ਸੈਂਕੜੇ ਹਜ਼ਾਰ ਨਾਂ

Submitted by Hindi on Tue, 01/19/2016 - 13:21
Source
'आज भी खरे हैं तालाब' पंजाबी संस्करण

ਰੱਖ-ਰਖਾਅ ਦੇ ਚੰਗੇ ਦੌਰ ਵਿੱਚ ਵੀ ਕਦੀ-ਕਦੀ ਤਾਲਾਬ ਸਮਾਜ ਲਈ ਗ਼ੈਰ-ਜ਼ਰੂਰੀ ਹੋ ਜਾਂਦਾ ਸੀ। ਅਜਿਹੇ ਤਾਲਾਬਾਂ ਨੂੰ ਹਾਤੀ ਤਾਲ ਕਿਹਾ ਜਾਂਦਾ ਸੀ। ਹਾਤੀ ਸ਼ਬਦ ਸੰਸਕ੍ਰਿਤ ਦੇ ਹਤ ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ ਨਸ਼ਟ ਹੋ ਜਾਣਾ। 'ਹਤ ਤੇਰੇ ਕੀ' ਵਰਗੇ ਚਾਲੂ ਇਸਤੇਮਾਲ ਵਿੱਚ ਇਹ ਸ਼ਬਦ 'ਹਤ ਤੇਰੀ ਕਿਸਮਤ ਦੀ' ਭਾਵ ਤੂੰ 'ਬੇ-ਭਾਗ ਹੋ ਜਾਵੇਂ' ਜਿਹੇ ਅਰਥਾਂ ਵਿੱਚ ਹੈ। ਇਸੇ ਕਰਕੇ ਹਾਤੀ ਤਾਲ ਛੱਡ ਦਿੱਤੇ ਗਏ ਤਾਲਾਬਾਂ ਲਈ ਅਪਣਾਇਆ ਗਿਆ ਨਵਾਂ ਨਾਂ ਹੈ।

ਹੁਲਾਸ ਅਤੇ ਆਨੰਦ ਦੇ ਸਿਖ਼ਰ ਨੂੰ ਦਰਸ਼ਨ ਦੀ ਡੂੰਘਾਈ ਨਾਲ ਜੋੜਨ ਵਾਲੇ ਲੋਕ ਪੂਰੇ ਜੀਵਨ ਨੂੰ ਬੱਸ ਪਾਣੀ ਦਾ ਇੱਕ ਬੁਲਬੁਲਾ ਹੀ ਮੰਨਦੇ ਰਹੇ ਹਨ ਅਤੇ ਇਸ ਸੰਸਾਰ ਨੂੰ ਇੱਕ ਵਿਸ਼ਾਲ ਸਾਗਰ। ਇਸ ਵਿੱਚ ਪੀੜ੍ਹੀਆਂ ਆਉਂਦੀਆਂ ਹਨ, ਪੀੜ੍ਹੀਆਂ ਜਾਂਦੀਆਂ ਹਨ। ਠੀਕ ਲਹਿਰਾਂ ਵਾਂਗ ਯੁੱਗ ਆਉਂਦੇ ਹਨ, ਯੁੱਗ ਜਾਂਦੇ ਹਨ। ਜੀਵਨ ਅਤੇ ਮੌਤ ਦੀਆਂ ਲਹਿਰਾਂ ਵਾਂਗ ਲਹਿਰਾਉਂਦੇ ਇਸ ਭਵਸਾਗਰ ਤੋਂ ਪਾਰ ਉੱਤਰਨ ਦਾ ਟੀਚਾ ਰੱਖਣ ਵਾਲੇ ਸਮਾਜ ਨੇ ਤਰ੍ਹਾਂ-ਤਰ੍ਹਾਂ ਦੇ ਤਾਲਾਬ ਬਣਾਏ ਅਤੇ ਬੇਹੱਦ ਰੂਹ ਨਾਲ ਉਨ੍ਹਾਂ ਦਾ ਨਾਮਕਰਣ ਵੀ ਕੀਤਾ। ਇਹ ਨਾਂ ਤਾਲਾਬਾਂ ਦੇ ਗੁਣਾਂ ਤੇ, ਸੁਭਾਅ ਉੱਤੇ ਅਤੇ ਕਦੀ ਕਿਸੇ ਵਿਸ਼ੇਸ਼ ਘਟਨਾ ਉੱਤੇ ਰੱਖੇ ਜਾਂਦੇ ਸਨ। ਇੰਨੇ ਨਾਵਾਂ ਲਈ ਜੇਕਰ ਸ਼ਬਦਕੋਸ਼ ਮੁੱਕ ਜਾਂਦਾ ਸੀ ਤਾਂ ਸ਼ਬਦ ਬੋਲੀ ਤੋਂ ਉਧਾਰ ਲੈ ਲਿਆ ਜਾਂਦਾ ਸੀ, ਕਿਤੇ-ਕਿਤੇ ਠੇਠ ਸੰਸਕ੍ਰਿਤ ਦਾ ਸ਼ਬਦ ਵੀ ਵਰਤ ਲਿਆ ਜਾਂਦਾ ਸੀ।

ਸਾਗਰ, ਸਰੋਵਰ ਅਤੇ ਸਰ ਨਾਂ ਚਾਰੇ ਪਾਸੇ ਮਿਲਣਗੇ। ਸਾਗਰ ਲਾਡ ਪਿਆਰ ਵਿੱਚ ਸਗਰਾ ਵੀ ਹੋ ਜਾਂਦਾ ਸੀ ਅਤੇ ਅਕਸਰ ਵੱਡੇ ਤਾਲ (ਤਾਲਾਬ) ਦੇ ਅਰਥਾਂ ਲਈ ਜਾਣਿਆ ਜਾਂਦਾ ਸੀ। ਸਰੋਵਰ ਕਿਤੇ-ਕਿਤੇ ਸਰਵਰ ਸੀ। ਸਰ ਸੰਸਕ੍ਰਿਤ ਸ਼ਬਦ ਸਰਸ ਤੋਂ ਬਣਿਆ ਹੈ ਅਤੇ ਪਿੰਡਾਂ ਵਿੱਚ ਇਸਦਾ ਰਸ ਸੈਂਕੜੇ ਸਾਲਾਂ ਤੋਂ ਮਿਲਦਾ ਆ ਰਿਹਾ ਹੈ। ਤਾਲਾਬ ਦੇ ਵੱਡੇ ਤੇ ਛੋਟੇ ਹੋਣ ਦੇ ਅਨੁਸਾਰ ਉਨ੍ਹਾਂ ਦਾ ਨਾਂ ਪੁਲਿੰਗ ਤੇ ਇਸਤਰੀ ਲਿੰਗ 'ਤੇ ਰੱਖਿਆ ਜਾਂਦਾ ਸੀ। ਇਸ ਸੂਰਤ ਵਿੱਚ ਸ਼ਬਦ ਇਸ ਕਿਸਮ ਦੇ ਜੁੱਟ ਬਣਦੇ ਸਨ : ਜੋਹੜ-ਜੋਹੜੀ, ਬੰਧ-ਬੰਧੀਆ, ਤਾਲ-ਤਲੱਈਆ, ਪੋਖਰ-ਪੋਖਰੀ। ਸ਼ਬਦਾਂ ਦੇ ਇਹ ਜੁੱਟ ਆਮ ਤੌਰ ਉੱਤੇ ਰਾਜਸਥਾਨ, ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਬਿਹਾਰ, ਬੰਗਾਲ ਵਿੱਚ ਥਾਂ-ਥਾਂ ਹਨ ਅਤੇ ਸਰਹੱਦੋਂ ਪਾਰ ਨੇਪਾਲ ਵਿੱਚ ਵੀ ਹਨ। ਪੋਖਰ ਸੰਸਕ੍ਰਿਤ ਦੇ ਪੁਸ਼ਕਰ ਤੋਂ ਆਇਆ ਹੈ। ਹੋਰ ਥਾਵਾਂ ਤੇ ਪਿੰਡ-ਪਿੰਡ ਪੋਖਰ ਸਨ ਅਤੇ ਬੰਗਾਲ ਵਿੱਚ ਤਾਂ ਘਰ-ਘਰ ਵਿੱਚ ਹੀ ਪੋਖਰ ਸਨ। ਘਰ ਦੇ ਪਿਛਵਾੜੇ ਵਿੱਚ ਅਕਸਰ ਘੱਟ ਡੂੰਘਾਈ ਵਾਲੇ ਪੋਖਰ ਮੱਛੀ ਪਾਲਣ ਦੇ ਕੰਮ ਆਉਂਦੇ ਸਨ। ਉੱਥੇ ਤਾਲਾਬ ਲਈ ਪੁਸ਼ਕਰਣੀ ਸ਼ਬਦ ਵੀ ਚਲਦਾ ਸੀ। ਪੁਸ਼ਕਰ ਤਾਂ ਸੀ ਹੀ। ਪੁਸ਼ਕਰ ਦੇ ਬਾਅਦ ਆਦਰ ਅਤੇ ਸਤਿਕਾਰ ਨਾਲ 'ਜੀ' ਸ਼ਬਦ ਲੱਗ ਜਾਣ 'ਤੇ ਉਹ ਬੇਹੱਦ ਖ਼ਾਸ ਅਤੇ ਵਿਸ਼ੇਸ਼ ਤਾਲਾਬ ਬਣ ਜਾਂਦਾ ਹੈ। ਰਾਜਸਥਾਨ ਵਿੱਚ ਅਜਮੇਰ ਦੇ ਕੋਲ ਪੁਸ਼ਕਰਜੀ ਨਾਂ ਦਾ ਪ੍ਰਸਿੱਧ ਤੀਰਥ ਖੇਤਰ ਹੈ। ਉੱਥੇ ਬ੍ਰਹਮਾ ਜੀ ਦਾ ਮੰਦਰ ਹੈ।

ਸਭ ਤੋਂ ਪ੍ਰਸਿੱਧ ਸ਼ਬਦ ਅਤੇ ਪ੍ਰਸਿੱਧ ਨਾਂ ਤਾਲਾਬ ਹੀ ਹੈ, ਪਰ ਤਾਲਾਬਾਂ ਦੇ ਨਾਮਕਰਣ ਵਿੱਚ ਇਸ ਸ਼ਬਦ ਦੀ ਵਰਤੋਂ ਸਭ ਤੋਂ ਘੱਟ ਹੋਈ ਹੈ। ਡਿੱਗੀ ਨਾਂ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਚਲਦਾ ਸੀ। ਪਾਣੀ ਰੱਖਣ ਲਈ ਹੌਜ਼ ਤੋਂ ਲੈ ਕੇ ਵੱਡੇ ਤਾਲਾਬ ਤੱਕ ਲਈ ਡਿੱਗੀ ਨਾਂ ਮਿਲਦਾ ਹੈ। ਕਦੀ ਦਿੱਲੀ ਦੇ ਲਾਲ ਕਿਲ੍ਹੇ ਦੇ ਠੀਕ ਸਾਹਮਣੇ ਡਿੱਗੀ ਨਾਂ ਦਾ ਵੱਡਾ ਤਾਲਾਬ ਹੁੰਦਾ ਸੀ। ਅੰਬਾਲਾ ਵਿੱਚ ਹਾਲੇ ਵੀ ਕਈ ਤਾਲਾਬ ਹਨ ਅਤੇ ਇਹ ਡਿੱਗੀ ਹੀ ਕਹਾਉਂਦੇ ਹਨ। ਡਿੱਗੀ ਸ਼ਬਦ ਦੀਘੀ ਅਤੇ ਦੀਰਘਕਾ ਵਰਗੇ ਸੰਸਕ੍ਰਿਤ ਦੇ ਸ਼ਬਦਾਂ ਤੋਂ ਆਇਆ ਹੈ।

ਕੁੰਡ ਵੀ ਹੌਜ਼ ਵਰਗਾ ਛੋਟਾ ਅਤੇ ਪੱਕਾ ਤਾਲਾਬ ਹੈ, ਪਰ ਕਿਤੇ-ਕਿਤੇ ਚੰਗੇ-ਖ਼ਾਸੇ ਤਾਲਾਬਾਂ ਦਾ ਨਾਂ ਕੁੰਡ ਅਤੇ ਹੌਜ਼ ਮਿਲਦਾ ਹੈ। ਮੱਧ-ਪ੍ਰਦੇਸ਼ ਦੇ ਖੰਡਵਾ ਸ਼ਹਿਰ ਵਿੱਚ ਕੁੰਡ ਨਾਂ ਦੇ ਕਈ ਤਾਲਾਬ ਹਨ। ਹੌਜ਼ ਦੀ ਮਿਸਾਲ ਦਿੱਲੀ ਦਾ ਹੌਜ਼ ਖ਼ਾਸ ਹੈ ਜਿਹੜਾ ਹੁਣ ਤਾਲਾਬ ਤੋਂ ਜ਼ਿਆਦਾ ਇੱਕ ਮੁਹੱਲੇ ਵਾਂਗ ਪਛਾਣਿਆ ਜਾਂਦਾ ਹੈ।

ਕਈ ਥਾਵਾਂ 'ਤੇ 'ਤਾਲ' ਸ਼ਬਦ ਵੀ ਚੱਲਦਾ ਸੀ ਪਰ ਇਸੇ ਨਾਲ ਮਿਲਦਾ-ਜੁਲਦਾ ਸ਼ਬਦ 'ਚਾਲ' ਇੱਕ ਖੇਤਰ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਇਹ ਖੇਤਰ ਹੈ ਉੱਤਰ-ਪ੍ਰਦੇਸ਼ ਦਾ ਹਿਮਾਲਾ ਖੇਤਰ। ਇਨ੍ਹਾਂ ਪਹਾੜੀ ਜ਼ਿਲ੍ਹਿਆਂ ਵਿੱਚ ਕਦੀ ਪਿੰਡ-ਪਿੰਡ ਚਾਲਾਂ ਸਨ। ਮੈਦਾਨੀ ਪਿੰਡਾਂ-ਸ਼ਹਿਰਾਂ ਵਿੱਚ ਚਾਲ ਆਬਾਦੀ ਦੇ ਵਿਚਕਾਰ ਜਾਂ ਨੇੜੇ ਬਣਦੀ ਸੀ ਪਰ ਪਹਾੜੀ ਪਿੰਡਾਂ ਵਿੱਚ ਚਾਲਾਂ ਪਿੰਡਾਂ ਤੋਂ ਕੁੱਝ ਦੂਰ ਉੱਤੇ ਬਣਦੀਆਂ ਸਨ। ਚਾਲਾਂ ਦਾ ਉਪਯੋਗ ਸਿੱਧਾ ਪੀਣ ਦੇ ਪਾਣੀ ਲਈ ਨਹੀਂ ਹੁੰਦਾ ਸੀ। ਪਰ ਇਨ੍ਹਾਂ ਚਾਲਾਂ ਦੇ ਕਾਰਨ ਹੀ ਪਿੰਡ ਦੇ ਝਰਨੇ ਸਾਲ ਭਰ ਚਲਦੇ ਸਨ। ਪਹਾੜਾਂ ਵਿੱਚ ਪਹਿਲੀ ਤੇਜ਼ ਬਾਰਿਸ਼ ਝੱਲਣ, ਅਚਾਨਕ ਆਉਣ ਵਾਲੇ ਹੜ੍ਹ ਰੋਕਣ ਲਈ ਅਤੇ ਸਾਲ ਭਰ ਪਾਣੀ ਚਲਾਉਣ ਲਈ ਚਾਲਾਂ ਦਾ ਪ੍ਰਚਲਣ ਇੰਨਾ ਜ਼ਿਆਦਾ ਸੀ ਕਿ ਪਿੰਡ ਆਪਣੇ ਉੱਪਰਲੇ ਪਹਾੜਾਂ ਵਿੱਚ 30-40 ਚਾਲਾਂ ਬਣਾ ਲੈਂਦੇ ਸਨ।

ਚਾਲ ਕੋਈਂ 30 ਕ+ਦਮ ਲੰਮੀ, ਇੰਨੀ ਹੀ ਚੌੜੀ ਅਤੇ ਕੋਈ ਚਾਰ-ਪੰਜ ਹੱਥ ਡੂੰਘੀ ਹੁੰਦੀ ਸੀ। ਇਸ ਨੂੰ ਬਣਾਉਣ ਦਾ ਕੰਮ ਕਿਸੇ ਇੱਕ ਤਬਕੇ ਦੀ ਜ਼ਿੰਮੇਦਾਰੀ ਨਹੀਂ ਸੀ ਹੁੰਦੀ, ਲਗਭਗ ਸਾਰੇ ਹੀ ਇਸ ਨੂੰ ਬਣਾਉਣਾ ਜਾਣਦੇ ਸਨ ਅਤੇ ਸਾਰੇ ਇਸਦੀ ਸਫ਼ਾਈ ਵਿੱਚ ਜੁਟਦੇ ਸਨ। ਇਹ ਪਿੰਡ ਦੇ ਪਸ਼ੂਆਂ ਤੋਂ ਇਲਾਵਾ ਜੰਗਲੀ ਪਸ਼ੂਆਂ ਲਈ ਵੀ ਪਾਣੀ ਇਕੱਠਾ ਕਰਨ ਦਾ ਕੰਮ ਕਰਦੀ ਸੀ। ਹਿਮਾਲਾ ਖੇਤਰ ਵਿੱਚ ਚਾਲ ਨੂੰ ਕਿਤੇ ਖਾਲ ਕਿਹਾ ਜਾਂਦਾ ਹੈ, ਕਿਤੇ ਤੋਲੀ, ਕਿਤੇ ਇਸ ਦਾ ਨਾਂ ਚੌਰਾ ਵੀ ਹੈ। ਆਲੇ-ਦੁਆਲੇ ਦੇ ਪਿੰਡ ਇਨ੍ਹਾਂ ਨਾਵਾਂ ਨਾਲ ਹੀ ਜਾਣੇ ਜਾਂਦੇ ਹਨ ਜਿਵੇਂ ਉਫ਼ਰੇਂਖਾਲ, ਰਾਣੀਚੌਰਾ ਅਤੇ ਦੂਧਾਤੋਲੀ। ਉੱਤਰੀ ਭਾਰਤ ਦੇ ਇਹ ਠੇਠ ਸ਼ਬਦ ਦੱਖਣ ਤੱਕ ਚਲੇ ਜਾਂਦੇ ਸਨ। ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਚੈਰ ਅਤੇ ਚੇਰਵੂ ਸ਼ਬਦ ਤਾਲਾਬ ਦੇ ਅਰਥਾਂ ਵਿੱਚ ਹੀ ਵਰਤੇ ਜਾਂਦੇ ਹਨ।

ਚੌਰਸ ਪੱਕੇ ਘਾਟਾਂ ਨਾਲ ਘਿਰੇ ਤਾਲਾਬ ਚੋਪਰਾ ਜਾਂ ਚੌਪਰਾ ਅਤੇ 'ਰ' ਤੋਂ 'ੜ' ਬਣ ਕੇ ਚੌਪੜਾ ਵੀ ਕਹਾਉਂਦੇ ਹਨ। ਚੌਪੜਾ ਉੱਜੈਨ ਵਰਗੇ ਪ੍ਰਾਚੀਨ ਸ਼ਹਿਰ ਵਿੱਚ, ਝਾਂਸੀ ਜਿਹੇ ਇਤਿਹਾਸਕ ਸ਼ਹਿਰ ਵਿੱਚ ਅਤੇ ਚਿਰਗਾਂਵ ਜਿਹੇ ਸਾਹਿਤਕ ਸ਼ਹਿਰ ਵਿੱਚ ਵੀ ਹਨ। ਚੌਪਰਾ ਨਾਲ ਹੀ ਮਿਲਦਾ-ਜੁਲਦਾ ਨਾਂ ਹੈ ਚੌਘਰਾ। ਚਾਰੇ ਪਾਸਿਉਂ ਚੰਗੇ-ਪੱਕੇ ਘਾਟਾਂ ਨਾਲ ਘਿਰਿਆ ਤਾਲਾਬ ਚੌਘਰਾ ਕਹਾਉਂਦਾ ਹੈ। ਇਸੇ ਤਰ੍ਹਾਂ ਤਿਘਰਾ ਵੀ ਹੈ। ਇਸ ਵਿੱਚ ਇੱਕ ਪਾਸਾ, ਆਗੌਰ ਦੇ ਵੱਲ ਦਾ ਪਾਸਾ ਕੱਚਾ ਛੱਡ ਦਿੱਤਾ ਜਾਂਦਾ ਸੀ। ਚਾਰ ਘਾਟ ਅਤੇ ਤਿੰਨ ਘਾਟ ਤੋਂ ਬਿਲਕੁਲ ਵੱਖਰੇ ਅੱਠਘੱਟੀ ਪੋਖਰ ਵੀ ਹੁੰਦੇ ਸਨ, ਭਾਵ ਅੱਠ ਘਾਟਾਂ ਵਾਲੇ। ਵੱਖੋ-ਵੱਖਰੇ ਘਾਟਾਂ ਦਾ ਅਲੱਗ-ਅਲੱਗ ਉਪਯੋਗ ਹੁੰਦਾ ਸੀ। ਕਿਤੇ-ਕਿਤੇ ਵੱਖੋ-ਵੱਖਰੀਆਂ ਜਾਤੀਆਂ ਲਈ ਅਲੱਗ-ਅਲੱਗ ਤਾਲਾਬ ਬਣਦੇ ਸਨ। ਤੇ ਕਿਤੇ ਇੱਕੋ ਵੱਡੇ ਤਾਲਾਬ ਉੱਤੇ ਵੱਖੋ-ਵੱਖਰੀਆਂ ਜਾਤੀਆਂ ਲਈ ਅਲੱਗ-ਅਲੱਗ ਘਾਟ ਬਣਦੇ ਸਨ। ਇਸ ਵਿੱਚ ਮਰਦ-ਔਰਤਾਂ ਦੇ ਨਹਾਉਣ ਲਈ ਵੱਖੋ-ਵੱਖਰਾ ਇੰਤਜ਼ਾਮ ਹੁੰਦਾ ਸੀ। ਛੱਤੀਸਗੜ੍ਹ ਵਿੱਚ ਔਰਤਾਂ ਲਈ ਡੌਕੀ ਘਾਟ ਅਤੇ ਡੌਕਾ ਘਾਟ ਮਰਦਾਂ ਲਈ ਹੁੰਦਾ ਸੀ। ਕਿਤੇ ਗਣੇਸ਼ ਜੀ ਅਤੇ ਕਿਤੇ ਮਾਂ ਦੁਰਗਾ ਸਥਾਪਿਤ ਕੀਤੀ ਜਾਂਦੀ ਸੀ ਤੇ ਕਿਤੇ-ਕਿਤੇ ਤਾਜ਼ੀਏ ਵੀ। ਸਭ ਦੇ ਘਾਟ ਅਲੱਗ-ਅਲੱਗ ਹੁੰਦੇ ਸਨ। ਇਸ ਤਰ੍ਹਾਂ ਦੇ ਤਾਲਾਬਾਂ ਦੇ ਅੱਠ ਘਾਟ ਬਣ ਜਾਂਦੇ ਅਤੇ ਫੇਰ ਅੱਠਘੱਟੀ ਕਹਾਉਂਦੇ ਸਨ।ਅੱਠਘੱਟੀ ਤਾਲ ਤਾਂ ਦੂਰੋਂ ਹੀ ਚਮਕ ਪੈਂਦੇ ਸਨ, ਪਰ ਗੁਹੀਆ ਪੋਖਰ ਉੱਥੇ ਪੁੱਜਣ ਉੱਤੇ ਹੀ ਦਿਸਦੇ ਸਨ। ਗੁਹੀਆ ਭਾਵ ਲੁਕੇ ਹੋਏ।

ਇਹ ਆਕਾਰ ਵਿੱਚ ਛੋਟੇ ਹੁੰਦੇ ਅਤੇ ਅਕਸਰ ਬਰਸਾਤੀ ਪਾਣੀ ਜਮ੍ਹਾਂ ਹੋਣ ਤੇ ਆਪਣੇ ਆਪ ਬਣ ਜਾਂਦੇ ਸਨ।ਬਿਹਾਰ ਵਿੱਚ ਦੋ ਪਿੰਡਾਂ ਦੇ ਵਿਚਕਾਰ ਕੱਲਰੀ ਖੇਤਰਾਂ ਦੇ ਵਿੱਚ ਅਜੇ ਵੀ ਗੁਹੀਆ ਪੋਖਰ ਮਿਲਦੇ ਹਨ।ਆਪਣੇ-ਆਪ ਬਣੇ ਅਜਿਹੇ ਤਾਲਾਬਾਂ ਦਾ ਇੱਕ ਹੋਰ ਨਾਂ ਹੈ ਅਮਹਾ ਤਾਲ। ਛੱਤੀਸਗੜ੍ਹ ਵਿੱਚ ਅਮਹਾ ਦਾ ਅਰਥ ਹੈ ਅਚਾਨਕ। ਪਿੰਡਾਂ ਨਾਲ ਲੱਗੇ ਜੰਗਲਾਂ ਵਿੱਚ ਕੁਦਰਤੀ ਰੂਪ ਵਿੱਚ ਨੀਵੀਂ ਜ਼ਮੀਨ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ। ਡੰਗਰ-ਪਸ਼ੂਆਂ ਦੇ ਆਉਣ ਜਾਣ ਨਾਲ ਅਜਿਹੇ ਤਾਲਾਬ ਅਚਾਨਕ ਹੀ ਬਣ ਜਾਂਦੇ ਸਨ। ਉਸ ਰਸਤੇ ਤੋਂ ਅਕਸਰ ਆਉਣ-ਜਾਣ ਵਾਲੇ ਲੋਕ ਅਜਿਹੇ ਤਾਲਾਬਾਂ ਨੂੰ ਥੋੜ੍ਹਾ ਠੀਕ-ਠਾਕ ਕਰ ਲੈਂਦੇ ਸਨ ਅਤੇ ਉਸਨੂੰ ਵਰਤੋਂ ਵਿੱਚ ਲਿਆਉਂਦੇ ਸਨ।

.ਅਮਹਾ ਦਾ ਇੱਕ ਅਰਥ ਅੰਬ ਤਾਂ ਹੈ ਹੀ। ਅੰਬਾਂ ਦੇ ਦਰੱਖ਼ਤਾਂ ਨਾਲ ਘਿਰੇ ਤਾਲ ਨੂੰ ਅਮਹਾ ਤਰੀਯਾ, ਤਾਲ ਜਾਂ ਆਮਾ ਤਰੀਯਾ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਅਮਰੋਹਾ ਸੀ। ਅੱਜ ਇਹ ਇੱਕ ਸ਼ਹਿਰ ਦਾ ਨਾਂ ਹੈ, ਕਦੀ ਇਹ ਅੰਬਾਂ ਨਾਲ ਘਿਰੇ ਇੱਕ ਵੱਡੇ ਤਾਲਾਬ ਦਾ ਨਾਂ ਸੀ। ਕਿਤੇ-ਕਿਤੇ ਅਜਿਹੇ ਤਾਲਾਬ ਅਮਰਾਹ ਵੀ ਕਹਾਉਂਦੇ। ਫੇਰ ਜਿਵੇਂ ਅਮਰਾਹ ਵਾਂਗ ਹੀ ਪਿਪਰਾਹ ਸੀ-ਪੂਰੀ ਪਾਲ ਉੱਤੇ ਪਿੱਪਲ ਦੇ ਬੇਹੱਦ ਸ਼ਾਨਦਾਰ ਦਰੱਖ਼ਤ। ਅਮਰਾਹ, ਪਿਪਰਾਹ ਵਿੱਚ ਪਾਲ ਉੱਤੇ ਜਾਂ ਉਸਦੇ ਥੱਲੇ ਲੱਗੇ ਦਰੱਖ਼ਤ ਚਾਹੇ ਜਿੰਨੇ ਵੀ ਹੋਣ, ਉਹ ਗਿਣੇ ਜਾ ਸਕਦੇ ਸਨ, ਪਰ ਲਖਪੇੜਾ ਤਾਲ ਲੱਖਾਂ ਦਰੱਖ਼ਤਾਂ ਨਾਲ ਘਿਰਿਆ ਹੁੰਦਾ ਸੀ। ਇੱਥੇ ਲੱਖ ਦਾ ਅਰਥ ਅਣਗਿਣਤ ਤੋਂ ਹੈ। ਕਿਤੇ-ਕਿਤੇ ਅਜਿਹੇ ਤਾਲਾਬਾਂ ਨੂੰ ਲੱਖਰਾਉਂ ਵੀ ਕਹਿੰਦੇ ਸਨ।

ਲੱਖਰਾਉਂ ਤੋਂ ਵੀ ਅੱਗੇ ਵਧ ਕੇ ਇੱਕ ਸੀ ਭੋਪਾਲ ਤਾਲ। ਇਸਦੀ ਵਿਸ਼ਾਲਤਾ ਨੇ ਆਲੇ-ਦੁਆਲੇ ਰਹਿਣ ਵਾਲਿਆਂ ਦੇ ਮਾਣ ਨੂੰ ਘੁਮੰਡ ਵਿੱਚ ਬਦਲ ਦਿੱਤਾ ਸੀ। ਕਹਾਵਤ ਵਿੱਚ ਬੱਸ ਇਸੇ ਨੂੰ ਤਾਲ ਮੰਨਿਆ ਗਿਆ! ਤਾਲਾਂ 'ਚੋਂ ਤਾਲ ਤਾਂ ਬੱਸ ਭੋਪਾਲ ਤਾਲ ਬਾਕੀ ਸਭ ਤਲੱਈਆਂ! ਇਸ ਵਿਸ਼ਾਲ ਤਾਲ ਦਾ ਸੰਖੇਪ ਵਿਵਰਣ ਵੀ ਹੈਰਾਨ ਕਰਦਾ ਹੈ। 11ਵੀਂ ਸਦੀ ਵਿੱਚ ਰਾਜਾ ਭੋਜ ਦਾ ਬਣਾਇਆ ਇਹ ਤਾਲ 365 ਨਦੀਆਂ-ਨਾਲਿਆਂ ਨਾਲ ਭਰ ਕੇ 250 ਵਰਗਮੀਲ ਵਿੱਚ ਫੈਲਿਆ ਹੋਇਆ ਸੀ। ਮਾਲਵਾ ਦੇ ਸੁਲਤਾਨ ਹੋਸ਼ੰਗਸ਼ਾਹ ਨੇ 15ਵੀਂ ਸਦੀ ਵਿੱਚ ਇਸਨੂੰ ਕੁੱਝ ਸੁਰੱਖਿਆ ਜਾਂ ਫੌਜੀ ਕਾਰਨਾਂ ਕਰ ਕੇ ਤੋੜਿਆ, ਪਰ ਇਹ ਕੰਮ ਉਸ ਲਈ ਜੰਗ ਤੋਂ ਘੱਟ ਨਹੀਂ ਸੀ ਸਿੱਧ ਹੋਇਆ। ਭੋਜ ਤਾਲ ਤੋੜਨ ਲਈ ਹੋਸ਼ੰਗਸ਼ਾਹ ਨੂੰ ਫ਼ੌਜ ਭੇਜਣੀ ਪਈ। ਇੰਨੀ ਵੱਡੀ ਫ਼ੌਜ ਨੂੰ ਇਸਨੂੰ ਤੋੜਨ ਲਈ ਤਿੰਨ ਮਹੀਨੇ ਲੱਗੇ। ਫੇਰ ਤਿੰਨ ਸਾਲਾਂ ਤੱਕ ਤਾਲ ਦਾ ਪਾਣੀ ਸਿਰਫ਼ ਵਗਦਾ ਰਿਹਾ, ਵਗਦਾ ਰਿਹਾ, ਫੇਰ ਕਿਤੇ ਜਾ ਕੇ ਤਾਲ ਦਾ ਹੇਠਲਾ ਤਲ ਦਿਸਣ ਲੱਗਾ। ਪਰ ਇਸਦੇ ਆਗਰ ਦੀ ਦਲਦਲ 30 ਸਾਲਾਂ ਤੱਕ ਬਣੀ ਰਹੀ। ਸੁੱਕਣ ਤੋਂ ਬਾਅਦ ਇਸ ਵਿੱਚ ਖੇਤੀ ਸ਼ੁਰੂ ਹੋਈ, ਉਦੋਂ ਤੋਂ ਲੈ ਕੇ ਅੱਜ ਤੱਕ ਇਸ ਵਿੱਚ ਬੇਹੱਦ ਉੱਚ ਪੱਧਰੀ ਕਣਕ ਉੱਗਦੀ ਹੈ।

ਚਲੋ ਵੱਡਿਆਂ ਦੀਆਂ ਗੱਲਾਂ ਛੱਡੀਏ, ਮੁੜੀਏ ਛੋਟੇ ਤਾਲਾਬਾਂ ਵੱਲ। ਘੱਟ ਡੂੰਘੇ, ਛੋਟੇ ਆਕਾਰ ਦੇ ਤਾਲਾਬ ਚਿਖਲੀਆ ਕਹਾਉਂਦੇ ਸਨ। ਇਹ ਨਾਂ ਚਿਖੜ ਭਾਵ ਚਿੱਕੜ ਤੋਂ ਬਣਿਆ ਸੀ। ਅਜਿਹੇ ਤਾਲਾਬਾਂ ਦਾ ਪੁਰਾਣਾ ਨਾਂ ਡਾਬਰ ਵੀ ਸੀ। ਅੱਜ ਉਸਦਾ ਬਚਿਆ ਰੂਪ ਡਬਰਾ ਸ਼ਬਦ ਵਿੱਚ ਵੇਖਣ ਨੂੰ ਮਿਲਦਾ ਹੈ। ਬਾਈ ਜਾਂ ਬਾਵ ਵੀ ਅਜਿਹੇ ਹੀ ਛੋਟੇ ਤਾਲਾਬਾਂ ਦੇ ਨਾਂ ਸਨ। ਬਾਅਦ ਵਿੱਚ ਇਹ ਨਾਂ ਤਾਲਾਬ ਦੀ ਥਾਂ ਬੌੜੀ ਲਈ ਵਰਤਿਆ ਜਾਣ ਲੱਗਾ। ਦਿੱਲੀ ਵਿੱਚ ਕ+ਤਬ ਮੀਨਾਰ ਦੇ ਕੋਲ ਰਾਜੋਂ ਕੀ ਬਾਵ ਨਾਂ ਦੀ ਬੌੜੀ ਅੱਜ ਇਸ ਸ਼ਬਦ ਵਾਂਗ ਹੀ ਪੁਰਾਣੀ ਹੋ ਚੁੱਕੀ ਹੈ।

