ਹੁਣ ਲੋੜ ਹੈ ਕੁਦਰਤ ਦੇ ਮੁੜ ਨੇੜੇ ਜਾਣ ਦੀ ਤਾਂ ਜੋ ਅਸੀਂ ਕੁਦਰਤੀ ਵਸੀਲਿਆਂ ਦੀ ਸਾਂਭ-ਸੰਭਾਲ ਕਰ ਸਕੀਏ। ਇਸ ਸੰਭਾਲ ਦਾ ਲਾਭ ਵੀ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਾਪਤ ਹੋਵੇਗਾ। ਜੇ ਅਸੀਂ ਅਜਿਹਾ ਨਾ ਕੀਤਾ ਤਾਂ ਭਵਿਖ ਸਾਨੂੰ ਕਦੇ ਮਾਫ਼ ਨਹੀਂ ਕਰੇਗਾ। ਸਾਨੂੰ ਇੱਕ ਲੋਕ ਮੁਹਿੰਮ ਚਲਾਉਣ ਦੀ ਲੋੜ ਹੈ। ਇਹ ਕਾਰਜ ਲੋਕ ਚੇਤਨਾ ਨਾਲ ਹੀ ਕੀਤਾ ਜਾ ਸਕਦਾ ਹੈ। ਪੰਜਾਬ ਅਜਿਹਾ ਸੂਬਾ ਹੈ ਜਿਥੇ ਖੇਤੀ ਨੂੰ ਸਭ ਤੋਂ ਉੱਤਮ ਧੰਦਾ ਮੰਨਿਆ ਗਿਆ ਹੈ ਅਤੇ ਇਥੇ ਕਿਰਤ ਤੇ ਕਿਸਾਨ ਦਾ ਸਤਿਕਾਰ ਹੈ। ਪੰਜਾਬ ਦੀ ਭੂਗੌਲਿਕ ਸਥਿਤੀ ਅਤੇ ਕੁਦਰਤ ਦੀ ਮਿਹਰ ਸਦਕਾ ਖੇਤੀ ਲਈ ਲੋੜੀਂਦੇ ਵਸੀਲੇ, ਧਰਤੀ, ਪਾਣੀ ਅਤੇ ਬਦਲਵੇਂ ਮੌਸਮ ਮੌਜ਼ੂਦ ਹਨ। ਇਸੇ ਕਰਕੇ ਜਿਸ ਤੇਜ਼ੀ ਨਾਲ ਖੇਤੀ ਦਾ ਵਿਕਾਸ ਪੰਜਾਬ ਵਿੱਚ ਹੋਇਆ ਉਸ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ। ਇਥੋਂ ਦੇ ਕਿਸਾਨ ਖੁਦ ਕਾਸ਼ਤਕਾਰ ਹੋਣ ਕਰਕੇ ਹਮੇਸ਼ਾ ਖੇਤੀ ਵਿੱਚ ਨਵੇਂ ਤਜ਼ਰਬੇ ਕਰਨ ਲਈ ਤਿਆਰ ਰਹਿੰਦੇ ਹਨ। ਜਿਸ ਤੇਜ਼ੀ ਨਾਲ ਪੰਜਾਬੀ ਕਿਸਾਨ ਨਵੀਆਂ ਫਸਲਾਂ ਅਤੇ ਨਵੀਂ ਤਕਨਾਲੋਜੀ ਅਪਣਾਉਂਦਾ ਹੈ ਸ਼ਾਇਦ ਉਨੀ ਤੇਜ਼ੀ ਨਾਲ ਇਹ ਹੋਰ ਕਿਧਰੇ ਨਹੀਂ ਹੁੰਦਾ। ਪੰਜਾਬੀ ਹਿੰਮਤ ਅਤੇ ਦਲੇਰੀ ਨਾਲ ਔਕੜਾਂ, ਆਫਤਾਂ ਅਤੇ ਮੁਸ਼ਕਿਲਾਂ ਦਾ ਮੁਕਾਬਲਾ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਕਰਦੇ ਹਨ ਅਤੇ ਅਗਾਂਹ ਵਧਦੇ ਹਨ।
