ਖ਼ਤਰੇ 'ਚ ਹੈ ਦਰਿਆਈ ਡਾਲਫਿਨ (ਬੁੱਲ੍ਹਣ) ਦੀ ਹੋਂਦ

Submitted by kvm on Mon, 09/10/2012 - 15:42
ਬੁੱਲਣ ਤੋਂ ਬਗੈਰ ਦਰਿਆ ਕੁੱਝ ਨਹੀ ਹਨ। ਕੌਣ ਹੈ ਬੁੱਲਣ? ਬੁੱਲਣ ਦਰਿਆਈ ਡੋਲਫਿਨ ਹੈ ਜਿਸਦਾ ਘਰ ਉੱਤਰੀ ਭਾਰਤ ਦੇ ਸਾਰੇ ਵੱਡੇ ਦਰਿਆ ਸਨ। ਜੀ ਹਾਂ, ਸਾਰੇ ਦਰਿਆ ਸਿੰਧ, ਜੇਹਲਮ, ਚਨਾਬ, ਰਾਵੀ, ਸਤਲੁਜ, ਬਿਆਸ, ਯਮੁਨਾ, ਗੰਗਾ, ਕੋਸੀ, ਚੰਬਲ ਅਤੇ ਬੰਹਮਪੁੱਤਰ ਆਦਿ ਇਸਦਾ ਘਰ ਸਨ। ਪਰ ਅੱਜ ਦੇ ਇਸ ਯੁੱਗ ਵਿੱਚ ਮਨੁੱਖ ਦੀ ਸਰਮਾਇਆ ਪੱਖੀ ਸੋਚ ਨੇ ਇਸਦੇ ਘਰ ਨੂੰ ਡੈਮ, ਪ੍ਰਦੂਸ਼ਣ ਆਦਿ ਰਾਹੀ ਬਰਬਾਦ ਕਰ ਦਿੱਤਾ ਹੈ।

ਹੌਲੀ-ਹੌਲੀ ਇਨਸਾਨ ਦਾ ਰਿਸ਼ਤਾ ਕੁਦਰਤ ਨਾਲ ਖਤਮ ਹੋ ਰਿਹਾ ਹੈ। ਇਨਸਾਨ, ਜੋ ਪਹਿਲਾਂ ਨਦੀਆਂ ਨੂੰ ਮਾਵਾਂ ਵਾਂਗ ਪੂਜਦਾ ਸੀ ਹੁਣ ਸਿਰਫ ਉਸ ਵਿੱਚੋਂ ਮੁਨਾਫ਼ਾ ਕਮਾਉਣ ਬਾਰੇ ਸੋਚ ਰਿਹਾ ਹੈ। ਪਾਣੀ ਪਿਤਾ ਨਹੀਂ, ਇੱਕ ਵਸਤੂ ਹੋ ਗਿਆ ਹੈ ਜਿਸਨੂੰ ਵੇਚ ਕੇ ਪੈਸਾ ਕਮਾਇਆ ਜਾ ਸਕਦਾ ਹੈ ਅਤੇ ਇਸ ਪਾਣੀ 'ਤੇ ਵੀ ਸਿਰਫ ਮਨੁੱਖ ਦਾ ਹੱਕ ਸਮਝਿਆ ਜਾ ਰਿਹਾ ਹੈ। ਪਾਣੀਆਂ ਦੇ ਜੀਵਾਂ ਤੋਂ ਇਹ ਹੱਕ ਖੋਹ ਲਿਆ ਗਿਆ ਗਿਆ ਹੈ।