ਪੁਰਾਣੇ ਹੋ ਚੁੱਕੇ ਨਾਵਾਂ ਵਿੱਚੋਂ ਨਿਵਾਣ, ਹਿਰਦ, ਕਾਸਾਰ, ਤੜਾਗ, ਤਾਮਰਪਰਣੀ, ਤਾਲੀ, ਤੱਲ ਵੀ ਯਾਦ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਤਲ ਹੀ ਅਜਿਹਾ ਨਾਂ ਹੈ ਜਿਹੜਾ ਸਮੇਂ ਦੇ ਲੰਬੇ ਦੌਰ ਨੂੰ ਪਾਰ ਕਰ ਕੇ ਬੰਗਾਲ ਅਤੇ ਬਿਹਾਰ ਵਿੱਚ ਤੱਲਾ ਦੇ ਰੂਪ ਵਿੱਚ ਅੱਜ ਵੀ ਮਿਲਦਾ ਹੈ। ਇਸੇ ਤਰ੍ਹਾਂ ਪੁਰਾਣਾ ਹੋ ਕੇ ਡੁੱਬ ਚੁੱਕਿਆ ਜਲਾਸ਼ਯ ਨਾਂ ਹੁਣ ਸਰਕਾਰੀ-ਹਿੰਦੀ ਅਤੇ ਸਿੰਜਾਈ ਵਿਭਾਗ ਵਿੱਚ ਫੇਰ ਉੱਭਰ ਰਿਹਾ ਹੈ। ਕਈ ਜਗ੍ਹਾ ਬਹੁਤ ਪੁਰਾਣੇ ਤਾਲਾਬਾਂ ਦੇ ਪੁਰਾਣੇ ਨਾਂ ਜੇ ਸਮਾਜ ਯਾਦ ਨਹੀਂ ਸੀ ਰੱਖਦਾ ਤਾਂ ਉਹ ਮਿਟ ਜਾਂਦੇ ਸਨ ਅਤੇ ਉਨ੍ਹਾਂ ਦੀ ਥਾਂ ਨਵੇਂ ਨਾਂ ਮਿਲ ਜਾਂਦੇ ਸਨ : ਪੁਰਨੈਹਾ ਭਾਵ ਕਾਫ਼ੀ ਪੁਰਾਣਾ ਤਾਲਾਬ। ਆਲੇ-ਦੁਆਲੇ ਦੇ ਤਾਲਾਬਾਂ ਦੀ ਗਿਣਤੀ ਵਿੱਚ ਸਭ ਤੋਂ ਅਖੀਰ ਵਿੱਚ ਬਣੇ ਤਾਲਾਬ ਨੌਤਾਲ, ਨਯਾ ਤਾਲ ਕਹਾਉਣ ਲੱਗੇ। ਉਹ ਪੁਰਾਣੇ ਵੀ ਹੋ ਜਾਂਦੇ ਤਾਂ ਵੀ ਇਸੇ ਨਾਂ ਨਾਲ ਜਾਣੇ ਜਾਂਦੇ।

ਗੁਚਕੁਲਿਆ ਅਜਿਹੇ ਤਾਲਾਬ ਨੂੰ ਕਿਹਾ ਜਾਂਦਾ ਹੈ ਜਿਹੜਾ ਹੁੰਦਾ ਤਾਂ ਛੋਟਾ ਹੀ ਹੈ, ਪਰ ਕੰਢੇ ਤੋਂ ਹੀ ਡੂੰਘਾ ਹੋ ਜਾਂਦਾ ਹੈ। ਪਲਵਲ ਵੀ ਅਜਿਹੇ ਹੀ ਡੂੰਘੇ ਤਾਲਾਬ ਦਾ ਪੁਰਾਣਾ ਨਾਂ ਹੈ। ਸਮੇਂ ਦੀ ਤੇਜ਼ ਰਫ਼ਤਾਰ ਵਿੱਚ ਇਹ ਨਾਂ ਪਿੱਛੇ ਰਹਿ ਗਿਆ ਹੈ। ਅੱਜ ਇਸਦੀ ਯਾਦ ਦਿੱਲੀ ਦੇ ਕੋਲ ਇੱਕ ਕਸਬੇ ਅਤੇ ਸਟੇਸ਼ਨ ਪਲਵਲ ਦੇ ਰੂਪ ਵਿੱਚ ਬਚੀ ਹੋਈ ਹੈ, ਜਿਸ ਉੱਤੇ ਰੇਲਗੱਡੀਆਂ ਬਿਨਾਂ ਰੁਕੇ ਦੌੜਦੀਆਂ ਹਨ।

ਖਦੁਅਨ ਛੱਤੀਸਗੜ੍ਹ ਵਿੱਚ ਅਜਿਹੇ ਤਾਲਾਬਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਪਾਣੀ ਬੇਹੱਦ ਸਾਫ਼ ਰਹਿੰਦਾ ਹੈ ਅਤੇ ਪੀਣ ਦੇ ਕੰਮ ਆਉਂਦਾ ਹੈ। ਪਨਖੱਤੀ ਤਾਲਾਬ ਸਿਰਫ਼ ਨਿਸਤਾਰੀ ਦੇ ਕੰਮ ਆਉਂਦੇ ਹਨ। ਇਸੇ ਤਰ੍ਹਾਂ ਲੇਂਡਯਾ ਤਾਲ ਅਤੇ ਖੁਰ ਤਾਲ ਨਿਸਤਾਰੀ, ਦਿਸ਼ਾ ਮੈਦਾਨ (ਜੰਗਲ ਪਾਣੀ) ਅਤੇ ਪਸ਼ੂਆਂ ਨੂੰ ਪਾਣੀ ਪਿਆਉਣ ਲਈ ਹੁੰਦੇ ਹਨ।

ਵੱਖ-ਵੱਖ ਬਣੇ ਤਾਲਾਬਾਂ ਤੋਂ ਇਲਾਵਾ, ਕਿਤੇ-ਕਿਤੇ ਇੱਕ-ਦੂਜੇ ਨਾਲ ਜੁੜੇ ਤਾਲਾਬਾਂ ਦੀ ਲੜੀ ਬਣਾਈ ਜਾਂਦੀ ਸੀ। ਇੱਕ ਦਾ ਫ਼ਾਲਤੂ ਪਾਣੀ ਦੂਜੇ ਵਿੱਚ, ਦੂਜੇ ਦਾ ਤੀਜੇ ਵਿੱਚ.....। ਇਹ ਤਰੀਕਾ ਘੱਟ ਵਰਖਾ ਵਾਲੇ ਰਾਜਸਥਾਨ ਅਤੇ ਆਂਧਰਾ ਦੇ ਰਾਇਲਸੀਮਾ ਖੇਤਰ ਵਿੱਚ, ਔਸਤ ਠੀਕ ਵਰਖਾ ਵਾਲੇ ਬੁੰਦੇਲਖੰਡ ਅਤੇ ਮਾਲਵਾ ਵਿੱਚ ਅਤੇ ਜ਼ਿਆਦਾ ਵਰਖਾ ਵਾਲੇ ਗੋਆ ਅਤੇ ਕੋਂਕਣ ਵਿੱਚ ਮਿਲਦਾ ਹੈ। ਉੱਤਰ ਵਿੱਚ ਇਸਦਾ ਨਾਂ ਸਾਂਕਲ ਜਾਂ ਸਾਂਖਲ ਤਾਲ ਹੈ ਅਤੇ ਦੱਖਣ ਵਿੱਚ ਦਸ਼ਫ਼ਲਾ ਪ੍ਰਣਾਲੀ।

ਤਾਲਾਬਾਂ ਦੀ ਇਹ ਲੜੀ ਮੋਟੇ ਤੌਰ ਉੱਤੇ ਇੱਕ ਜਾਂ ਦੋ ਤੋਂ ਲੈ ਕੇ ਦਸ ਤਾਲਾਬਾਂ ਤੱਕ ਜਾਂਦੀ ਹੈ। ਲੜੀ ਦੋ ਤਾਲਾਬਾਂ ਦੀ ਹੋਵੇ ਅਤੇ ਦੂਜਾ ਤਾਲਾਬ ਪਹਿਲੇ ਦੇ ਮੁਕਾਬਲੇ ਬਹੁਤ ਹੀ ਛੋਟਾ ਹੋਵੇ ਤਾਂ ਛਿਪੀਲਾਈ ਕਹਾਉਂਦਾ ਹੈ। ਭਾਵ ਪਹਿਲੇ ਤਾਲ ਦੇ ਪਿੱਛੇ ਲੁਕੀ ਹੋਈ ਤਲਾਈ।