ਪੰਜਾਬ ਸੰਸਾਰ ਦੇ ਉਹਨਾਂ ਕੁਝ ਕੁ ਭਾਗਸ਼ਾਲੀ ਖਿਤਿਆਂ ਵਿੱਚ ਹੈ ਜਿਥੋਂ ਦੀ ਸਾਰੀ ਧਰਤੀ ਵਾਹੀਯੋਗ ਅਤੇ ਸੇਂਜੂ ਹੈ। ਕਦੇ ਪੰਜਾਬ ਸੱਤ ਦਰਿਆਵਾਂ ਦੀ ਧਰਤੀ ਸੀ ਤੇ ਮੁੜ ਪੰਜ ਦਰਿਆਵਾਂ ਦੀ ਧਰਤੀ ਰਹਿ ਗਈ ਤੇ ਇਸੇ ਕਰਕੇ ਇਸ ਨੂੰ ਪੰਜਾਬ ਆਖਿਆ ਜਾਣ ਲਗਿਆ। ਮੌਜ਼ੂਦਾ ਪੰਜਾਬ 1966 ਵਿੱਚ ਬਣਾਇਆ ਗਿਆ ਅਤੇ ਇਸ ਦੇ ਹਿੱਸੇ ਢਾਈ ਦਰਿਆ ਰਹਿ ਗਏ। ਇਸ ਸਮੇਂ ਪੰਜਾਬ ਦਾ ਕੁੱਲ ਰਕਬਾ ਲਗਭਗ 50 ਲਖ ਹੈਕਟੇਅਰ ਹੈ। ਵਾਹੀ ਹੇਠ ਰਕਬਾ 42 ਲਖ ਹੈਕਟੇਅਰ ਹੈ ਜਿਹੜਾ ਕੁੱਲ ਰਕਬੇ ਦਾ 84 ਪ੍ਰਤਿਸ਼ਤ ਹੈ। ਖੇਤੀ ਹੇਠ ਇਨਾਂ ਵਧ ਰਕਬਾ ਹੋਰ ਕਿਸੇ ਰਾਜ ਵਿਚ ਨਹੀਂ ਹੈ। ਅਸਲ ਵਿੱਚ, ਪੰਜਾਬ ਕੋਲ ਕੋਈ ਵੇਹਲਾ ਰਕਬਾ ਜਾਂ ਖਰਾਬ ਧਰਤੀ ਹੈ ਹੀ ਨਹੀਂ। ਇਥੇ ਜੰਗਲ ਹੇਠ ਜਾਂ ਰੁਖਾਂ ਹੇਠ ਕੇਵਲ 4.5 ਪ੍ਰਤਿਸ਼ਤ ਰਕਬਾ ਹੈ ਜਿਹੜਾ ਕਿ ਬਹੁਤ ਘੱਟ ਹੈ ਜਦੋਂਕਿ ਰਾਸ਼ਟਰੀ ਔਸਤ 22 ਪ੍ਰਤਿਸ਼ਤ ਹੈ। ਹਰੇ ਇਨਕਲਾਬ ਨੇ ਭਾਵੇਂ ਦੇਸ਼ ਵਿਚੋਂ ਭੁਖਮਰੀ ਦੂਰ ਕੀਤੀ ਹੈ ਪਰ ਪੰਜਾਬ ਦੇ ਕੁਦਰਤੀ ਵਸੀਲਿਆਂ ਦਾ ਘਾਣ ਹੋਇਆ ਹੈ। ਵਧ ਤੋਂ ਵਧ ਧਰਤੀ ਵਾਹੀ ਹੇਠ ਲਿਆਉਣ ਲਈ ਕਿਸਾਨਾਂ ਵੱਲੋਂ ਰੁਖਾਂ ਦੀ ਬੇਰਹਿਮੀ ਨਾਲ ਕਟਾਈ ਕੀਤੀ ਗਈ ਹੈ। ਰੁਖਾਂ ਦੀ ਅਨਹੋਂਦ ਨੇ ਏਥੋਂ ਦੇ ਜਲਵਾਯੂ ਅਤੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਪੰਜਾਬ ਵਿੱਚ ਲਗਭਗ ਸਾਰੀ ਵਾਹੀ ਹੇਠ ਜ਼ਮੀਨ ਨੂੰ ਪਾਣੀ ਲਗਦਾ ਹੈ ਜਿਸ ਕਰਕੇ ਫ਼ਸਲ ਘਣਤਾ 90 ਪ੍ਰਤਿਸ਼ਤ ਦੇ ਨੇੜੇ ਪੁੱਜ ਗਈ ਹੈ। ਸਾਰੀ ਜ਼ਮੀਨ ਵਿਚੋਂ ਸਾਲ ਵਿਚੋਂ ਘੱਟੋ-ਘੱਟ ਦੋ ਫ਼ਸਲਾਂ ਤਾਂ ਲਈਆਂ ਜਾਂਦੀਆਂ ਹਨ ਪਰ ਕਈ ਕਿਸਾਨ ਤਾਂ ਸਾਲ ਵਿੱਚ ਚਾਰ ਫ਼ਸਲਾਂ ਵੀ ਲੈਂਦੇ ਹਨ। ਪੰਜਾਬ ਦੀ ਵਾਹੀ ਦਾ ਪੂਰੀ ਤਰ੍ਹਾਂ ਮਸ਼ੀਨੀਕਰਨ ਹੋ ਗਿਆ ਹੈ ਜਿਸ ਦਾ ਅਸਰ ਕੁਦਰਤੀ ਵਸੀਲਿਆਂ ਦੀ ਕੁਵਰਤੋਂ ਉੱਤੇ ਵੀ ਪਿਆ ਹੈ।
ਖੇਤੀ ਵਿੱਚ ਸਫ਼ਲਤਾ ਲਈ ਪਧਰੀ ਅਤੇ ਉਪਜਾਊ ਮਿੱਟੀ, ਸੂਰਜ, ਪੌਣ ਅਤੇ ਪਾਣੀ ਦੀ ਲੋੜ ਹੈ। ਪੰਜਾਬ ਇਸ ਪਖੋਂ ਵਡਭਾਗਾ ਹੈ ਕਿ ਇਥੇ ਇਹ ਸਾਰੇ ਸਾਧਨ ਮੌਜ਼ੂਦ ਹਨ। ਪੰਜਾਬ ਭਾਵੇਂ ਛੋਟਾ ਰਾਜ ਹੈ ਪਰ ਇਥੇ ਲਗਭਗ ਹਰ ਤਰ੍ਹਾ ਦੀ ਮਿੱਟੀ ਪ੍ਰਾਪਤ ਹੈ। ਪੂਰਬੀ ਪਾਸੇ ਜਿਥੇ ਪਹਾੜੀਆਂ ਤੇ ਉਚੀ ਨੀਵੀਂ ਪਥਰੀਲੀ ਧਰਤੀ ਹੈ ਉਥੇ ਪਛਮੀ ਪਾਸੇ ਰੇਤ ਦੇ ਟਿੱਬੇ ਵੀ ਹਨ। ਇਥੇ ਰੇਤਲੀ ਤੋਂ ਲੈ ਕੇ ਚੀਕਣੀ ਮਿੱਟੀ ਵਾਲੇ ਖੇਤ ਹਨ। ਪਰ ਇਥੋਂ ਦੀ ਬਹੁਤ ਧਰਤੀ ਮੈਰਾ ਹੈ ਜਿਸ ਵਿੱਚ ਖੇਤੀ ਵਧੀਆ ਢੰਗ ਨਾਲ ਹੋ ਸਕਦੀ ਹੈ। ਬਹੁਤੇ ਮੈਦਾਨੀ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਨੇੜੇ ਹੈ ਅਤੇ ਸਿੰਜਾਈ ਲਈ ਠੀਕ ਹੈ। ਜਿਥੇ ਪਾਣੀ ਦੀ ਘਾਟ ਹੈ, ਉਥੇ ਪੰਜਾਬ ਵਿੱਚ ਵਗਦੇ ਦਰਿਆਵਾਂ ਵਿਚੋਂ ਨਹਿਰਾਂ ਕਢ ਕੇ ਪਾਣੀ ਪਹੁੰਚਾਇਆ ਗਿਆ ਹੈ।
ਇਥੇ ਲਗਭਗ ਸਾਰੇ ਹੀ ਮੌਸਮ ਆਉਂਦੇ ਹਨ ਜਿਸ ਸਦਕਾ ਬਹੁਤ ਸਾਰੀਆਂ ਫ਼ਸਲਾਂ, ਫਲ ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਸਹੂਲਤਾਂ ਵਧੇਰੇ ਹਨ। ਹਰੇਕ ਪਿੰਡ ਵਿੱਚ ਬਿਜਲੀ ਹੈ। ਕਿਸਾਨਾਂ ਨੂੰ ਸਿੰਜਾਈ ਲਈ ਬਿਜਲੀ ਤੇ ਪਾਣੀ ਮੁਫ਼ਤ ਦਿੱਤੀ ਜਾਂਦੀ ਹੈ। ਸਾਰੇ ਪਿੰਡ ਪੱਕੀਆਂ ਸੜਕਾਂ ਨਾਲ ਜੁੜੇ ਹੋਏ ਹਨ।