ਬੁੱਲਣ ਹੁਣ ਸਿਰਫ ਸਿੰਧ, ਗੰਗਾ, ਬ੍ਰਹਮਪੁੱਤਰ, ਕੋਸੀ, ਚੰਬਲ ਅਤੇ ਬਿਆਸ ਵਿੱਚ ਪਾਈ ਜਾਂਦੀ ਹੈ। ਇਹਨਾਂ ਦੀ ਸੰਖਿਆ ਲਗਾਤਾਰ ਘਟਦੀ ਜਾ ਰਹੀ ਹੈ। ਇਹਨਾਂ ਨਦੀਆਂ ਵਿੱਚੋਂ ਸਿੰਚਾਈ ਲਈ ਨਹਿਰਾਂ ਕੱਢਣ ਕਰਕੇ ਇਹਨਾਂ ਦਾ ਘਰ ਵੰਡਿਆ ਜਾਂਦਾ ਹੈ ਅਤੇ ਅਗਲੇ ਹਿੱਸੇ ਵਿੱਚ ਪਾਣੀ ਘੱਟ ਹੋਣ ਕਾਰਨ ਇਹਨਾਂ ਨੂੰ ਬੜੀ ਮੁਸ਼ਕਿਲ ਪੇਸ਼ ਆਉਂਦੀ ਹੈ।

ਹਰੀ ਕ੍ਰਾਂਤੀ ਦੇ ਖੇਤੀ ਮਾਡਲ ਨੇ ਇਹਨਾਂ ਨੂੰ ਸਭ ਤੋਂ ਵੱਡੀ ਮਾਰ ਮਾਰੀ ਹੈ। ਪਾਣੀ ਨੂੰ ਸਿੰਚਾਈ ਲਈ ਏਨਾ ਜ਼ਿਆਦਾ ਵਰਤਿਆ ਜਾ ਰਿਹਾ ਹੈ ਕਿ ਦਰਿਆ ਹੁਣ ਸਮੁੰਦਰ ਵਿੱਚ ਮਿਲਦੇ ਹੀ ਨਹੀਂ, ਡਾਲਫਿਨ ਦੀ ਤਾਂ ਗੱਲ ਹੀ ਛੱਡ ਦਿਉ। ਇਹ ਸਾਬਤ ਹੋ ਚੁੱਕਿਆ ਹੈ ਕਿ ਪੰਜਾਬ ਵਿੱਚ ਝੋਨੇ ਦੀ ਖੇਤੀ ਕਾਰਨ ਪਾਣੀ ਦੀ ਵੱਡ ਪੱਧਰੀ ਬਰਬਾਦੀ ਕਰ ਰਹੀ ਹੈ। ਬੀਜਾਂ ਦੀਆਂ ਜਿਹੜੀਆਂ ਕਿਸਮਾਂ ਅਤੇ ਖੇਤੀ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਜ਼ਿਆਦਾ ਪਾਣੀ ਪੀ ਰਹੀਆਂ ਹਨ। ਇਸਦਾ ਪੂਰਾ ਅਸਰ ਵਾਤਾਵਰਣ 'ਤੇ ਪੈ ਰਿਹਾ ਹੈ। ਜ਼ਮੀਨ ਹੇਠਲਾ ਪਾਣੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਗਲੋਬਲ ਵਾਰਮਿੰਗ ਕਰਕੇ ਗਲੇਸ਼ੀਅਰ ਪਿਘਲ ਰਹੇ ਹਨ। ਇਸ ਨਾਲ ਦਰਿਆਈ ਪਾਣੀ ਵੀ ਘਟਣ ਦੀ ਪੂਰੀ ਸੰਭਾਵਨਾ ਹੈ। ਖੇਤਾਂ ਵਿੱਚ ਭਰਿਆ ਪਾਣੀ ਭਾਫ ਬਣ ਕੇ ਹਵਾ 'ਚ ਉੱਡ ਜਾਂਦਾ ਹੈ ਅਤੇ ਭੂਮੀ ਦੀ ਸਤ੍ਹਾ ਹੇਠਾਂ ਮਿੱਟੀ ਦੀ ਸਖਤ ਤਹਿ ਪਾਣੀ ਨੂੰ ਧਰਤੀ ਦੇ ਗਰਭ 'ਚ ਜੀਰਨ ਨਹੀਂ ਦਿੰਦੀ।