ਪ੍ਰੰਤੂ ਜਿਹੜਾ ਤਾਲ ਸਾਹਮਣੇ ਹੈ ਅਤੇ ਸੋਹਣਾ ਵੀ, ਉਸਦਾ ਨਾਂ ਭਾਵੇਂ ਕੁੱਝ ਵੀ ਹੈ, ਉਸਨੂੰ ਸਗੁਰੀ ਤਾਲ ਕਹਿੰਦੇ ਸਨ। ਜਿਸ ਤਾਲ ਵਿੱਚ ਮਗਰਮੱਛ ਰਹਿੰਦੇ ਸਨ, ਉਸਦਾ ਨਾਂ ਭਾਵੇਂ ਕਿੰਨੇ ਵੱਡੇ ਰਾਜੇ ਦੇ ਨਾਂ ਉੱਤੇ ਹੋਵੇ ਲੋਕ ਉਸਨੂੰ ਆਪਣੀ ਸਾਵਧਾਨੀ ਲਈ ਚਿਤਾਵਨੀ ਵਜੋਂ ਮਗਰਾਤਾਲ, ਨਕਯਾ ਜਾਂ ਨਕਰਾ ਤਾਲ ਕਹਿੰਦੇ ਸਨ। ਨਕਰਾ ਸ਼ਬਦ ਸੰਸਕ੍ਰਿਤ ਦੇ ਨਕਰ ਭਾਵ ਮਗਰ ਤੋਂ ਬਣਿਆ ਹੈ। ਕੁੱਝ ਥਾਂ ਗਧਾ ਤਾਲ ਵੀ ਹਨ। ਇਨ੍ਹਾਂ ਵਿੱਚ ਮਗਰਮੱਛਾਂ ਵਾਂਗ ਗਧੇ ਨਹੀਂ ਰਹਿੰਦੇ ਸਨ। ਗਧਾ ਬੋਝ ਢੋਣ ਦਾ ਕੰਮ ਕਰਦਾ ਹੈ। ਇੱਕ ਗਧਾ ਮੋਟੀ ਰੱਸੀ ਜਿੰਨਾ ਬੋਝ ਚੁੱਕ ਲਵੇ, ਉਸਦੀ ਰੱਸੀ ਦੀ ਲੰਬਾਈ ਬਰਾਬਰ ਡੂੰਘਾ ਤਾਲ ਗਧਾ ਤਾਲਾਬ ਕਹਾਉਂਦਾ ਸੀ। ਕਦੀ-ਕਦੀ ਕੋਈ ਹਾਦਸਾ ਜਾਂ ਘਟਨਾ ਵੀ ਤਾਲਾਬ ਦਾ ਪੁਰਾਣਾ ਨਾਂ ਮਿਟਾ ਦਿੰਦੀ ਸੀ। ਕਈ ਥਾਵਾਂ ਉੱਤੇ ਬ੍ਰਾਹਮਣਮਾਰਾ ਤਾਲ ਮਿਲਦੇ ਹਨ। ਇਨ੍ਹਾਂ ਦਾ ਨਾਂ ਭਾਵੇਂ ਕੁੱਝ ਹੋਰ ਰਿਹਾ ਹੋਵੇਗਾ ਪਰ ਕਦੀ ਕਿਸੇ ਬ੍ਰਾਹਮਣ ਨਾਲ ਕੋਈ ਦੁਰਘਟਨਾ ਹੋਣ ਕਰਕੇ ਹੀ ਉਸਦਾ ਨਾਂ ਬ੍ਰਾਹਮਣਮਾਰਾ ਤਾਲਾਬ ਰੱਖਿਆ ਗਿਆ।

ਨਦੀਆਂ ਦੇ ਕੰਢੇ ਨਦੀਆ ਤਾਲ ਮਿਲਦੇ ਹਨ। ਅਜਿਹੇ ਤਾਲ ਆਪਣੇ ਆਗੌਰ ਤੋਂ ਨਹੀਂ ਬਲਕਿ ਨਦੀ ਦੇ ਹੜ੍ਹ ਦੇ ਪਾਣੀ ਨਾਲ ਭਰਦੇ ਸਨ। ਨਦੀਆਂ ਦੀ ਥਾਂ ਕਿਸੇ ਪਾਤਾਲੀ ਸਰੋਤ ਨਾਲ ਜੁੜੇ ਤਾਲ ਨੂੰ ਭੂਤੋੜ ਤਾਲ (ਧਰਤੀ ਤੋੜ) ਕਹਿੰਦੇ ਸਨ। ਅਜਿਹੇ ਤਾਲਾਬ ਉਨ੍ਹਾਂ ਥਾਵਾਂ ਵਿੱਚ ਜ਼ਿਆਦਾ ਸਨ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੁੰਦਾ ਸੀ। ਉੱਤਰੀ ਬਿਹਾਰ ਵਿੱਚ ਅੱਜ ਵੀ ਅਜਿਹੇ ਤਾਲਾਬ ਹਨ ਅਤੇ ਕੁੱਝ ਨਵੇਂ ਵੀ ਬਣਾਏ ਗਏ।

ਰੱਖ-ਰਖਾਅ ਦੇ ਚੰਗੇ ਦੌਰ ਵਿੱਚ ਵੀ ਕਦੀ-ਕਦੀ ਤਾਲਾਬ ਸਮਾਜ ਲਈ ਗ਼ੈਰ-ਜ਼ਰੂਰੀ ਹੋ ਜਾਂਦਾ ਸੀ। ਅਜਿਹੇ ਤਾਲਾਬਾਂ ਨੂੰ ਹਾਤੀ ਤਾਲ ਕਿਹਾ ਜਾਂਦਾ ਸੀ। ਹਾਤੀ ਸ਼ਬਦ ਸੰਸਕ੍ਰਿਤ ਦੇ ਹਤ ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ ਨਸ਼ਟ ਹੋ ਜਾਣਾ। 'ਹਤ ਤੇਰੇ ਕੀ' ਵਰਗੇ ਚਾਲੂ ਇਸਤੇਮਾਲ ਵਿੱਚ ਇਹ ਸ਼ਬਦ 'ਹਤ ਤੇਰੀ ਕਿਸਮਤ ਦੀ' ਭਾਵ ਤੂੰ 'ਬੇ-ਭਾਗ ਹੋ ਜਾਵੇਂ' ਜਿਹੇ ਅਰਥਾਂ ਵਿੱਚ ਹੈ। ਇਸੇ ਕਰਕੇ ਹਾਤੀ ਤਾਲ ਛੱਡ ਦਿੱਤੇ ਗਏ ਤਾਲਾਬਾਂ ਲਈ ਅਪਣਾਇਆ ਗਿਆ ਨਵਾਂ ਨਾਂ ਹੈ। ਪਰ ਹਾਥੀ ਤਾਲ ਬਿਲਕੁਲ ਅਲੱਗ ਨਾਂ ਹੈ, ਅਜਿਹਾ ਤਾਲਾਬ ਜਿਸਦੀ ਡੂੰਘਾਈ ਹਾਥੀ ਜਿੰਨੀ ਹੋਵੇ।

.ਫੇਰ ਹਾਤੀ ਤਾਲ ਵੱਲ ਮੁੜੀਏ। ਇਹ ਨਾਂ ਸੰਸਕ੍ਰਿਤ ਤੋਂ ਲੰਮਾ ਸਫ਼ਰ ਤੈਅ ਕਰ ਕੇ, ਥੱਕਿਆ-ਹਾਰਿਆ ਦਿੱਸਦਾ ਹੋਵੇ ਤਾਂ, ਸਿੱਧੀ ਬੋਲੀ ਵਿੱਚ ਤਾਜ਼ੇ ਨਾਂ ਨਿੱਕਲ ਆਉਂਦੇ ਸਨ। ਫੁੱਟਾ ਤਾਲ, ਫੁਟੇਰਾ ਤਾਲ ਵੀ ਕਈ ਥਾਈਂ ਮਿਲ ਜਾਂਦੇ ਹਨ। ਜਿਸ ਨਦੀ ਉੱਤੇ ਕਦੀ ਜਨਵਾਸਾ ਬਣ ਗਿਆ, ਪਿੰਡ ਦੀਆਂ ਦਸ-ਬਾਰਾਂ ਬਾਰਾਤਾਂ ਰੁਕ ਗਈਆਂ, ਉਸਦਾ ਨਾਂ ਬਾਰਾਤੀ ਤਾਲ ਹੋ ਗਿਆ। ਪਰ ਮਿਥਿਲਾ (ਬਿਹਾਰ) ਦਾ ਦੁਲਹਾ ਤਾਲ ਇੱਕ ਖ਼ਾਸ ਅਤੇ ਵਿਸ਼ੇਸ਼ ਤਾਲ ਹੈ। ਮਿਥਿਲਾ ਸੀਤਾ ਜੀ ਦਾ ਪੇਕਾ ਪਿੰਡ ਹੈ। ਉਨ੍ਹਾਂ ਦੀ ਯਾਦ ਵਿੱਚ ਇੱਥੇ ਅੱਜ ਵੀ ਸਵੰਬਰ ਹੁੰਦੇ ਹਨ। ਫ਼ਰਕ ਸਿਰਫ਼ ਇੰਨਾ ਹੈ ਕਿ ਅੱਜ ਵਰ ਦੀ ਚੋਣ ਕੰਨਿਆ ਨਹੀਂ, ਸਗੋਂ ਕੰਨਿਆ ਵਾਲੇ ਕਰਦੇ ਹਨ। ਦੁਲਹਾ ਤਾਲ ਉੱਤੇ ਕੁੱਝ ਵਿਸ਼ੇਸ਼ ਤਿਥਾਂ ਨੂੰ ਮੁੰਡੇ ਵਾਲੇ ਆਪਣੇ ਮੁੰਡੇ ਲੈ ਕੇ ਜਮ੍ਹਾਂ ਹੁੰਦੇ ਹਨ। ਫੇਰ ਕੁੜੀ ਵਾਲੇ ਉਨ੍ਹਾਂ ਵਿਚੋਂ ਆਪਣੀਆਂ ਕੁੜੀਆਂ ਲਈ ਵਰ ਲੱਭ ਲੈਂਦੇ ਹਨ। ਛੱਤੀਸਗੜ੍ਹ ਵਿੱਚ ਵੀ ਕੁੱਝ ਅਜਿਹੇ ਤਾਲ ਹਨ। ਜਿਨ੍ਹਾਂ ਦਾ ਨਾਂ ਦੁਲਹਰਾ ਤਾਲ ਹੈ।