ਪੰਜਾਬ ਸੰਸਾਰ ਦੇ ਉਹਨਾਂ ਕੁਝ ਕੇਂਦਰਾਂ ਵਿਚੋਂ ਇੱਕ ਹੈ ਜਿਥੇ ਮਨੁਖ ਨੇ ਜੰਗਲਾਂ ਵਿਚੋਂ ਨਿਕਲ ਪਰਿਵਾਰ ਦੇ ਰੂਪ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਸਭਿਆਚਾਰ ਦਾ ਮੁਢ ਬੰਨਿਆ। ਪੰਜਾਬ ਦੇ ਦਰਿਆਵਾਂ ਕੰਢੇ ਮਨੁਖ ਨੂੰ ਸਮਾਜਿਕ ਸੋਝੀ ਆਈ ਤੇ ਸਮਾਜ ਦੀ ਸਿਰਜਨਾ ਕੀਤੀ। ਇਹਨਾਂ ਆਦਿਵਾਸੀਆਂ ਦੇ ਘਰਾਂ ਦੇ ਵੇਹੜਿਆਂ ਵਿੱਚ ਹੀ ਖੇਤੀ ਦਾ ਆਰੰਭ ਹੋਇਆ। ਹੜੱਪਾ ਅਤੇ ਮਹਿੰਜੋਦੜੋ ਦੀ ਖੁਦਾਈ ਪਿਛੋਂ ਮਿਲੇ ਪ੍ਰਮਾਣ ਇਹ ਸਿਧ ਕਰਦੇ ਹਨ ਕਿ ਅੱਜ ਤੋਂ ਲਗਭਗ 7000 ਸਾਲ ਪਹਿਲਾਂ ਪੰਜਾਬ ਵਿੱਚ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਵਿਕਾਸ ਆਪਣੇ ਸਿਖਰ ਉੱਤੇ ਸੀ। ਖੇਤੀ ਅਤੇ ਖੇਤੀ ਉਪਜ ਦਾ ਵਪਾਰ ਪੰਜਾਬੀਆਂ ਦਾ ਮੁਖ ਕਿੱਤਾ ਸੀ। ਕਣਕ, ਜੌਂ ਅਤੇ ਕਪਾਹ ਉਦੋਂ ਦੀਆਂ ਮੁਖ ਫ਼ਸਲਾਂ ਸਨ। ਖੇਤੀ ਹਲ ਨਾਲ ਕੀਤੀ ਜਾਂਦੀ ਸੀ ਤੇ ਬਲਦਾਂ ਨੂੰ ਖੇਤੀ ਦੇ ਕੰਮਾਂ ਲਈ ਵਰਤਿਆ ਜਾਂਦਾ ਸੀ। ਉਦੋਂ ਪਹੀਏ ਵਾਲੇ ਗੱਡੇ ਦੀ ਵਰਤੋਂ ਵੀ ਸ਼ੁਰੂ ਹੋ ਗਈ ਸੀ। ਪੰਜਾਬ ਨੂੰ ਕਪਾਹ ਦਾ ਘਰ ਮੰਨਿਆ ਜਾਂਦਾ ਸੀ। ਪੰਜਾਬ ਵਿੱਚ ਉਦੋਂ ਕਪਾਹ ਤੋਂ ਕਪੜਾ ਬਣਾਉਣ ਦੀ ਸਨਅਤ ਵੀ ਪੂਰੀ ਤਰ੍ਹਾ ਵਿਕਸਿਤ ਹੋ ਚੁੱਕੀ ਸੀ। ਬਦਕਿਸਮਤੀ ਨਾਲ, ਇਹ ਸਭਿਅਤਾ ਕੁਝ ਕਾਰਨਾਂ ਕਰਕੇ ਤਬਾਹ ਹੋ ਗਈ।
