ਸਾਫ਼ ਮੱਥੇ ਦਾ ਸਮਾਜ

Submitted by Hindi on Tue, 01/19/2016 - 12:09
Source
'आज भी खरे हैं तालाब' पंजाबी संस्करण

ਪੁਰਾਣੇ ਤਾਲਾਬ ਸਾਫ਼ ਨਹੀਂ ਕਰਵਾਏ ਗਏ ਅਤੇ ਨਵੇਂ ਤਾਂ ਕਦੇ ਬਣੇ ਹੀ ਨਹੀਂ। ਗਾਰਾ ਤਾਲਾਬਾਂ ਵਿੱਚ ਨਹੀਂ, ਸਗੋਂ ਨਵੇਂ ਸਮਾਜ ਦੇ ਮੱਥੇ ਵਿੱਚ ਭਰ ਗਿਆ ਹੈ। ਉਸ ਵੇਲੇ ਸਮਾਜ ਦਾ ਮੱਥਾ ਸਾਫ਼ ਸੀ। ਉਸਨੇ ਤਾਲਾਬ ਹੇਠਾਂ ਜਮੇ ਗਾਰੇ ਨੂੰ ਵੀ ਪ੍ਰਸ਼ਾਦ ਵਾਂਗ ਸਵੀਕਾਰ ਕੀਤਾ ਸੀ।

ਤਾਲਾਬ ਵਿੱਚ ਪਾਣੀ ਆਉਂਦਾ ਹੈ, ਪਾਣੀ ਜਾਂਦਾ ਹੈ। ਇਸੇ ਆਉਣ-ਜਾਣ ਦਾ ਸਮੁੱਚੇ ਤਾਲਾਬ ਉੱਤੇ ਅਸਰ ਪੈਂਦਾ ਹੈ। ਮੀਂਹ ਦੀਆਂ ਤੇਜ਼ ਕਣੀਆਂ ਨਾਲ ਆਗੌਰ (ਜਿੱਥੋਂ ਪਾਣੀ ਆਉਂਦਾ ਹੈ) ਦੀ ਮਿੱਟੀ ਘੁਲਦੀ ਹੈ। ਪਾਲ ਦੀ ਮਿੱਟੀ ਕੱਟਦੀ ਹੈ ਅਤੇ ਆਗਰ (ਘੇਰਾ) ਜਿਸ ਵਿੱਚ ਪਾਣੀ ਭਰਦਾ ਹੈ, ਵਿੱਚ ਭਰਦੀ ਹੈ।

ਤਾਲਾਬ ਦਾ ਰੂਪ ਵਿਗੜਨ ਦੀ ਇਹ ਖੇਡ ਲਗਾਤਾਰ ਚੱਲਦੀ ਰਹਿੰਦੀ ਹੈ। ਇਸੇ ਲਈ ਤਾਲਾਬ ਬਣਾਉਣ ਵਾਲਾ ਸਮਾਜ, ਤਾਲਾਬ ਦੇ ਰੂਪ ਨੂੰ ਵਿਗੜਨ ਤੋਂ ਬਚਾਉਣ ਦੀ ਖੇਡ ਵੀ ਓਨੇ ਹੀ ਨਿਯਮਾਂ ਨਾਲ ਖੇਡਦਾ ਹੈ। ਜਿਹੜੇ ਤਾਲਾਬ ਵੇਖਦਿਆਂ-ਵੇਖਦਿਆਂ ਹੀ ਪਿਛਲੇ ਪੰਜਾਹ-ਸੌ ਸਾਲਾਂ ਵਿੱਚ ਖ਼ਤਮ ਕਰ ਦਿੱਤੇ ਗਏ, ਉਨ੍ਹਾਂ ਤਾਲਾਬਾਂ ਨੇ ਨਿਯਮਾਂ ਨਾਲ ਖੇਡੀਆਂ ਗਈਆਂ ਖੇਡਾਂ ਕਾਰਨ ਹੀ ਸੈਂਕੜੇ ਸਾਲਾਂ ਤੱਕ ਸਮਾਜ ਦੀ ਖੇਡ ਠੀਕ ਢੰਗ ਨਾਲ ਚਲਾਈ ਸੀ।

ਤਾਲਾਬ ਵਿੱਚ ਪਹਿਲੀ ਵਾਰ ਪਾਣੀ ਭਰਦਿਆਂ ਹੀ ਇਸ ਦੀ ਸਾਂਭ-ਸੰਭਾਲ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਇਹ ਕੰਮ ਸੌਖਾ ਨਹੀਂ ਸੀ, ਪਰ ਸਮਾਜ ਨੇ ਦੇਸ਼ ਦੇ ਇਸ ਕੋਣੇ ਤੋਂ ਉਸ ਕੋਣੇ ਤੱਕ ਹਜ਼ਾਰਾਂ ਤਾਲਾਬਾਂ ਨੂੰ ਠੀਕ-ਠਾਕ ਰੱਖਣਾ ਸੀ। ਇਸੇ ਲਈ ਉਸਨੇ ਇਸ ਔਖੇ ਕੰਮ ਨੂੰ ਹਰੇਕ ਥਾਂ ਬੇਹੱਦ ਸੁਚਾਰੂ ਢੰਗ ਨਾਲ ਚਲਾਇਆ ਸੀ।

ਆਗੌਰ ਵਿੱਚ ਪੈਰ ਰੱਖਦਿਆਂ ਹੀ ਤਾਲਾਬ ਦੇ ਰੱਖ-ਰਖਾਅ ਦਾ ਕੰਮ ਦੇਖਣ ਨੂੰ ਮਿਲ ਜਾਵੇਗਾ। ਦੇਸ਼ ਦੇ ਕਈ ਖੇਤਰਾਂ ਵਿੱਚ ਤਾਲਾਬਾਂ ਦਾ ਆਗੌਰ ਸ਼ੁਰੂ ਹੁੰਦੇ ਹੀ ਉਸਦੀ ਸੂਚਨਾ ਦੇਣ ਵਾਲੇ ਪੱਥਰ ਦੇ ਬੇਹੱਦ ਸੁੰਦਰ ਥੰਮ੍ਹ ਦਿਸਣ ਲੱਗ ਪੈਣਗੇ। ਥੰਮ੍ਹ ਨੂੰ ਦੇਖਕੇ ਸਮਝ ਲਉ ਕਿ ਤੁਸੀਂ ਤਾਲਾਬ ਦੇ ਆਗੌਰ ਵਿੱਚ ਖੜ੍ਹੇ ਹੋ, ਇੱਥੋਂ ਹੀ ਪਾਣੀ ਤਾਲਾਬ ਵਿੱਚ ਭਰੇਗਾ। ਇਸ ਲਈ ਇਸ ਥਾਂ ਨੂੰ ਸਾਫ਼-ਸੁਥਰਾ ਰੱਖਣਾ ਹੈ। 'ਜੁੱਤੀਆਂ ਪਾ ਕੇ ਆਗੌਰ ਵਿੱਚ ਆਉਣਾ ਮਨ੍ਹਾ ਹੈ'। ਟੱਟੀ-ਪਿਸ਼ਾਬ ਦੀ ਗੱਲ ਤਾਂ ਦੂਰ, ਇੱਥੇ 'ਥੁੱਕਣਾ ਵੀ ਮਨ੍ਹਾ ਹੈ', ਅਜਿਹੇ ਸਾਈਨ ਬੋਰਡ ਵਗ਼ੈਰਾ ਵੀ ਨਹੀਂ ਲਾਏ ਜਾਂਦੇ ਸਨ, ਪਰ ਲੋਕੀ ਸਿਰਫ਼ ਥੰਮ੍ਹ ਦੇਖਕੇ ਹੀ ਇਨ੍ਹਾਂ ਸਾਰੀਆਂ ਗੱਲਾਂ ਦਾ ਪੂਰਾ ਧਿਆਨ ਰੱਖਦੇ ਸਨ।

ਆਗਰ ਦੇ ਪਾਣੀ ਦੀ ਸਾਫ਼-ਸਫ਼ਾਈ ਅਤੇ ਸ਼ੁੱਧਤਾ ਦਾ ਖ਼ਿਆਲ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ ਸੀ। ਨਵੇਂ ਤਾਲਾਬ ਵਿੱਚ ਜਿਸ ਦਿਨ ਵੀ ਪਾਣੀ ਭਰਦਾ, ਉਸੇ ਦਿਨ ਵਿਸ਼ੇਸ਼ ਸਮਾਗਮ ਕਰਕੇ ਉਸ ਵਿੱਚ ਜੀਵ-ਜੰਤੂ ਲਿਆ ਕੇ ਛੱਡ ਦਿੱਤੇ ਜਾਂਦੇ ਸਨ। ਮੱਛੀਆਂ, ਕੱਛੂ, ਕੇਕੜੇ ਤਾਂ ਛੱਡੇ ਹੀ ਜਾਂਦੇ ਸਨ, ਪਰ ਜੇਕਰ ਤਾਲਾਬ ਵੱਡਾ ਹੁੰਦਾ ਤਾਂ ਮਗਰਮੱਛ ਵੀ ਛੱਡ ਦਿੱਤੇ ਜਾਂਦੇ ਸਨ। ਕੁੱਝ ਥਾਵਾਂ 'ਤੇ ਜੀਵ-ਜੰਤੂਆਂ ਦੇ ਨਾਲ-ਨਾਲ ਸਮਰੱਥਾ ਦੇ ਅਨੁਸਾਰ ਸੋਨੇ-ਚਾਂਦੀ ਦੇ ਜੀਵ-ਜੰਤੂ ਵੀ ਛੱਡੇ ਜਾਂਦੇ ਸਨ। ਮੱਧ-ਪ੍ਰਦੇਸ਼ ਦੇ ਰਾਏਪੁਰ ਸ਼ਹਿਰ ਵਿੱਚ ਕੋਈ ਪੰਜਾਹ-ਪਚਵੰਜਾ ਵਰ੍ਹੇ ਪਹਿਲਾਂ ਸੋਨੇ ਦੀਆਂ ਨੱਥਾਂ ਪੁਆ ਕੇ ਕੱਛੂ ਛੱਡੇ ਗਏ ਸਨ।

ਪਹਿਲੇ ਸਾਲ ਪਾਣੀ ਵਿੱਚ ਕੁੱਝ ਖ਼ਾਸ ਕਿ+ਸਮ ਦੀ ਵਨਸਪਤੀ ਵੀ ਪਾਈ ਜਾਂਦੀ ਸੀ। ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਦੀ ਕਿਸਮ ਬਦਲਦੀ ਸੀ, ਪਰ ਕੰਮ ਇੱਕੋ ਸੀ, ਪਾਣੀ ਨੂੰ ਸਾਫ਼ ਰੱਖਣਾ। ਮੱਧ-ਪ੍ਰਦੇਸ਼ ਵਿੱਚ ਜੇ ਇਹ ਗਦੀਆ ਜਾਂ ਚੀਲਾ ਸੀ ਤਾਂ ਰਾਜਸਥਾਨ ਵਿੱਚ ਕੁਮੁਦਿਨੀ, ਨਿਰਮਲੀ ਜਾਂ ਚਾਸ਼ੁਸ। ਚਾਸ਼ੁਸ਼ ਤੋਂ ਚਾਕਸੂ ਸ਼ਬਦ ਬਣਿਆ ਹੈ। ਕੋਈ ਅਜਿਹਾ ਦੌਰ ਵੀ ਆਇਆ ਹੋਵੇਗਾ ਜਦੋਂ ਤਾਲਾਬ ਦੀ ਸਾਫ਼-ਸਫ਼ਾਈ ਲਈ ਚਾਕਸੂ ਪੌਦੇ ਦੀ ਵਰਤੋਂ ਵਧ ਗਈ ਹੋਵੇਗੀ। ਅੱਜ ਜੈਪੁਰ ਦੇ ਕੋਲ ਇੱਕ ਵੱਡੇ ਕਸਬੇ ਦਾ ਨਾਂ ਚਾਕਸੂ ਹੈ। ਇਹ ਨਾਂ ਸ਼ਾਇਦ ਚਾਕਸੂ ਪੌਦੇ ਪ੍ਰਤੀ ਧੰਨਵਾਦ ਵਜੋਂ ਰੱਖਿਆ ਗਿਆ ਹੋਵੇਗਾ।

ਪਾਲ ਉੱਤੇ ਪਿੱਪਲ, ਬਰੋਟੇ ਅਤੇ ਗੂਲਰ ਦੇ ਦਰੱਖ਼ਤ ਲਾਏ ਜਾਂਦੇ ਰਹੇ ਹਨ। ਤਾਲਾਬ ਅਤੇ ਇਨ੍ਹਾਂ ਦਰੱਖ਼ਤਾਂ ਵਿਚਕਾਰ ਉਮਰ ਦੀ ਹਮੇਸ਼ਾ ਦੌੜ ਜਿਹੀ ਲੱਗੀ ਦਿਸਦੀ ਹੈ। ਕਿਹੜਾ ਜ਼ਿਆਦਾ ਟਿਕਦਾ ਹੈ। ਦਰੱਖ਼ਤ ਜਾਂ ਤਾਲਾਬ? ਪਰ ਇਸ ਪ੍ਰਸ਼ਨ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ। ਦੋਹਾਂ ਨੂੰ ਇੱਕ-ਦੂਜੇ ਦਾ ਸਾਥ ਇੰਨਾ ਚੰਗਾ ਲੱਗਾ ਹੈ ਕਿ ਅਣਦੇਖੀ ਦੇ ਇਸ ਦੌਰ ਵਿੱਚ ਜਿਹੜਾ ਵੀ ਪਹਿਲਾਂ ਗਿਆ, ਦੂਜਾ ਸੋਗ ਵਿੱਚ ਉਸਦੇ ਪਿੱਛੇ-ਪਿੱਛੇ ਚਲਾ ਗਿਆ। ਦਰੱਖ਼ਤ ਵੱਢੇ ਗਏ ਤਾਂ ਕੁੱਝ ਸਮੇਂ ਬਾਅਦ ਤਾਲਾਬ ਵੀ ਸੁੱਕ ਗਿਆ। ਜੇਕਰ ਪਹਿਲਾਂ ਤਾਲਾਬ ਸੁੱਕਿਆ ਤਾਂ ਦਰੱਖ਼ਤ ਵੀ ਵੈਰਾਗ ਗਏ।

ਤਾਲਾਬਾਂ ਉੱਤੇ ਅਕਸਰ ਅੰਬ ਵੀ ਖ਼ੂਬ ਲਾਇਆ ਜਾਂਦਾ ਸੀ, ਪਰ ਇਹ ਪਾਲ ਉੱਤੇ ਘੱਟ, ਹੇਠਲੀ ਜ਼ਮੀਨ ਦੇ ਥੱਲੇ ਜ਼ਿਆਦਾ ਲਾਇਆ ਜਾਂਦਾ ਹੈ। ਛੱਤੀਸਗੜ੍ਹ ਖੇਤਰ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਸ਼ੀਤਲਾ ਮਾਤਾ ਦਾ ਵਾਸ ਮੰਨਿਆ ਜਾਂਦਾ ਹੈ। ਇਸ ਲਈ ਅਜਿਹੇ ਤਾਲਾਬਾਂ ਦੀ ਪਾਲ ਉੱਤੇ ਨਿੰਮ ਦੇ ਦਰੱਖ਼ਤ ਜ਼ਰੂਰ ਲਾਏ ਜਾਂਦੇ ਸਨ। ਦਰੱਖ਼ਤ ਤੋਂ ਬਿਨਾਂ ਪਾਲ ਦੀ ਤੁਲਨਾ ਬਿਨਾਂ ਮੂਰਤੀ ਦੇ ਮੰਦਰ ਨਾਲ ਕੀਤੀ ਗਈ ਹੈ।

ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਾਲ ਉੱਤੇ ਅਰਹਰ ਦੇ ਦਰੱਖ਼ਤ ਵੀ ਲਾਏ ਜਾਂਦੇ ਸਨ। ਇਨ੍ਹਾਂ ਇਲਾਕਿ+ਆਂ ਵਿੱਚ ਹੀ ਬਣੇ ਨਵੇਂ ਤਾਲਾਬ ਦੀ ਪਾਲ ਉੱਤੇ ਕੁੱਝ ਸਮੇਂ ਤੱਕ ਸਰ੍ਹੋਂ ਦੀ ਖਲ ਦਾ ਧੂੰਆਂ ਕੀਤਾ ਜਾਂਦਾ ਸੀ, ਤਾਂ ਜੋ ਨਵੀਂ ਬਣੀ ਪਾਲ ਵਿੱਚ ਚੂਹੇ ਖੁੱਡਾਂ ਬਣਾ ਕੇ ਉਸਨੂੰ ਕਮਜ਼ੋਰ ਨਾ ਕਰ ਦੇਣ।

ਇਹ ਸਾਰੇ ਕੰਮ ਅਜਿਹੇ ਹਨ, ਜਿਹੜੇ ਤਾਲਾਬ ਬਣਨ ਤੋਂ ਬਾਅਦ ਇੱਕ ਵਾਰ ਕਰਨੇ ਪੈਂਦੇ ਹਨ। ਬਹੁਤ ਜ਼ਰੂਰੀ ਹੋਵੇ ਤਾਂ ਇੱਕ ਅੱਧ ਵਾਰ ਹੋਰ, ਪਰ ਤਾਲਾਬ ਵਿੱਚ ਹਰ ਸਾਲ ਮਿੱਟੀ ਤਾਂ ਜਮ੍ਹਾਂ ਹੁੰੰਦੀ ਹੀ ਹੈ। ਇਸੇ ਲਈ ਉਸਨੂੰ ਹਰ ਸਾਲ ਕੱਢਦੇ ਰਹਿਣ ਦਾ ਪ੍ਰਬੰਧ ਬੇਹੱਦ ਸੁੰਦਰ ਨਿਯਮਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ। ਕਿਤੇ ਗਾਰਾ ਕੱਢਣ ਦੇ ਬੇਹੱਦ ਮੁਸ਼ਕਿਲ ਕੰਮ ਨੂੰ ਤਿਉਹਾਰ ਵਿੱਚ ਬਦਲ ਕੇ ਆਨੰਦ ਦਾ ਮੌਕ+ ਬਣਾਇਆ ਗਿਆ ਅਤੇ ਕਿਤੇ ਇਹ ਕੰਮ ਇੰਨਾ ਦਿਲਚਸਪ ਬਣਾ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਇਹ ਮਿੱਟੀ ਚੁੱਪ-ਚਾਪ ਆ ਕੇ ਤਾਲਾਬ ਦੇ ਥੱਲੇ ਜਮ੍ਹਾਂ ਹੋ ਜਾਂਦੀ ਸੀ, ਉਸੇ ਤਰ੍ਹਾਂ ਚੁੱਪ-ਚਾਪ ਉਸ ਨੂੰ ਕੱਢ ਕੇ ਵੱਟ ਦੇ ਕੰਢੇ 'ਤੇ ਜਮਾ ਦਿੱਤਾ ਜਾਂਦਾ ਸੀ।