ਕਈ ਤਾਲਾਬਾਂ ਦੇ ਨਾਂ ਲੰਮੀਆਂ-ਲੰਮੀਆਂ ਕਹਾਣੀਆਂ ਵਿੱਚੋਂ ਨਿਕਲਦੇ ਹਨ। ਲੰਮੇ ਸਮੇਂ ਤੱਕ ਇਨ੍ਹਾਂ ਤਾਲਾਬਾਂ ਨੇ ਸਮਾਜ ਦੀ ਸੇਵਾ ਕੀਤੀ ਹੈ ਅਤੇ ਲੋਕਾਂ ਨੇ ਵੀ ਲੰਮੇ ਸਮੇਂ ਤੱਕ ਤਾਲਾਬਾਂ ਦੀਆਂ ਕਹਾਣੀਆਂ ਨੂੰ ਉਸੇ ਤਰ੍ਹਾਂ ਯਾਦ ਰੱਖਿਆ ਹੈ। ਅਜਿਹੇ ਤਾਲਾਬਾਂ ਵਿੱਚੋਂ ਇੱਕ ਅਜੀਬੋ-ਗ਼ਰੀਬ ਨਾਂ ਹੈ, 'ਹਾ-ਹਾ ਪੰਚਕੁਮਾਰੀ ਤਾਲ'। ਬਿਹਾਰ ਵਿੱਚ ਮੁੰਗੇਰ ਦੇ ਕੋਲ ਇਹ ਤਾਲਾਬ ਇੱਕ ਉੱਚੇ ਪਹਾੜ ਦੇ ਥੱਲੇ ਬਣਿਆ ਹੈ। ਕਹਾਣੀ ਵਿੱਚ ਰਾਜਾ ਹੈ, ਉਸਦੀਆਂ ਪੰਜ ਕੁੜੀਆਂ ਹਨ, ਜਿਹੜੀਆਂ ਕਿਸੇ ਕਾਰਨ ਉੱਚੇ ਪਹਾੜ ਤੋਂ ਤਾਲਾਬ ਵਿੱਚ ਡੁੱਬ ਕੇ ਜਾਨ ਗੁਆ ਦਿੰਦੀਆਂ ਹਨ। ਉਨ੍ਹਾਂ ਪੰਜਾਂ ਦੇ ਸੋਗ ਵਿੱਚ ਤਾਲਾਬ ਦਾ ਅਸਲ ਨਾਂ ਵੀ ਡੁੱਬ ਗਿਆ ਅਤੇ ਲੋਕਾਂ ਨੇ ਉਸਨੂੰ ਹਾ-ਹਾ ਪੰਚਕੁਮਾਰੀ ਦੇ ਨਾਂ ਨਾਲ ਹੀ ਯਾਦ ਰੱਖਿਆ ਹੈ।

ਬਿਹਾਰ ਵਿੱਚ ਲੱਖੀਸਰਾਏ ਖੇਤਰ ਦੇ ਆਲੇ-ਦੁਆਲੇ ਕਦੀ 365 ਤਾਲ ਇੱਕੋ ਝਟਕੇ ਵਿੱਚ ਬਣੇ ਸਨ। ਕਹਾਣੀ ਦੱਸਦੀ ਹੈ ਕਿ ਕੋਈ ਰਾਣੀ ਸੀ ਜਿਹੜੀ ਹਰ ਦਿਨ ਇੱਕ ਨਵੇਂ ਤਾਲਾਬ ਵਿੱਚ ਇਸ਼ਨਾਨ ਕਰਨਾ ਚਾਹੁੰਦੀ ਸੀ। ਇਸ ਅਜੀਬ ਆਦਤ ਨੇ ਪੂਰੇ ਖੇਤਰ ਨੂੰ ਤਾਲਾਬਾਂ ਨਾਲ ਭਰ ਦਿੱਤਾ। ਇਸ ਕਹਾਣੀ ਦੇ ਕੋਈ ਸੌ ਤਾਲਾਬ ਤਾਂ ਅੱਜ ਵੀ ਉੱਥੇ ਮਿਲ ਜਾਣਗੇ। ਇਨ੍ਹਾਂ ਤਾਲਾਬਾਂ ਕਾਰਨ ਹੀ ਉਸ ਇਲਾਕੇ ਵਿੱਚ ਪਾਣੀ ਦਾ ਪੱਧਰ ਬੇਹੱਦ ਉੱਚਾ ਹੈ।

ਪੋਖਰ ਸ਼ਬਦ ਅਕਸਰ ਛੋਟੇ ਤਾਲਾਬਾਂ ਲਈ ਕੰਮ ਆਉਂਦਾ ਹੈ, ਪਰ ਬਰਸਾਨੇ (ਮਥੁਰਾ) ਵਿੱਚ ਇਹ ਇੱਕ ਵੱਡੇ ਤਾਲਾਬ ਨਾਲ ਵੀ ਜੋੜਿਆ ਗਿਆ। ਰਾਧਾ ਜੀ ਦੇ ਹੱਥਾਂ ਦੀ ਹਲਦੀ ਧੋਣ ਦਾ ਕਿੱਸਾ ਹੈ। ਪੋਖਰ ਦਾ ਪਾਣੀ ਪੀਲਾ ਹੋ ਗਿਆ। ਨਾਂ ਪੈ ਗਿਆ ਪੀਲੀ ਪੋਖਰ। ਰੰਗ ਤੋਂ ਸਵਾਦ ਵੱਲ ਚੱਲੀਏ। ਮਹਾਰਾਸ਼ਟਰ ਦੇ ਮਹਾੜ ਇਲਾਕੇ ਵਿੱਚ ਇੱਕ ਤਾਲਾਬ ਦਾ ਪਾਣੀ ਇੰਨਾ ਸੁਆਦੀ ਸੀ ਕਿ ਉਸਦਾ ਨਾਂ ਹੀ ਚਵਦਾਰ ਤਾਲ ਭਾਵ ਜ਼ਾਇਕੇਦਾਰ ਤਾਲਾਬ ਹੋ ਗਿਆ। ਸਮਾਜ ਦੇ ਪਤਨ ਦੇ ਦੌਰ ਵਿੱਚ ਇਸ ਤਾਲਾਬ ਉੱਤੇ ਕੁੱਝ ਜਾਤੀਆਂ ਦੇ ਆਉਣ ਦੀ ਮਨਾਹੀ ਹੋ ਚੁੱਕੀ ਸੀ। ਸੰਨ 1927 ਵਿੱਚ ਚਵਦਾਰ ਤਾਲ ਤੋਂ ਹੀ ਭੀਮਰਾਓ ਅੰਬੇਦਕਰ ਨੇ ਅਛੂਤਾਂ ਲਈ ਅੰਦੋਲਨ ਸ਼ੁਰੂ ਕੀਤਾ ਸੀ। ਅਜੀਬੋ-ਗ਼ਰੀਬ ਤਾਲਾਬਾਂ ਵਿੱਚ ਆਬੂ-ਪਰਬਤ (ਰਾਜਸਥਾਨ) ਦੇ ਕੋਲ ਨਖੀ ਸਰੋਵਰ ਵੀ ਹੈ, ਜਿਸਦੇ ਬਾਰੇ ਕਿਹਾ ਜਾਂਦਾ ਹੈ ਕਿ ਇਸਨੂੰ ਦੇਵਤਿਆਂ ਅਤੇ ਰਿਸ਼ੀਆਂ ਨੇ ਆਪਣੇ ਨਹੁੰਆਂ ਨਾਲ ਹੀ ਪੁੱਟ ਦਿੱਤਾ ਸੀ। ਜਿਸ ਸਮਾਜ ਵਿੱਚ ਸਾਧਾਰਣ ਮੰਨੇ ਜਾਣ ਵਾਲੇ ਲੋਕ ਵੀ ਤਾਲਾਬ ਬਣਾਉਣ ਤੋਂ ਪਿੱਛੇ ਨਹੀਂ ਹਟਦੇ ਸਨ, ਉੱਥੇ ਦੇਵਤਿਆਂ ਦਾ ਯੋਗਦਾਨ ਸਿਰਫ਼ ਇੱਕ ਤਾਲਾਬ ਦਾ ਕਿਵੇਂ ਹੋ ਸਕਦਾ ਸੀ?