ਪੰਜਾਬ ਜਿਥੇ ਭਾਈਚਾਰੇ ਦੇ ਤਰੀਕੇ ਨਾਲ ਸਾਰੀ ਬਿਰਾਦਰੀ ਰਹਿੰਦੀ ਹੈ ਅਤੇ ਇਸ ਬਿਰਾਦਰੀ ਰਾਹੀ ਇੱਕ ਤਾਕਤਵਰ ਸਮਾਜ ਦਾ ਜਨਮ ਹੁੰਦਾ ਹੈ। ਖ਼ੁਦ ਕਾਸ਼ਤਕਾਰ ਨੂੰ ਹੀ ਆਪਣੀ ਖੇਤੀ ਅਤੇ ਖੇਤਾਂ ਨਾਲ ਪਿਆਰ ਹੁੰਦਾ ਹੈ। ਇਸੇ ਕਰਕੇ ਪੰਜਾਬ ਦਾ ਕਿਸਾਨ ਹਮੇਸ਼ਾ ਖੇਤੀ ਦੇ ਨਵੇਂ ਢੰਗ ਤਰੀਕੇ ਅਪਣਾਉਣ ਲਈ ਉਤਸਕ ਰਹਿੰਦਾ ਹੈ ਅਤੇ ਪੰਜਾਬ ਦਾ ਕਿਸਾਨ ਨੇ ਹੀ ਦੇਸ਼ ਵਿਚੋਂ ਭੁਖਮਰੀ ਨੂੰ ਦੂਰ ਕੀਤਾ ਹੈ। ਦੇਸ਼ ਦੇ ਅੰਨ ਭੰਡਾਰ ਵਿੱਚ ਪੰਜਾਬ ਕਣਕ ਦਾ 60 ਪ੍ਰਤਿਸ਼ਤ ਤੇ ਚੌਲਾਂ ਦਾ ਲਗਭਗ 40 ਪ੍ਰਤਿਸ਼ਤ ਹਿੱਸਾ ਦਿੰਦਾ ਹੈ।
ਕੁਦਰਤੀ ਸੋਮਿਆਂ ਦੀ ਰਾਖੀ
ਪੰਜਾਬ, ਸੰਸਾਰ ਦਾ ਇੱਕ ਅਜਿਹਾ ਖਿੱਤਾ ਹੈ ਜਿਥੇ ਕੁਦਰਤ ਦੀ ਬਖਸ਼ੀਸ਼ ਸਦਕਾ ਹਵਾ, ਪਾਣੀ ਅਤੇ ਧਰਤੀ ਸਭ ਤੋਂ ਵਧੀਆ ਪ੍ਰਾਪਤ ਹੋਈ ਹੈ। ਇਹਨਾਂ ਦੀ ਸੰਜਮ ਨਾਲ ਵਰਤੋਂ ਅਤੇ ਪਵਿਤਰਤਾ ਕਾਇਮ ਰਖਣਾ ਅਸੀਂ ਭੁੱਲ ਗਏ ਹਾਂ। ਆਪਣੇ ਨਿੱਜੀ ਲਾਭ ਅਤੇ ਪੈਸੇ ਦੀ ਦੌੜ ਵਿੱਚ ਅਸੀਂ ਵੱਡੀ ਭੁੱਲ ਕਰ ਰਹੇ ਹਾਂ। ਇਹਨਾਂ ਦੀ ਪਵਿਤ੍ਰਤਾ ਕਾਇਮ ਰਖਣ ਦੀ ਥਾਂ ਅਸੀਂ ਇਹਨਾਂ ਦੀ ਪਵਿਤ੍ਰਤਾ ਭੰਗ ਕਰਨ ਲੱਗ ਪਏ ਹਾਂ। ਸਮੇਂ ਤੋ ਪਹਿਲਾਂ ਹੀ ਪ੍ਰਦੂਸ਼ਣ ਕਾਰਨ ਸਾਰੇ ਪਾਸੇ ਹਨ੍ਹੇਰਾ ਪਸਰ ਜਾਂਦਾ ਹੈ। ਪਹਿਲਾਂ ਪਿੰਡਾਂ ਨੂੰ ਇਸ ਤੋਂ ਮੁਕਤ ਸਮਝਿਆ ਜਾਂਦਾ ਸੀ ਪਰ ਹੁਣ ਪਿੰਡ ਵੀ ਇਸ ਲਪੇਟ ਵਿੱਚ ਆ ਗਏ ਹਨ। ਮਸ਼ੀਨਾਂ ਨਾਲ ਕਣਕ ਅਤੇ ਝੋਨੇ ਦੀ ਕੱਟੀ ਫ਼ਸਲ ਦੇ ਖੇਤਾਂ ਵਿੱਚ ਖੜ੍ਹੇ ਨਾੜ ਨੂੰ ਕਿਸਾਨ ਅੱਗ ਲਾਉਂਦੇ ਹਨ, ਜਿਸ ਨਾਲ ਹਰ ਪਾਸੇ ਧੂਆਂ ਫੈਲ ਜਾਂਦਾ ਹੈ। ਫ਼ਸਲਾਂ ਉੱਤੇ ਹੋ ਰਹੀ ਅੰਨ੍ਹੇਵਾਹ ਰਸਾਇਣ ਦੀ ਵਰਤੋਂ ਨੇ ਪਾਣੀ ਦੇ ਨਾਲ-ਨਾਲ ਖੇਤੀ ਉਪਜ ਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਹੈ। ਸਾਰੀ ਧਰਤੀ ਵਾਹੀ ਹੇਠ ਆਉਣ ਨਾਲ ਰੁਖਾਂ ਦਾ ਘਾਣ ਹੋਇਆ ਹੈ।
ਰੁਖ ਵਾਤਾਵਰਣ ਨੂੰ ਸਾਫ਼ ਰਖਣ ਵਿਚ ਸਭ ਤੋਂ ਵਧ ਸਹਾਇਤਾ ਕਰਦੇ ਹਨ। ਇਸ ਦਾ ਅਸਰ ਮੌਸਮ ਉੱਤੇ ਵੀ ਪਿਆ ਹੈ। ਸਰਦੀ ਅਤੇ ਗਰਮੀ ਦਾ ਮੌਸਮ ਬਦਲਿਆ ਹੈ। ਮੌਸਮ ਵਿੱਚ ਅਚਾਨਕ ਤਬਦੀਲੀ ਆਉਂਦੀ ਹੈ ਜਿਹੜੀ ਇਨਸਾਨਾਂ ਦਾ ਹੀ ਨਹੀਂ ਸਗੋਂ ਫਸਲਾਂ ਦਾ ਵੀ ਨੁਕਸਾਨ ਕਰਦੀ ਹੈ। ਸਾਉਣ ਦੇ ਮਹੀਨੇ ਮੀਂਹ ਦੀ ਝੜੀ ਨਹੀਂ ਲਗਦੀ। ਬੱਦਲ ਕਦੇ ਵੀ ਬੇਮੌਸਮੇ ਫਟ ਜਾਂਦੇ ਹਨ ਤੇ ਘੜੀ ਪਲ ਵਿਚ ਹੀ ਜਲਥਲ ਕਰ ਦਿੰਦੇ ਹਨ।
ਵਧ ਤੋਂ ਵਧ ਫ਼ਸਲਾਂ ਲੈਣ ਦੀ ਲਾਲਸਾ ਕਾਰਨ ਧਰਤੀ ਹੇਠਲੇ ਪਾਣੀ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਜਿਸ ਕਾਰਨ ਧਰਤੀ ਹੇਠਲਾ ਪਾਣੀ ਦੂਰ ਹੋ ਰਿਹਾ ਹੈ। ਨਿੱਤ ਬੋਰਾਂ ਨੂੰ ਹੋਰ ਡੂੰਘਾ ਕਰਨਾ ਪੈਂਦਾ ਹੈ। ਕੁਦਰਤ ਨਾਲ ਖਿਲਵਾੜ ਕਰਕੇ ਮਨੁਖ ਆਪਣੇ ਹਥੀ ਆਪਣੇ ਪੈਰੀ ਕੁਹਾੜਾ ਮਾਰ ਰਿਹਾ ਹੈ। ਦੋਸਤ ਕੀੜੇ-ਮਕੌੜੇ ਅਤੇ ਪੰਛੀਆਂ ਨੂੰ ਖਤਮ ਕਰ ਦਿੱਤਾ ਹੈ। ਕੁਦਰਤ ਦੇ ਨਿਯਮਾਂ ਨੂੰ ਤੋੜ ਅਸੀਂ ਵਾਤਾਵਰਨ ਦਾ ਸੰਤੁਲਨ ਵਿਗਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਰੁਖਾਂ ਦੀ ਬੇਰਹਿਮੀ ਨਾਲ ਹੋਈ ਕਟਾਈ ਨੇ ਹੋਰ ਵੀ ਭੈੜਾ ਹਾਲ ਕਰ ਦਿੱਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਧਰਤੀ ਦੇ ਘੱਟੋ-ਘੱਟ ਤੀਜੇ ਹਿੱਸੇ ਉੱਤੇ ਜੰਗਲ ਹੋਣੇ ਚਾਹੀਦੇ ਹਨ ਪਰ ਪੰਜਾਬ ਵਿੱਚ ਮਸਾਂ ਪੰਜ ਪ੍ਰਤਿਸ਼ਤ ਤੋਂ ਵੀ ਘੱਟ ਰਕਬਾ ਹੈ।