ਗਾਰਾ ਕੱਢਣ ਦਾ ਸਮਾਂ ਵੱਖ-ਵੱਖ ਖੇਤਰਾਂ ਵਿੱਚ ਮੌਸਮ ਦੇਖ ਕੇ ਤੈਅ ਕੀਤਾ ਜਾਂਦਾ ਸੀ। ਉਸ ਸਮੇਂ ਤਾਲਾਬ ਵਿੱਚ ਪਾਣੀ ਬੇਹੱਦ ਘੱਟ ਹੋਣਾ ਚਾਹੀਦਾ ਹੈ। ਗੋਆ ਅਤੇ ਪੱਛਮੀ ਘਾਟ ਦੇ ਤਟਵਰਤੀ ਖੇਤਰਾਂ ਵਿੱਚ ਇਹ ਕੰਮ ਦੀਵਾਲੀ ਦੇ ਫੌਰਨ ਬਾਅਦ ਕੀਤਾ ਜਾਂਦਾ ਸੀ। ਉੱਤਰ ਦੇ ਬਹੁਤ ਵੱਡੇ ਹਿੱਸਿਆਂ ਵਿੱਚ ਨਵੇਂ ਸਾਲ ਚੇਤ ਤੋਂ ਠੀਕ ਪਹਿਲਾਂ, ਛੱਤੀਸਗੜ੍ਹ, ਉੜੀਸਾ, ਬੰਗਾਲ, ਬਿਹਾਰ ਅਤੇ ਦੱਖਣ ਵਿੱਚ ਬਰਸਾਤ ਆਉਣ ਤੋਂ ਠੀਕ ਪਹਿਲਾਂ, ਖੇਤ ਤਿਆਰ ਕਰਨ ਦੇ ਸਮੇਂ।

ਅੱਜ ਤਾਲਾਬਾਂ ਤੋਂ ਕਟ ਚੁੱਕਿਆ ਸਮਾਜ, ਉਸਨੂੰ ਚਲਾਉਣ ਵਾਲਾ ਪ੍ਰਸ਼ਾਸਨ ਤਾਲਾਬ ਦੀ ਸਫ਼ਾਈ ਅਤੇ ਗਾਰਾ ਕੱਢਣ ਦੇ ਕੰਮ ਨੂੰ ਸਮੱਸਿਆ ਸਮਝਦਾ ਹੈ ਅਤੇ ਉਹ ਇਸ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲੱਭਦਾ ਹੈ। ਪ੍ਰਸ਼ਾਸਨ ਦੇ ਨਵੇਂ ਹਿਸਾਬ ਅਨੁਸਾਰ ਇਹ ਕੰਮ ਕਾਫ਼ੀ ਖ਼ਰਚੀਲਾ ਹੈ। ਕਈ ਕੁਲੈਕਟਰਾਂ ਨੇ ਸਮੇਂ-ਸਮੇਂ ਆਪਣੇ ਖੇਤਰਾਂ ਵਿੱਚ ਤਾਲਾਬਾਂ 'ਚੋਂ ਮਿੱਟੀ ਨਾ ਕੱਢ ਸਕਣ ਦਾ ਇਹੋ ਕਾਰਨ ਦੱਸਿਆ ਹੈ ਕਿ ਇਸ 'ਤੇ ਖ਼ਰਚ ਬਹੁਤਾ ਜ਼ਿਆਦਾ ਆਉਂਦਾ ਹੈ, ਜਦੋਂ ਕਿ ਨਵੇਂ ਤਾਲਾਬ ਬਣਾਉਣ ਉੱਤੇ ਖ਼ਰਚ ਘੱਟ ਆਉਂਦਾ ਹੈ। ਪੁਰਾਣੇ ਤਾਲਾਬ ਸਾਫ਼ ਨਹੀਂ ਕਰਵਾਏ ਗਏ ਅਤੇ ਨਵੇਂ ਤਾਂ ਕਦੇ ਬਣੇ ਹੀ ਨਹੀਂ। ਗਾਰਾ ਤਾਲਾਬਾਂ ਵਿੱਚ ਨਹੀਂ, ਸਗੋਂ ਨਵੇਂ ਸਮਾਜ ਦੇ ਮੱਥੇ ਵਿੱਚ ਭਰ ਗਿਆ ਹੈ।

ਉਸ ਵੇਲੇ ਸਮਾਜ ਦਾ ਮੱਥਾ ਸਾਫ਼ ਸੀ। ਉਸਨੇ ਤਾਲਾਬ ਹੇਠਾਂ ਜਮੇ ਗਾਰੇ ਨੂੰ ਵੀ ਪ੍ਰਸ਼ਾਦ ਵਾਂਗ ਸਵੀਕਾਰ ਕੀਤਾ ਸੀ। ਪ੍ਰਸ਼ਾਦ ਸਵੀਕਾਰ ਕਰਨ ਦੇ ਸੱਚੇ ਹੱਕ+ਦਾਰ ਸਨ ਕਿਸਾਨ। ਇਸ ਪ੍ਰਸ਼ਾਦ ਨੂੰ ਲੈਣ ਵਾਲੇ ਕਿਸਾਨ ਪ੍ਰਤੀ ਗੱਡੇ ਦੇ ਹਿਸਾਬ ਨਾਲ ਮਿੱਟੀ ਕੱਢਦੇ ਸਨ, ਆਪਣੇ ਗੱਡੇ ਭਰਦੇ ਅਤੇ ਖੇਤਾਂ ਵਿੱਚ ਫੈਲਾਅ ਕੇ ਖੇਤੀ ਵਾਲੀ ਜ਼ਮੀਨ ਦਾ ਉਪਜਾਊਪਣ ਵਧਾਉਂਦੇ ਸਨ। ਇਸ ਪ੍ਰਸ਼ਾਦ ਦੇ ਬਦਲੇ ਉਹ ਪ੍ਰਤੀ ਗੱਡੇ ਦੇ ਹਿਸਾਬ ਨਾਲ ਕੁੱਝ ਨਕ+ਦ ਜਾਂ ਫ਼ਸਲ ਦਾ ਕੁੱਝ ਹਿੱਸਾ ਪਿੰਡ ਦੇ ਕੋਸ਼ ਵਿੱਚ ਜਮ੍ਹਾਂ ਕਰਾਉਂਦੇ ਸਨ। ਫਿਰ ਇਸੇ ਇਕੱਠੀ ਹੋਈ ਰਕਮ ਨਾਲ ਪੁਰਾਣੇ ਤਾਲਾਬਾਂ ਦੀ ਮੁਰੰਮਤ ਦਾ ਕੰਮ ਹੁੰਦਾ ਸੀ। ਅੱਜ ਵੀ ਛੱਤੀਸਗੜ੍ਹ ਵਿੱਚ ਗਾਰਾ ਕੱਢਣ ਦਾ ਕੰਮ ਕਿਸਾਨ ਪਰਿਵਾਰ ਹੀ ਕਰਦੇ ਹਨ। ਦੂਰ-ਦੂਰ ਤੱਕ ਸਾਬਣ ਪਹੁੰਚਣ ਦੇ ਬਾਵਜੂਦ ਕਈ ਘਰਾਂ ਵਿੱਚ ਅੱਜ ਵੀ ਉਸੇ ਗਾਰੇ ਨਾਲ ਨਹਾਉਣ ਦੀ ਪਰੰਪਰਾ ਜਾਰੀ ਹੈ।