ਦਰਿਆਵਾਂ ਵਿੱਚ ਪਾਣੀ ਘਾਟ ਬੁੱਲਣ ਦੀ ਹੋਂਦ ਲਈ ਗੰਭੀਰ ਖ਼ਤਰਾ ਬਣ ਗਈ ਹੈ। ਬਿਆਸ ਵਿੱਚ ਕੁੱਲ 10 ਕੁ ਬੁੱਲਣਾਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦਾ ਪਤਾ 2007 ਵਿੱਚ ਡਬਲਿਊ ਡਬਲਿਊ ਐੱਫ ਨੇ ਲਾਇਆ। ਇਹ ਗੁਰਦਾਸਪੁਰ ਤੋਂ ਲੈ ਕੇ ਹਰੀਕੇ ਪੱਤਣ ਪੰਛੀ ਰੱਖ ਤੱਕ ਤਾਰੀਆਂ ਲਾਉਂਦੀਆਂ ਵੇਖੀਆ ਜਾ ਸਕਦੀਆਂ ਹਨ। ਮੈਂ ਇਹਨਾਂ ਨੂੰ 2009 ਤੋਂ ਕਰਮੂਵਾਲ ਪਿੰਡ ਵਿੱਚ ਦਰਿਆ ਪਾਰ ਕਰਦੇ ਦੇਖਦਾ ਆ ਰਿਹਾ ਹਾਂ। ਪੁਰਾਣੇ ਸਮੇਂ ਦੇ ਲੋਕ ਇਹਨਾਂ ਬਾਰੇ ਜਾਣੂ ਸਨ। ਬਾਬਰ ਨੇ ਆਪਣੀਂਆਂ ਕਿਤਾਬਾਂ ਵਿੱਚ ਇਸਦਾ ਜ਼ਿਕਰ ਵੀ ਕੀਤਾ ਹੈ।

ਡਾਲਫਿਨ ਸਾਡੇ ਵਾਂਗ ਦੁੱਧਾਧਾਰੀ ਜੀਵ ਹਨ ਭਾਵ ਇਹ ਬੱਚੇ ਪੈਦਾ ਕਰਦੇ ਹਨ। ਇਹ ਵੀ ਪਰਿਵਾਰ ਵਿੱਚ ਰਹਿਣਾ ਪਸੰਦ ਕਰਦੀਆਂ ਹਨ। ਇਹਨਾਂ ਦਾ ਮੁੱਖ ਭੋਜਨ ਛੋਟੀਆਂ ਮੱਛੀਆਂ ਹਨ। ਇਹਨਾਂ ਦਾ ਦਰਿਆ ਵਿੱਚ ਹੋਣਾ ਦੱਸਦਾ ਹੈ ਕਿ ਬਾਕੀ ਜੀਵ ਠੀਕ ਹਨ। ਇਹ ਨਦੀ ਦੀ ਉੱਚ ਦਰਜ਼ੇ ਦੀ ਸ਼ਿਕਾਰੀ ਹੈ। ਬਿਆਸ ਵਿੱਚ ਸਿੰਧ ਨਦੀ ਡਾਲਫਿਨ ਹੈ ਅਤੇ ਗੰਗਾ ਵਿੱਚ ਗੰਗੇਟਿਕ ਨਦੀ ਡਾਲਫਿਨ ਹੈ। ਇਹ ਦੋਵੇਂ ਡਾਲਫਿਨ ਦੀਆਂ ਅਲੱਗ-ਅਲੱਗ ਜਾਤੀਆਂ ਹਨ। ਬਿਹਾਰ ਵਿੱਚ ਗੰਗਾ ਨਦੀ ਵਿੱਚ ਹਿਰਨਾਂ ਨੂੰ ਬਚਾਉਣ ਲਈ ਇੱਕ ਰੱਖ ਬਣਾਈ ਗਈ ਸੀ। ਏਸ਼ੀਆ ਦਾ ਪਹਿਲਾ ਡਾਲਫਿਨ ਖੋਜ ਕੇਂਦਰ ਵੀ ਉੱਥੇ ਬਣ ਰਿਹਾ ਹੈ। ਹਰੀਕੇ ਵਿੱਚ ਸਥਿਤ ਡਬਲਿਊ ਡਬਲਿਊ ਐੱਫ ਖੋਜ ਕੇਂਦਰ ਵੀ ਬੁੱਲਣ ਤੇ ਸ਼ੋਧ ਕਰ ਰਹੇ ਹਨ। ਪਰ ਲੋਕਾਂ ਵਿੱਚ ਜਾਗਰੂਕਤਾ ਘੱਟ ਹੈ। ਜ਼ਿਆਦਾਤਰ ਲੋਕ ਨਿਰਾਸ਼ ਹੋ ਕੇ ਵਾਪਸ ਆ ਜਾਂਦੇ ਹਨ ਕਿਉਂਕਿ ਬੁੱਲਣ ਨੂੰ ਦੇਖਣ ਲਈ ਸਾਧਨ ਦੀ ਘਾਟ ਆੜੇ ਆ ਜਾਂਦੀ ਹੈ।

ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਲਈ ਈਕੋ-ਸੈਰ-ਸਪਾਟਾ ਪ੍ਰਬੰਧਨ ਦੀ ਬੜੀ ਸਖਤ ਲੋੜ ਹੈ। ਅਸੀਂ ਪਿਛਲੇ ਕੁੱਝ ਸਾਲਾਂ ਤੋਂ ਲੋਕਾਂ ਨੂੰ ਬੁੱਲਣ ਪ੍ਰਤੀ ਜਾਗਰੂਕ ਕਰ ਰਹੇ ਹਾਂ, ਉਹਨਾਂ ਨੂੰ ਬੁੱਲਣ ਦੇ ਰੂ-ਬ-ਰੂ ਕਰਵਾ ਰਹੇ ਹਾਂ। ਪਰੰਤੂ ਸਾਡੇ ਲਈ ਕਰਮੂੰਵਾਲ ਵਿਖੇ ਬਿਆਸ ਦਰਿਆਂ 'ਤੇ ਪੁਲ ਬਣਾਉਣ ਦਾ ਬਾਦਲ ਸਰਕਾਰ ਦਾ ਬਹੁਤ ਹੀ ਦੁਖਦ ਖ਼ਬਰ ਬਣ ਕੇ ਆਇਆ। ਇਹ ਪ੍ਰਸਾਤਵਿਤ ਪੁਲ ਬੁੱਲਣ ਅਤੇ ਕਿਸ਼ਤੀ ਚਲਾਉਣ ਵਾਲਿਆਂ ਦਾ ਅੰਤ ਕਰ ਦੇਵੇਗਾ। ਗੁਰਦੀਪ ਜੋ ਸਾਡੀ ਪ੍ਰੇਮ ਸੈਨਾ ਦਾ ਮੈਂਬਰ ਹੈ, ਬੁੱਲਣ ਨਾਲ ਜੁੜਿਆ ਹੋਇਆ ਹੈ। ਕਈ ਵਾਰ ਉਹ ਗੁਰਦੀਪ ਦੇ ਆਵਾਜ਼ ਮਾਰਨ 'ਤੇ ਲਾਗੇ ਆਉਂਦੀ ਹੈ। ਇਹਨਾਂ ਦੋਵਾਂ ਦਾ ਰਿਸ਼ਤਾ ਇੱਕ ਅਜੀਬ ਪ੍ਰਸਪਰ ਪ੍ਰੇਮ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਗੁਰਦੀਪ ਬਹੁਤ ਮਿਹਨਤੀ ਹੈ ਅਤੇ ਬੜੇ ਜਨੂੰਨ ਨਾਲ ਲੋਕਾਂ ਨੂੰ ਬੁੱਲਣ ਦਿਖਾਉਣ ਲੈ ਕੇ ਜਾਂਦਾ ਹੈ।

ਅਸੀਂ 100 ਦੇ ਕਰੀਬ ਸਕੂਲੀ ਵਿਦਿਆਰਥੀਆਂ ਨੂੰ ਵੀ ਪ੍ਰੇਮ ਸੈਨਾ ਵਿੱਚ ਸ਼ਾਮਿਲ ਕਰ ਲਿਆ ਹੈ ਅਤੇ ਇਹਨਾਂ ਨੂੰ ਵਾਤਾਵਰਣ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ। ਪਿੰਡ ਵਾਲਿਆਂ ਨੂੰ ਵੀ ਲੱਗ ਰਿਹਾ ਹੈ ਕਿ ਬੁੱਲਣ ਨੂੰ ਬਚਾਉਣਾ ਚਾਹੀਦਾ ਹੈ। ਪਰ ਜਦ ਤੱਕ ਸਰਕਾਰ ਕਾਰਗਰ ਕਦਮ ਨਹੀਂ ਚੁੱਕਦੀ ਤਦ ਤੱਕ ਬੁੱਲਣ ਦਾ ਬਚਣਾ ਮੁਸ਼ਕਿਲ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੁੱਲਣ ਦੀ ਮਹੱਤਤਾ ਨੂੰ ਸਮਝ ਕੇ ਬਿਆਸ ਦਰਿਆ ਨੂੰ ਬੁੱਲਣ ਦੀ ਖਾਸ ਰੱਖ ਘੋਸ਼ਿਤ ਕਰੇ।

ਬਿਆਸ ਦਰਿਆ ਬਹੁਤ ਪਵਿੱਤਰ ਦਰਿਆ ਹੈ ਜਿੱਥੇ ਸਿੱਖ ਧਰਮ ਦੇ ਸਭ ਗੁਰੂਆਂ ਨੇ ਤਪੱਸਿਆ ਕੀਤੀ। ਸਿੱਖ ਧਰਮ ਵਾਤਾਵਰਣ ਪ੍ਰੇਮੀ ਧਰਮ ਹੈ, ਦਰਿਆਵਾਂ ਨੂੰ ਬੁੱਲਣ ਨਾਲ ਜੋੜਨ ਵਾਲਾ ਧਰਮ ਹੈ। ਬੁੱਲਣ ਦੇ ਗੀਤ ਨੂੰ ਸੁਣੋ। ਇਹ ਅੰਨ੍ਹੀ ਹੈ ਪਰ ਆਵਾਜ਼ ਦੁਆਰਾ ਆਪਣੇ ਰਸਤੇ ਲੱਭਦੀ ਹੈ। ਇਹ ਮਿੱਟੀ ਭਰੇ ਪਾਣੀ ਵਿੱਚ ਵੀ ਆਪਣਾ ਖਾਣਾ ਲੱਭਦੀ ਹੈ ਅਤੇ ਬੱਚੇ ਪਾਲਦੀ ਹੈ। ਫਿਰ ਅਸੀਂ ਤਾਂ ਮਨੁੱਖ ਹਾਂ ਕਿਉਂ ਅਸੀਂ ਇਹ ਸਭ ਵੇਖ ਕੇ ਅਣਡਿਠ ਕਰੀ ਜਾ ਰਹੇ ਹਾਂ। ਕਿਉਂ ਅਸੀਂ ਪਾਣੀਆਂ, ਹਵਾਵਾਂ, ਮਿੱਟੀ ਅਤੇ ਆਪਣੇ ਹੀ ਭੋਜਨ ਵਿੱਚ ਜ਼ਹਿਰ ਘੋਲ ਰਹੇ ਹਾਂ?