ਗੜ੍ਹਵਾਲ ਵਿੱਚ ਸਹਿਸਤਰ ਤਾਲ ਨਾਂ ਦੇ ਇੱਕ ਖੇਤਰ ਵਿੱਚ ਸੈਂਕੜੇ ਤਾਲਾਬ ਹਨ। ਹਿਮਾਲਾ ਦਾ ਇਹ ਇਲਾਕਾ 10 ਹਜ਼ਾਰ ਤੋਂ 13 ਹਜ਼ਾਰ ਫੁੱਟ ਦੀ ਉਚਾਈ ਉੱਤੇ ਹੈ। ਉੱਥੇ ਕੁਦਰਤ ਦਾ ਇੱਕ ਰੂਪ ਬਨਸਪਤੀ ਵਿਦਾ ਲੈਣ ਦੀ ਤਿਆਰੀ ਕਰਦਾ ਹੈ, ਦੂਜਾ ਹਿਮ ਰੂਪ ਆਪਣਾ ਰਾਜ ਜਮਾਉਣ ਦੀ। ਨੇੜੇ-ਤੇੜੇ ਕੋਈ ਆਬਾਦੀ ਨਹੀਂ। ਨੇੜੇ ਤੋਂ ਨੇੜੇ ਦਾ ਪਿੰਡ 5 ਹਜ਼ਾਰ ਫੁੱਟ ਥੱਲੇ ਹੈ, ਜਿੱਥੇ ਦੇ ਲੋਕ ਦੱਸਦੇ ਹਨ ਕਿ ਸਹਿਸਤਰ ਤਾਲ ਉਨ੍ਹਾਂ ਨੇ ਨਹੀਂ, ਸਗੋਂ ਦੇਵਤਿਆਂ ਨੇ ਹੀ ਬਣਾਏ ਸਨ।

ਜੈਪੁਰ ਦੇ ਕੋਲ ਬਣਿਆ ਗੋਲਾ ਤਾਲ ਬੇਹੱਦ ਅਜੀਬ ਘਟਨਾਵਾਂ ਵਿੱਚੋਂ ਨਿਕਲੇ ਤਾਲਾਬਾਂ ਵਿੱਚੋਂ ਸੱਚਮੁੱਚ ਸਚਿੱਤਰ ਵਰਨਣ ਕਰਨ ਯੋਗ ਹੈ। ਇਹ ਗੋਲ ਹੈ, ਸਿਰਫ਼ ਇਸੇ ਕਰਕੇ ਇਸ ਦਾ ਨਾਂ ਗੋਲ ਨਹੀਂ ਪਿਆ। ਕਿਹਾ ਜਾਂਦਾ ਹੈ ਕਿ ਇਹ ਇੱਕ ਤੋਪ ਦੇ ਗੋਲੇ ਤੋਂ ਬਣਿਆ ਸੀ। ਉਦੋਂ ਜੈਪੁਰ ਸ਼ਹਿਰ ਵਸਿਆ ਨਹੀਂ ਸੀ। ਰਾਜਧਾਨੀ ਸੀ ਆਮੇਰ। ਜੈਗੜ੍ਹ ਦੇ ਰਾਜਾ ਨੇ ਜੈਬਾਣ ਨਾਂ ਦੀ ਇੱਕ ਵੱਡੀ ਤੋਪ ਬਣਵਾਈ ਸੀ। ਉਸਦੀ ਮਾਰਕ ਸ਼ਕਤੀ ਕਾਫ਼ੀ ਜ਼ਿਆਦਾ ਸੀ। ਉਸਦਾ ਗੋਲਾ 20 ਮੀਲ ਤੱਕ ਜਾ ਸਕਦਾ ਸੀ। ਤੋਪ ਜੈਗੜ੍ਹ ਕਿਲ੍ਹੇ ਦੇ ਅੰਦਰ ਹੀ ਬਣੇ ਤੋਪਖ਼ਾਨੇ ਵਿੱਚ ਤਾਇਨਾਤ ਕੀਤੀ ਗਈ ਸੀ। ਮਾਰਕ ਸ਼ਕਤੀ ਪਰਖਣ ਲਈ ਇਸੇ ਕਿਲ੍ਹੇ ਦੇ ਇੱਕ ਬੁਰਜ ਤੋਂ ਇੱਕ ਗੋਲਾ ਸੁੱਟਿਆ ਗਿਆ। ਗੋਲਾ ਡਿੱਗਿਆ 20 ਮੀਲ ਦੂਰ ਚਾਕਸੂ ਨਾਂ ਦੇ ਇੱਕ ਸਥਾਨ ਉੱਤੇ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇੱਕ ਚੌੜਾ ਅਤੇ ਡੂੰਘਾ ਟੋਆ ਪੁੱਟਿਆ ਗਿਆ। ਅਗਲੀ ਬਰਸਾਤ ਵਿੱਚ ਇਸ ਵਿੱਚ ਪਾਣੀ ਭਰਿਆ ਫੇਰ ਇਹ ਕਦੇ ਸੁੱਕਿਆ ਨਹੀਂ। ਇਸ ਤਰ੍ਹਾਂ ਜੈਬਾਣ ਤੋਪ ਨੇ ਬਣਾਇਆ ਗੋਲਾ ਤਾਲ। ਜੈਬਾਣ ਤੋਪ ਫੇਰ ਕਦੀ ਚੱਲੀ ਨਹੀਂ। ਧਮਾਕੇ ਤੋਂ ਬਾਅਦ ਹੀ ਸ਼ਾਂਤੀ ਸਥਾਪਿਤ ਹੋ ਗਈ। ਕਹਿੰਦੇ ਨੇ ਇਸ ਤੋਂ ਬਾਅਦ ਕਿਸੇ ਨੇ ਇਸ ਪਾਸੇ ਦੁਬਾਰਾ ਹਮਲਾ ਕਰਨ ਦੀ ਜੁੱਰਅਤ ਨਹੀਂ ਕੀਤੀ। ਗੋਲਾ ਤਾਲ ਅੱਜ ਵੀ ਭਰਿਆ ਹੈ ਅਤੇ ਚਾਕਸੂ ਕਸਬੇ ਨੂੰ ਪਾਣੀ ਦੇ ਰਿਹਾ ਹੈ। ਅਣੂ ਬੰਬ ਜਾਂ ਅਣੂ ਸ਼ਕਤੀ ਦੀ ਸ਼ਾਂਤੀ ਲਈ ਵਰਤੋਂ ਦੀ ਗੱਲ ਬਹੁਤ ਹੋਈ ਹੈ, ਇਸੇ ਰਾਜਸਥਾਨ ਦੇ ਪੋਖਰਨ ਵਿੱਚ ਉਸਦਾ ਵਿਸਫ਼ੋਟ ਹੋਇਆ, ਪਰ ਕੋਈ ਗੋਲਾ ਤਾਲਾਬ ਨਹੀਂ ਬਣਿਆ। ਬਣਦਾ ਤਾਂ ਵਿਕਿਰਣਾਂ ਦੇ ਕਾਰਨ ਨੁਕਸਾਨ ਵੀ ਬਹੁਤ ਪੁੱਜਦਾ।

ਕਦੀ-ਕਦੀ ਕਿਸੇ ਇਲਾਕੇ ਵਿੱਚ ਕੋਈ-ਕੋਈ ਇੱਕ ਤਾਲਾਬ ਲੋਕਾਂ ਦੇ ਮਨ ਵਿੱਚ ਹੋਰਨਾਂ ਤੋਂ ਜ਼ਿਆਦਾ ਛਾ ਜਾਂਦਾ, ਉਦੋਂ ਉਸਦਾ ਨਾਂ ਝੂਮਰ ਤਾਲ ਹੋ ਜਾਂਦਾ। ਝੂਮਰ ਸਿਰ ਦੇ ਇੱਕ ਗਹਿਣੇ ਦਾ ਨਾਂ ਹੈ। ਝੂਮਰ ਤਾਲ ਉਸ ਖੇਤਰ ਦਾ ਸਿਰ ਉੱਚਾ ਕਰ ਦਿੰਦਾ। ਜਿਵੇਂ ਆਪਾਂ ਪਿਆਰ ਵਿੱਚ ਬੇਟੇ ਨੂੰ ਬੇਟੀ ਕਹਿਣ ਲੱਗ ਜਾਂਦੇ ਹਾਂ, ਉਸੇ ਤਰ੍ਹਾਂ ਝੁਮਰੀ ਤਲੈਯਾ ਕਹਿਣ ਲੱਗੇ। ਬਿਲਕੁਲ ਵੱਖ ਕਾਰਨਾਂ ਕਰਕੇ ਇੱਕ ਝੁਮਰੀ ਤਲੈਯਾ ਦਾ ਨਾਂ ਵਿਵਿਧ ਭਾਰਤੀ ਦੇ ਕਾਰਨ ਘਰ-ਘਰ ਪੁੱਜ ਗਿਆ ਸੀ। ਭਾਰਤੀ, ਭਾਸ਼ਾ ਦੀ ਵੰਨ-ਸੁਵੰਨਤਾ, ਤਾਲ-ਤਲੈਯਾਂ ਦੀ ਇਹ ਵੰਨ-ਸੁਵੰਨਤਾ ਸਮਾਜ ਦਾ ਸਿਰ ਉੱਚਾ ਕਰਦੀ ਸੀ।

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques