਵੱਡੇ ਪਧਰ ਦੀ ਫ਼ਸਲ ਅਤੇ ਰਿਵਾਇਤੀ ਘੱਟ ਕੁਸ਼ਲਤਾ ਸਿੰਜਾਈ ਵਾਸਤੇ ਪਾਣੀ, ਲੋੜੀਂਦੀ ਝੋਨੇ ਦੀ ਫ਼ਸਲ ਅਤੇ ਰਿਵਾਇਤੀ ਘੱਟ ਕੁਸ਼ਲਤਾ ਨਾਲ ਅਪਣਾਏ ਜਾਂਦੇ ਖੇਤੀ ਪ੍ਰਬੰਧਾਂ ਵਾਲੀ ਘਾਟੇ ਵੱਲ ਜਾਂਦੀ ਕਿਸਾਨੀ ਬਾਰੇ ਯੋਜਨਾ ਬਣਾਉਣ ਵਾਲੇ ਅਤੇ ਕਿਸਾਨ ਬਹੁਤ ਚਿੰਤਿਤ ਹੁੰਦੇ ਜਾ ਰਹੇ ਹਨ। ਖ਼ਾਸ ਚਿੰਤਾ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਲਗਾਤਾਰ ਥੱਲੇ ਹੀ ਥੱਲੇ ਸਿੰਜਾਈ ਵਾਸਤੇ ਪਾਣੀ ਦੀ ਘਾਟ ਹੁੰਦੇ ਜਾਣ ਦੀ ਹੈ। ਇਸ ਕਰਕੇ ਵੱਡੇ ਪਧਰ ਤੇ ਝੋਨਾ-ਕਣਕ ਫ਼ਸਲ ਪ੍ਰਣਾਲੀ ਵਿੱਚ ਅਤੇ ਖੇਤੀ ਢੰਗਾਂ ਵਿੱਚ ਬਦਲਾਅ ਲਿਆਉਣ ਵਾਸਤੇ ਸੁਝਾਅ ਦਿੱਤੇ ਜਾ ਰਹੇ ਹਨ। ਖ਼ਾਸ ਤੌਰ ਤੇ ਪੰਜਾਬ ਸਰਕਾਰ ਦੀਆਂ ਸੰਨ 1985 ਤੇ 2002 ਵਿੱਚ ਸਥਾਪਿਤ ਕਮੇਟੀਆਂ (ਐਸ ਐਸ ਜੌਹਲ ਦੀ ਪ੍ਰਧਾਨਗੀ ਹੇਠ), ਪੰਜਾਬ ਖੇਤੀਬਾੜੀ ਯੂਨਿਵਰਸਿਟੀ ਅਤੇ ਪੰਜਾਬ ਸਟੇਟ ਫਾਰਮਜ਼ ਕਮਿਸ਼ਨ ਵੱਲੋਂ ਰਾਜ ਵਿੱਚ ਝੋਨਾ-ਕਣਕ (ਖ਼ਾਸ ਤੌਰ ਤੇ ਝੋਨਾ) ਹੇਠੋਂ ਲਗਭਗ 25 ਲਖ ਏਕੜ ਰਕਬਾ ਬਦਲ ਕੇ ਹੋਰ ਫ਼ਸਲਾਂ (ਮੱਕੀ, ਦਾਲਾਂ, ਤੇਲ ਬੀਜ, ਸਬਜ਼ੀਆਂ, ਫਲਾਂ ਆਦਿ) ਹੇਠ ਲਿਆਂਦੇ ਜਾਣ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ। ਇਹਨਾਂ ਬਦਲਵੀਆਂ ਫ਼ਸਲਾਂ ਦੀ ਦੇਸ਼ ਅੰਦਰ ਕਾਫੀ ਘਾਟ ਵੀ ਹੈ ਜਿਸ ਨੂੰ ਪੂਰਾ ਕਰਨ ਵਾਸਤੇ ਬਾਹਰਲੇ ਦੇਸ਼ਾਂ ਤੋਂ ਦਰਾਮਦ (ਦਾਲਾਂ 40 ਤੋਂ 45 ਲਖ ਟਨ ਅਤੇ ਤੇਲੀ ਬੀਜ 50-55 ਲਖ ਟਨ) ਕਰਨੀਆਂ ਪੈਂਦੀਆਂ ਹਨ। ਦਾਲਾਂ ਬੀਜਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ।
ਇਹਨਾਂ ਸਿਫ਼ਾਰਿਸ਼ਾਂ ਨੂੰ ਅਪਣਾਉਣ ਵਾਸਤੇ ਭਾਵੇਂ ਕਿਸਾਨਾਂ ਨੂੰ ਕਾਫੀ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਪਰ ਇਹ ਸਮਝਣਾ ਜਰੂਰੀ ਹੈ ਕਿ ਬਦਲਵੀਆਂ ਫ਼ਸਲਾਂ (ਤੇ ਇਹਨਾਂ ਦੀਆਂ ਕਿਸਮਾਂ) ਦੀ ਚੋਣ ਦੇ ਨਾਲ-ਨਾਲ ਇਹਨਾਂ ਨੂੰ ਉਪਜਾਉਣ ਵਾਸਤੇ ਖੇਤੀ ਪ੍ਰਬੰਧ, ਸਾਧਨਾਂ ਦੀ ਸਹੀ ਵਰਤੋਂ ਤੇ ਕੁਦਰਤੀ ਸੋਮਿਆਂ (ਜ਼ਮੀਨ, ਪਾਣੀ, ਵਾਤਾਵਰਨ) ਦੀ ਸਹੀ ਸੰਭਾਲ ਨਾ ਕੀਤੇ ਜਾਣ ਨਾਲ ਫ਼ਸਲ ਉਤਪਾਦਨ ਅਤੇ ਨਫ਼ੇ ਵਾਧੇ ਵੱਲ ਕਾਇਮ ਨਹੀਂ ਰਖੇ ਜਾ ਸਕਦੇ। ਇਸ ਕਰਕੇ ਰਵਾਇਤੀ ਖੇਤੀ ਢੰਗਾਂ ਤੋਂ ਮੁੜ ਕੇ 'ਸੁਨਿਸ਼ਚਿਤ ਖੇਤੀ' ਪ੍ਰਬੰਧਾਂ ਆਧਾਰਿਤ ਫਸਲੀ ਬਦਲਾਅ ਦੀਆਂ ਕਾਰਜ-ਨੀਤੀਆਂ ਅਪਨਾਉਣੀਆਂ ਚਾਹੀਦੀਆਂ ਹਨ।
ਸਮੁਚੇ ਤੌਰ ਤੇ ਸੁਨਿਸ਼ਚਿਤ ਖੇਤੀ ਵਿਗਿਆਨ ਆਧਾਰਿਤ ਆਧੁਨਿਕ ਤਕਨੀਕ ਹੈ। ਇਸ ਨੂੰ ਅਪਣਾ ਕੇ ਫਸਲੀ-ਬਦਲਾਅ ਲਿਆਉਣ ਦੀ ਧਾਰਨਾ ਹੈ ਕਿ ਬਦਲਵੀਆਂ ਫ਼ਸਲਾਂ (ਤੇ ਇਹਨਾਂ ਦੀਆਂ ਕਿਸਮਾਂ) ਦੀ ਚੋਣ ਸਥਾਨਕ ਖੇਤਰ ਅਤੇ ਖੇਤ ਵਿਚਲੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਹੋਰ ਗੁਣਾਂ ਦੀ ਭਿੰਨਤਾ ਬਾਰੇ ਜਾਣਕਾਰੀ ਅਤੇ ਇਹਨਾਂ ਦੀ ਅਨੁਕੂਲਤਾ ਆਧਾਰਿਤ ਕੀਤੀ ਜਾਏ ਅਤੇ ਆਧੁਨਿਕ ਖੇਤੀ ਤਕਨੀਕਾਂ ਅਪਣਾ ਕੇ ਫ਼ਸਲਾਂ ਦੀ ਉਤਪਾਦਨ-ਕੁਸ਼ਲਤਾ ਵਿੱਚ ਵਾਧਾ ਲਗਾਤਾਰ ਕਾਇਮ ਰਖਿਆ ਜਾਏ। ਫ਼ਸਲ ਉਪਜਾਉਣ ਵਾਸਤੇ ਸਾਰੇ ਖੇਤੀ ਕਾਰਜਾਂ (ਖੇਤੀ ਦੀ ਤਿਆਰੀ, ਬਿਜਾਈ, ਸਾਧਨਾਂ ਦੀ ਸਹੀ ਵਰਤੋਂ, ਉਪਜ ਦੀ ਸਹੀ ਸੰਭਾਲ, ਪ੍ਰੋਸੇਸਿੰਗ ਤੇ ਮੁੱਲ ਵਧਾਊ ਕਾਰਜ,ਮੰਡੀ ਸਹਾਇਤਾ ਤੇ ਖਪਤਕਾਰ ਤੱਕ) ਅਤੇ ਹੋਰ ਪ੍ਰਬੰਧਾਂ ਨੂੰ ਨਿਪੁੰਨਤਾ ਨਾਲ ਅਪਣਾ ਕੇ ਲਾਭ ਵਧਾਉਣੇ ਜਰੂਰੀ ਹਨ। ਨਾਲ ਹੀ ਨਾਲ ਸਾਧਨਾਂ ਨੀ ਸਹੀ ਵਰਤੋਂ, ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਕਿਸਾਨ ਦੀ ਕੁੱਲ ਆਮਦਨ ਵਿਚ ਵਾਧਾ ਲਗਾਤਾਰ ਕਾਇਮ ਰਖਣਾ ਸੁਨਿਸ਼ਚਿਤ ਫਸਲੀ ਬਦਲਾਅ ਦੀ ਧਾਰਨਾ ਦੇ ਹਿੱਸੇ ਹਨ।
ਸੁਨਿਸ਼ਚਿਤ ਫਸਲੀ ਬਦਲਾਅ ਵਾਸਤੇ ਯੋਜਨਾ ਤੇ ਕਾਰਜ ਨੀਤੀਆਂ ਹਰ ਖੇਤਰ ਅਤੇ ਖੇਤ ਪਧਰ ਤੇ ਬਣਨੀਆਂ ਚਾਹੀਦੀਆਂ ਹਨ। ਪੰਜਾਬ ਵਿੱਚ ਕਿਓਂਕਿ ਵਖ-ਵਖ ਖੇਤਰਾਂ (ਘੱਟ ਨਮੀ ਵਾਲਾ ਨੀਮ ਪਹਾੜੀ ਕੰਢੀ ਇਲਾਕਾ) ਵਿਚ ਜਲਵਾਯੂ ਦਾ ਕਾਫੀ ਫ਼ਰਕ ਹੈ। ਹਰ ਖੇਤਰ ਵਿਚਲੀ ਜ਼ਮੀਨ ਦੇ ਰਸਾਇਣਕ (ਖਾਰੀ ਅਤੇ ਜੈਵਿਕ ਖਾਣਾਂ , ਖੁਰਾਕੀ ਤੱਤਾਂ ਦੀ ਮਾਤਰਾ,ਕੱਲਰ, ਚੂਨਾ, ਕੰਕਰ ਆਦਿ) ਤੇ ਭੌਤਿਕ (ਮਿੱਟੀ ਦੀ ਬਣਤਰ, ਰੇਤਲੀ,ਚੀਕਣੀ, ਪਾਣੀ ਸੰਭਾਲਣਾ, ਕਰੰਡ, ਸਖ਼ਤ ਤਹਿ ਆਦਿ) ਗੁਣਾਂ, ਧਰਤੀ ਉੱਪਰਲੇ ਅਤੇ ਹੇਠਲੇ ਪਾਣੀ ਦੀ ਹੋਂਦ, ਹਾਨੀਕਾਰਕ ਕੀੜੇ, ਬਿਮਾਰੀਆਂ, ਨਦੀਨਾਂ ਦੀ ਹੋਂਦ ਤੇ ਹੱਲੇ ਅਤੇ ਮਸ਼ੀਨਾਂ ਦੀ ਵਰਤੋਂ ਵਿੱਚ ਬਹੁਤ ਭਿੰਨਤਾ ਹੈ। ਇਸ ਤੋਂ ਇਲਾਵਾ, ਖੇਤੀ ਆਧਾਰਿਤ ਉਦਯੋਗ ਲਗਾਉਣ ਦੀਆਂ ਸੰਭਾਵਨਾਵਾਂ, ਸਮਾਜਿਕ ਲੋੜਾਂ ਅਤੇ ਹੋਰ ਆਰਥਿਕ ਮਸਲਿਆਂ ਵਿੱਚ ਵੀ ਕਾਫੀ ਫ਼ਰਕ ਹੈ। ਇਸੇ ਤਰ੍ਹਾਂ ਹਰ ਖੇਤ ਵਿਚਲੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਹੋਰ ਗੁਣਾਂ ਵਿਚ ਵੀ ਬਹੁਤ ਭਿੰਨਤਾ ਹੋ ਸਕਦੀ ਹੈ। ਇਸ ਲੈ ਫ਼ਸਲਾਂ ਤੇ ਉਹਨਾਂ ਦੀਆਂ ਕਿਸਮਾਂ ਦੀ ਚੋਣ ਵਖ-ਵਖ ਖੇਤਰਾਂ ਵਿੱਚ ਅਤੇ ਖੇਤਾਂ ਵਿੱਚ ਸੰਭਵ ਪੈਦਾਵਾਰ ਤੇ ਲਾਭ ਦੇਣ ਦੀ ਸਮਰਥਾ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਜਿਵੇਂ ਕਿ : ਦਾਲਾਂ, ਮੱਕੀ ਤੇ ਸੋਇਆਬੀਨ ਫ਼ਸਲਾਂ ਵਾਸਤੇ ਬਹੁਤ ਰੇਤਲੀ ਘੱਟ ਜੈਵਿਕ-ਮਾਦੇ ਵਾਲੀ, ਸੇਮ ਤੇ ਕਲਰਾਨੀ ਅਤੇ ਖਾਰੇ ਪਾਣੀ ਦੀ ਸਿੰਜਾਈ ਵਾਲੀ ਜ਼ਮੀਨ ਅਨੁਕੂਲ ਨਹੀਂ। ਝੋਨੇ ਵਾਸਤੇ ਬਹੁਤ ਪਾਣੀ ਜੀਰਨ ਵਾਲੀ ਰੇਤਲੀ ਜ਼ਮੀਨ ਅਨੁਕੂਲ ਨਹੀਂ। ਬਾਸਮਤੀ-ਝੋਨੇ ਵਾਸਤੇ ਭਾਰੀ ਜ਼ਮੀਨ ਅਤੇ ਇਸਦੇ ਦਾਣੇ ਬਣਨ ਸਮੇਂ ਕਾਫੀ ਠੰਡ ਹੋਣੀ ਚਾਹੀਦੀ ਹੈ। ਸਬਜ਼ੀਆਂ ਅਤੇ ਫਲਾਂ ਵਾਸਤੇ ਕਲਰਾਨੀ, ਸੇਮ ਵਾਲੀ, ਬਹੁਤ ਜ਼ਿਆਦਾ ਕੰਕਰਾਂ ਵਾਲੀ ਅਤੇ ਖਾਰੇ ਪਾਣੀ ਨਾਲ ਸਿੰਜਾਈ ਵਾਲੀ ਜ਼ਮੀਨ ਅਨੁਕੂਲ ਨਹੀਂ। ਅਸਲ ਵਿੱਚ, ਪੰਜਾਬ ਦੀਆਂ 75 ਤੋਂ ਵਧ ਭੂਮੀ ਪਰਖ ਪ੍ਰਯੋਗਸ਼ਾਲਾਵਾਂ ਨੂੰ ਫ਼ਸਲਾਂ ਵਾਸਤੇ ਜ਼ਮੀਨ ਤੇ ਪਾਣੀ ਦੀ ਅਨੁਕੂਲਤਾ ਅਤੇ ਹੋਰ ਖੇਤੀ ਪ੍ਰਬੰਧਾਂ ਬਾਰੇ ਕਿਸਾਨਾਂ ਨੂੰ ਸੇਧ ਦੇਣੀ ਚਾਹੀਦੀ ਹੈ। ਇਹ ਸੇਧ ਛੋਟੇ ਕਿਸਾਨਾਂ ਵਾਸਤੇ ਬੜੀ ਜਰੂਰੀ ਹੈ।
ਸੁਨਿਸ਼ਚਿਤ ਫਸਲੀ ਬਦਲਾਅ ਦੀਆਂ ਯੋਜਨਾਵਾਂ ਅਤੇ ਕਾਰਜ ਨੀਤੀਆਂ ਬਣਾਉਣ ਵਾਸਤੇ ਆਧੁਨਿਕ ਭੂਗੌਲਿਕ ਜਾਣਕਾਰੀ ਪ੍ਰਣਾਲੀ, ਭੂਮੀ ਪਰਖ ਤਕਨੀਕਾਂ ਅਤੇ ਕਿਸਾਨਾਂ ਦੀ ਆਪਣੀ ਜਾਣਕਾਰੀ ਦੀ ਸਹਾਇਤਾ ਨਾਲ ਖੇਤਰ ਅਤੇ ਖੇਤ ਵਿਚਲੀ ਜ਼ਮੀਨ ਦੇ ਵਖ-ਵਖ ਲਛਨਾਂ, ਕੀੜੇ ਤੇ ਬਿਮਾਰੀਆਂ ਦੀ ਹੋਂਦ ਦੇ ਹੱਲੇ ਤੇ ਹੋਰ ਕਈ ਤਰ੍ਹਾਂ ਦੀਆਂ ਖੇਤੀ ਸੰਬੰਧੀ ਜਾਣਕਾਰੀਆਂ ਲਈਆਂ ਜਾ ਸਕਦੀਆਂ ਹਨ। ਇਹਨਾਂ ਦੇ ਅਧਾਰਿਤ ਖੇਤਰ ਅਤੇ ਖੇਤ ਪਧਰ ਦੇ ਵਖ-ਵਖ ਨਕਸ਼ੇ ਤਿਆਰ ਕੀਤੇ ਜਾ ਸਕਦੇ ਹਨ ਜਿੰਨਾਂ ਤੋਂ ਖੇਤੀ ਵਿਕਾਸ ਕਰਨ ਵਾਲੇ ਅਦਾਰੇ ਤੇ ਕਿਸਾਨ ਫ਼ਸਲਾਂ ਦੀ ਚੋਣ ਅਤੇ ਹੋਰ ਕਈ ਤਰ੍ਹਾਂ ਦੇ ਖੇਤੀ ਪ੍ਰਬੰਧਾਂ ਅਤੇ ਕਾਰਜਾਂ (ਖੇਤ ਦੀ ਤਿਆਰੀ ਤੋਂ ਫ਼ਸਲ ਦੀ ਸੰਭਾਲ ਤੇ ਖਪਤਕਾਰ ਤੱਕ) ਵਾਸਤੇ ਤੇ ਨੀਤੀਆਂ ਲਾਗੂ ਕਰਨ ਵਾਸਤੇ ਫ਼ੈਸਲੇ ਲੈ ਸਕਦੇ ਹਨ। ਇਸ ਤਰ੍ਹਾਂ ਖੇਤਰ ਅਤੇ ਖੇਤ ਵਿਚਲੀ ਫ਼ਸਲ ਉਪਜਾਉਣ ਦੀ ਅਸੁੰਤਲਤਾ ਘਟਾਈ ਜਾ ਸਕਦੀ ਹੈ।
ਪੰਜਾਬ ਵਿੱਚ ਝੋਨਾ ਤੇ ਕਣਕ ਆਧਾਰਿਤ ਆਮਦਨ ਵਿਚ ਵਾਧੇ ਦੀ ਦਰ ਘਟਦੀ ਜਾ ਰਹੀ ਹੈ ਪਰ ਨਾਲ ਹੀ ਨਾਲ ਵਧਦੀ ਆਬਾਦੀ ਵਾਸਤੇ ਪੌਸ਼ਟਿਕ ਖੁਰਾਕ (ਵਿਟਾਮਿਨ, ਪ੍ਰੋਟੀਨ, ਕੈਲਰੀ, ਖੁਰਾਕੀ ਤੱਤ) ਦੀ ਲੋੜ ਵਧਦੀ ਜਾ ਰਹੀ ਹੈ। ਇਸ ਕਰਕੇ ਲੋੜ ਹੈ ਸੁਨਿਸਚਿਤ ਖੇਤੀ ਢੰਗਾਂ ਨਾਲ ਵੱਡੇ ਰਕਬੇ ਵਿੱਚ ਝੋਨਾ ਤੇ ਕਣਕ ਨੂੰ ਹੋਰ ਉਚ ਲਾਭ ਤੇ ਉਚ ਪੌਸ਼ਟਿਕ ਖੁਰਾਕ ਵਾਲੀਆਂ ਫ਼ਸਲਾਂ, ਸਬਜ਼ੀਆਂ, ਫਲ, ਫੁੱਲ, ਦਵਾਈਆਂ) ਨਾਲ ਬਦਲ ਕੇ ਪੌਸ਼ਟਿਕ ਖੁਰਾਕ ਦਾ ਉਤਪਾਦਨ ਅਤੇ ਕਿਸਾਨ ਦੀ ਆਮਦਨ ਵਧਾਉਣ ਵਾਲਾ ਇੱਕ ਹੋਰ ਇਨਕਲਾਬ ਪੈਦਾ ਕੀਤਾ ਜਾਵੇ। ਕਈ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਲੋੜੀਂਦੀ ਤਕਨੀਕੀ ਸਿਖਲਾਈ ਅਤੇ ਮਾਲੀ ਸਹਾਇਤਾ ਦੇ ਕੇ ਇਹਨਾਂ ਕਈ ਫ਼ਸਲਾਂ ਨੂੰ ਨੈਟ ਹਾਊਸ, ਗ੍ਰੀਨ ਹਾਊਸ ਤੇ ਹੋਰ ਉਚ ਤਕਨੀਕਾਂ ਨਾਲ ਉਪਜਾਉਣ ਵਾਸਤੇ ਪ੍ਰੇਰਨਾ ਵੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਫਸਲੀ ਬਦਲਾਅ ਕਰਨ ਵੇ;ਏ ਧਿਆਨ ਵਿਚ ਰਖਣਾ ਜਰੂਰੀ ਹੈ ਕਿ ਇਹਨਾਂ ਫ਼ਸਲਾਂ ਦੀ ਪੈਦਾਵਾਰ ਮੌਸਮੀ ਅਤੇ ਛੇਤੀ ਹੀ ਖਰਾਬ, ਗਲ-ਸਾਧ ਜਾਣ ਵਾਲੀ ਹੁੰਦੀ ਹੈ। ਇਹਨਾਂ ਤੋਂ ਵਧ ਲਾਭ ਲੈਣ ਵਾਸਤੇ ਰਵਾਇਤੀ ਖੇਤੀ ਪ੍ਰਬੰਧਾਂ ਨਾਲੋਂ ਵਖਰੀ ਤਰ੍ਹਾਂ ਦੀਆਂ ਕਾਰਜ-ਨੀਤੀਆਂ, ਪੈਦਾਵਾਰ ਦੀ ਵਖ-ਵਖ ਸੰਭਾਲ ਅਤੇ ਪ੍ਰਬੰਧ (ਉਪਜਾਉਣ ਤੋਂ ਮੰਡੀ ਤੇ ਖਪਤਕਾਰ ਤੱਕ ਠੰਢੀ-ਕਦੀ, ਠੰਢੇ ਸਟੋਰ, ਠੰਢੀ ਹਾਲਤ ਵਿਚ ਢੋਆ-ਢੁਆਈ ਦੀ ਗੁਣਵੱਤਾ ਕਾਇਮ ਰਖਣਾ ਆਦਿ ) ਕਿਸਾਨਾਂ ਨੂੰ ਲੋੜੀਂਦੀ ਤਕਨੀਕੀ ਸਿਖਲਾਈ ਤੇ ਮਾਲ ਸਹਾਇਤਾ ਅਤੇ ਇਹਨਾਂ ਫ਼ਸਲਾਂ- ਨਿਸ਼ਚਿਤ ਲਾਹੇਵੰਦ ਮੰਡੀਕਰਨ ਦੀਆਂ ਸਹੂਲਤਾਂ ਪੈਦਾ ਕਰਨਾ ਬਹੁਤ ਜਰੂਰੀ ਹੈ। ਇਸ ਵਾਸਤੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਨੂੰ ਚਾਹੀਦਾ ਹੈ ਕਿ ਮਿਲ ਕੇ ਇਹਨਾਂ ਸਹੂਲਤਾਂ ਨੂੰ ਪੈਦਾ ਕਰਨ।
ਸੁਨਿਸ਼ਚਿਤ ਫਸਲੀ ਬਦਲਾਅ ਦੀ ਸਫ਼ਲਤਾ ਵਾਸਤੇ ਜਰੂਰੀ ਹੈ ਕਿ ਬਦਲਵੀਆਂ ਫ਼ਸਲਾਂ ਦੀਆਂ ਉਪਜਾਂ ਦੀ ਮੰਗ ਵੀ ਵਧ ਹੋਵੇ, ਉਜਾੜੇ ਬਹੁਤ ਘਟਾਏ ਜਾਣ ਅਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇ। ਇਸ ਵਾਸਤੇ ਪੇਂਡੂ ਇਲਾਕਿਆਂ ਵਿੱਚ ਵੱਡੇ ਪਧਰ ਤੇ ਉਦ੍ਯੌਗਿਕ ਇਕਾਈਆਂ ਦਾ ਵਿਸਥਾਰ ਹੋਣਾ ਚਾਹੀਦਾ ਹੈ ਤਾਂ ਜੋ ਫ਼ਸਲਾਂ ਤੋਂ ਉਚੇ ਲਾਭ ਵਾਲੇ ਪਦਾਰਥ ਬਣਾਏ ਜਾਣ। ਫ਼ਸਲਾਂ ਦੀ ਚੋਣ ਉਦ੍ਯੌਗਿਕ ਲੋੜਾਂ ਅਨੁਕੂਲ ਹੋਣ ਨਾਲ ਇਹ ਕਚੇ ਮਾਲ ਦਾ ਸੋਮਾ ਬਣਨਗੀਆਂ ਤੇ ਕਿਸਾਨ ਨੂੰ ਵਧ ਮੁੱਲ ਮਿਲੇਗਾ। ਪੇਂਡੂ ਯੁਵਕਾਂ ਤੇ ਕਾਮਿਆਂ ਨੂੰ ਖੇਤੀ ਤੋ ਇਲਾਵਾ ਆਪਣੇ ਹੀ ਇਲਾਕੇ ਵਿੱਚ ਨੌਕਰੀਆਂ ਮਿਲਣਗੀਆਂ, ਫ਼ਸਲਾਂ ਦੇ ਉਜਾੜੇ ਤੇ ਮੌਸਮੀ ਬਹੁਤਾਤ ਦੀ ਸਮਸਿਆ ਘਟੇਗੀ ਅਤੇ ਕਿਸਾਨ ਤੇ ਪੇਂਡੂ ਲੋਕਾਂ ਦੀ ਆਰਥਿਕ ਹਾਲਤ ਸੁਧਰੇਗੀ। ਫਸਲੀ ਬਦਲਾਅ ਦੀ ਸਫਲਤਾ ਵਾਸਤੇ ਸਭ ਤੋ ਜਰੂਰੀ ਹੈ ਕਿ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਮਿਲਣ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਘੱਟੋ-ਘੱਟ ਸਹਾਇਤਾ ਵਾਲੇ ਮੁੱਲ ਤੇ ਮੰਡੀ ਦਖ਼ਲ ਸਕੀਮਾਂ ਅੰਦਰ ਹਰ ਸਾਲ ਨਿਸ਼ਚਿਤ ਕੀਤੇ ਫ਼ਸਲਾਂ ਦੇ ਭਾਅ ਨਾ ਸਿਰਫ਼ ਕਣਕ ਤੇ ਝੋਨੇ ਵਾਸਤੇ ਸਗੋਂ ਹੋਰ ਫ਼ਸਲਾਂ ਵਾਸਤੇ ਵੀ ਕਿਸਾਨਾਂ ਨੂੰ ਮਿਲਣੇ ਯਕੀਨੀ ਬਣਾਏ ਜਾਣ ਤਾਂ ਜੋ ਬਦਲਵੀਆਂ ਫ਼ਸਲਾਂ ਤੋਂ ਵੀ ਕਿਸਾਨਾਂ ਨੂੰ ਕੁੱਲ ਆਮਦਨ ਕਣਕ ਤੇ ਝੋਨੇ ਦੇ ਮੁਕਾਬਲੇ ਵਿਚ ਸਹੀ ਹੋਵੇ।
ਸੁਨਿਸ਼ਚਿਤ ਫਸਲੀ ਬਦਲਾਅ ਕਰਨ ਵਾਸਤੇ ਵਖ-ਵਖ ਖੇਤੀ ਪ੍ਰਬੰਧਾਂ ਤੇ ਤਕਨੀਕਾਂ ਨੂੰ ਅਪਣਾਉਣ ਵਾਸਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਚਾਹੀਦੀਆਂ ਹਨ। ਇਸ ਵਾਸਤੇ ਲੋੜ ਤੇ ਵਖ-ਵਖ ਖੇਤੀ ਵਿਸ਼ਿਆਂ ਦੇ ਵਿਗਿਆਨੀ ਮਿਲ ਕੇ ਫਸਲੀ ਬਦਲਾਅ ਬਾਰੇ ਸਰਬ-ਪਖੀ ਜਾਣਕਾਰੀਆਂ ਆਧਾਰਿਤ ਤਕਨੀਕਾਂ ਕਢਣ ਤੇ ਕਿਸਾਨਾਂ ਤੱਕ ਪਹੁੰਚਾਉਣ। ਨਾਲ ਹੀ ਲੋੜ ਹੈ ਵਖ-ਵਖ ਫਸਲਾਂ ਦੀਆਂ ਕਿਸਮਾਂ ਕਢਣ ਦੀ ਜੋ ਘੱਟ [ਪਾਣੀ, ਘੱਟ ਸਾਧਨਾਂ ਤੇ ਘੱਟ ਊਰਜਾ ਅਤੇ ਜਲਵਾਯੂ ਵਿੱਚ ਬਦਲਾਅ ਦੀਆਂ ਹਾਲਤਾਂ ਵਿੱਚ ਵੀ ਉਚ ਉਤਪਾਦਨ ਤੇ ਉਚ ਲਾਭ ਦੇ ਸਕਣ।
(ਲੇਖਕ ਸੇਵਾ ਮੁਕਤ ਨਿਰਦੇਸ਼ਕ ਖੋਜ, ਪੰਜਾਬ ਖੇਤੀਬਾੜੀ ਯੂਨਿਵਰਸਿਟੀ, ਲੁਧਿਆਣਾ ਹੈ।)