ਅਸਲ ਵਿੱਚ, ਇਥੇ ਜੰਗਲ ਤਾਂ ਹੁਣ ਰਹੇ ਹੀ ਨਹੀਂ ਹਨ। ਇਹ ਤਾਂ ਸੜਕਾਂ ਕੰਢੇ ਲੱਗੇ ਰੁਖਾਂ ਦੀ ਗਿਣਤੀ ਨਾਲ ਅੰਦਾਜ਼ਾ ਲਗਾਇਆ ਜਾਂਦਾ ਹੈ। ਰੁਖਾਂ ਦਾ ਵਾਤਾਵਰਨ ਦੀ ਸਫ਼ਾਈ ਵਿਚ ਵਿਸ਼ੇਸ਼ ਯੋਗਦਾਨ ਹੈ। ਇਹ ਹਵਾ ਨੂੰ ਸਾਫ਼ ਕਰਦੇ ਹਨ, ਪਾਣੀ ਦੀ ਸੰਭਾਲ ਕਰਦੇ ਹਨ ਅਤੇ ਮੀਂਹ ਪੈਣ ਵਿੱਚ ਸਹਾਈ ਹੁੰਦੇ ਹਨ। ਕਿਸਾਨਾਂ ਵੱਲੋਂ ਅੰਨ੍ਹੇਵਾਹ ਕੀੜੇਮਾਰ ਅਤੇ ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੋਂ ਵੀ ਆਪਣਾ ਹਿੱਸਾ ਪਾਉਂਦੀ ਹੈ। ਇਹ ਵਾਧਾ ਰੁਕਣ ਦੀ ਥਾਂ ਸਗੋਂ ਹੋਰ ਵਧ ਰਿਹਾ ਹੈ। ਪਾਣੀ ਜਿਸ ਨੂੰ ਪਵਿਤ੍ਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉਹ ਵੀ ਬੁਰੀ ਤਰ੍ਹਾ ਗੰਧਲਾ ਹੋ ਗਿਆ ਹੈ। ਨਦੀਆਂ ਜਿੰਨਾਂ ਵਿੱਚ ਇਸ਼ਨਾਨ ਕਰਕੇ ਮਨੁਖ ਆਪਣੇ ਆਪ ਨੂੰ ਪਵਿਤਰ ਕਰਦਾ ਸੀ, ਹੁਣ ਆਪ ਗੰਧਲੀਆਂ ਹੋ ਗਈਆਂ ਹਨ। ਲੁਧਿਆਣਾ ਸ਼ਹਿਰ ਵਿਚੋਂ ਦੀ ਵਗਦਾ ਬੁਢਾ ਦਰਿਆ ਹੁਣ ਗੰਦਾ ਨਾਲਾ ਬਣ ਗਿਆ ਹੈ। ਮਛੀਆਂ ਤੇ ਹੋਰ ਜੀਵ-ਜੰਤੂ ਮਾਰ ਗਏ ਹਨ। ਧਰਤੀ ਉੱਤੇ ਜਿਸ ਤੇਜ਼ੀ ਨਾਲ ਜ਼ਹਿਰਾਂ ਦੀ ਵਰਤੋਂ ਹੋ ਰਹੀ ਹੈ ਉਸ ਨਾਲ ਇਸ ਦੀ ਕੁਖ ਵਿੱਚ ਜ਼ਹਿਰ ਭਰਦੀ ਜਾ ਰਹੀ ਹੈ।
ਪ੍ਰਦੂਸ਼ਨ ਨਾਲ ਨੁਕਸਾਨ ਤਾਂ ਸਾਰਿਆਂ ਨੂੰ ਹੀ ਹੋ ਰਿਹਾ ਹੈ। ਬਿਮਾਰੀਆਂ ਵਿਚ ਵਾਧਾ ਹੋ ਰਿਹਾ ਹੈ। ਕੈਂਸਰ ਵਰਗੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੁਦਰਤ ਨੇ ਧਰਤੀ ਦੀ ਸਿਹਤ ਬਣਾਈ ਰਖਣ ਤੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ, ਪਰ ਅਸੀਂ ਇਸ ਪ੍ਰਬੰਧ ਨੂੰ ਵਿਗਾੜ ਦਿੱਤਾ ਹੈ। ਆਓ, ਕੁਦਰਤ ਦੇ ਹੁਕਮਾਂ ਦੀ ਪਾਲਣਾ ਕਰੀਏ ਤੇ ਉਸ ਨਾਲ ਟੱਕਰ ਲੈਣ ਦਾ ਯਤਨ ਨਾ ਕਰੀਏ। ਧਰਤੀ, ਪਾਣੀ ਅਤੇ ਹਵਾ ਨੂੰ ਸ਼ੁਧ ਰਖਣ ਵਿੱਚ ਯੋਗਦਾਨ ਪਾਇਆ ਜਾਵੇ। ਪੰਜਾਬ ਦੀ ਖੁਸ਼ਹਾਲੀ ਪਾਣੀ ਕਰਕੇ ਹੀ ਹੈ। ਜੇ ਪਾਣੀ ਹੀ ਖਤਮ ਹੋ ਗਿਆ ਫਿਰ ਖੁਸ਼ਹਾਲੀ ਨੂੰ ਵੀ ਖਤਰਾ ਹੋ ਸਕਦਾ ਹੈ। ਪਾਣੀ ਨੂੰ ਸਾਫ਼ ਸੁਥਰਾ ਰਖਣ ਦੇ ਨਾਲੋ-ਨਾਲ ਪਾਣੀ ਦੀ ਬਚਤ ਵੀ ਕਰੀਏ। ਇਸ ਦੀ ਅੰਨ੍ਹੇਵਾਹ ਵਰਤੋਂ ਰੋਕੀ ਜਾਵੇ। ਆਪਣੇ ਜੀਵਨ ਵਿੱਚ ਸੰਜਮ ਦੀ ਲੋੜ ਹੈ। ਕਿਸਾਨਾਂ ਨੂੰ ਵੀ ਸੰਜਮ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ-ਇੱਕ ਬੂੰਦ ਨੂੰ ਸੰਭਾਲਣ ਦੀ ਲੋੜ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਥੇ ਵੀ ਹੋ ਸਕੇ ਰੁਖ ਲਗਾਈਏ। ਪਰ ਇਸਦੇ ਨਾਲ ਹੀ ਉਹਨਾਂ ਦੀ ਰਾਖੀ ਵੀ ਕਰੀਏ। ਨਵੇਂ ਲਗਾਏ ਰੁਖ ਦੀ ਘੱਟੋ-ਘੱਟ ਤਿੰਨ ਸਾਲ ਸਾਂਭ-ਸੰਭਾਲ ਕਰਨੀ ਪੈਂਦੀ ਹੈ।
ਹੁਣ ਸਾਡੇ ਅੰਦਰ ਸਾਹ, ਪਾਣੀ ਅਤੇ ਖੁਰਾਕ ਰਾਹੀ ਜ਼ਹਿਰ ਜਾ ਰਹੀ ਹੈ। ਬਿਮਾਰੀਆਂ ਵਧ ਰਹੀਆਂ ਹਨ ਤੇ ਕੁਦਰਤ ਦੀ ਕਰੋਪੀ ਵਧ ਰਹੀ ਹੈ। ਆਓ, ਕੁਦਰਤ ਦੀ ਪੂਜਾ ਕਰੀਏ ਤੇ ਉਸ ਦੀ ਪਵਿਤ੍ਰਤਾ ਦੀ ਸਾਂਭ-ਸੰਭਾਲ ਕਰੀਏ।
(ਲੇਖਕ ਸਾਬਕਾ ਨਿਰਦੇਸ਼ਕ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਸੁਤੰਤਰ ਪਤਰਕਾਰ ਹੈ।)