ਬਿਹਾਰ ਵਿੱਚ ਇਸ ਕੰਮ ਨੂੰ ਉੜਾਹੀ ਦੀ ਪਰੰਪਰਾ ਕਿਹਾ ਜਾਂਦਾ ਹੈ। ਉੜਾਹੀ ਸਮਾਜ ਦੀ ਸੇਵਾ ਹੈ, ਕਿਰਤ ਦਾਨ ਹੈ। ਪਿੰਡ ਦੇ ਹਰੇਕ ਘਰ ਵਿੱਚ ਕੰਮ ਕਰ ਸਕਣ ਵਾਲੇ ਕਾਮੇ ਤਾਲਾਬ ਉੱਤੇ ਇਕੱਠੇ ਹੁੰਦੇ ਸਨ। ਹਰੇਕ ਘਰ ਦੋ ਤੋਂ ਪੰਜ ਮਣ ਮਿੱਟੀ ਕੱਢਦਾ ਸੀ। ਕੰਮ ਦੇ ਸਮੇਂ ਉਹੀ ਗੁੜ ਵਾਲਾ ਪਾਣੀ ਵੰਡਿਆ ਜਾਂਦਾ ਸੀ। ਪੰਚਾਇਤ ਵਿੱਚ ਇਕੱਠੇ ਹੋਏ ਹਰਜਾਨੇ ਦੀ ਰਕਮ ਦਾ ਇੱਕ ਵੱਡਾ ਹਿੱਸਾ ਉੜਾਹੀ ਲਈ ਖ਼ਰਚ ਕੀਤਾ ਜਾਂਦਾ ਹੈ। ਦੱਖਣ ਵਿੱਚ ਧਰਮਾਦਾ ਰੀਤ ਚਲਦੀ ਸੀ। ਕਿਤੇ-ਕਿਤੇ ਇਸ ਕੰਮ ਲਈ ਪਿੰਡ ਦੀ ਜ਼ਮੀਨ ਦਾ ਇੱਕ ਹਿੱਸਾ ਦਾਨ ਵੀ ਕਰ ਦਿੱਤਾ ਜਾਂਦਾ ਸੀ। ਅਜਿਹੀ ਜ਼ਮੀਨ ਨੂੰ ਕੋਡਗੇ ਕਿਹਾ ਜਾਂਦਾ ਸੀ।

ਜੇਕਰ ਰਾਜ ਅਤੇ ਸਮਾਜ ਮਿਲ ਕੇ ਕਮਰ ਕੱਸ ਲੈਣ ਤਾਂ ਕਿਸੇ ਕੰਮ ਵਿੱਚ ਢਿੱਲ ਕਿਵੇਂ ਰਹਿ ਸਕਦੀ ਹੈ! ਦੱਖਣ ਵਿੱਚ ਤਾਲਾਬਾਂ ਦੀ ਸਾਂਭ-ਸੰਭਾਲ ਦੇ ਮਾਮਲੇ ਵਿੱਚ ਰਾਜ ਅਤੇ ਸਮਾਜ ਦਾ ਇਹ ਤਾਲਮੇਲ ਬਾਖ਼ੂਬੀ ਦੇਖਿਆ ਜਾ ਸਕਦਾ ਸੀ। ਰਾਜ ਦੇ ਖ਼ਜ਼ਾਨੇ ਵਿੱਚੋਂ ਇਸ ਕੰਮ ਲਈ ਆਰਥਿਕ ਮਦਦ ਮਿਲਦੀ ਸੀ, ਪਰ ਇਸ ਕੰਮ ਲਈ ਹਰੇਕ ਪਿੰਡ ਵਿੱਚ ਵੱਖਰਾ ਖ਼ਜ਼ਾਨਾ ਵੀ ਬਣ ਸਕੇ, ਇਸਦਾ ਵੀ ਪੂਰਾ ਇੰਤਜ਼ਾਮ ਸੀ।

ਹਰੇਕ ਪਿੰਡ ਵਿੱਚ ਕੁੱਝ ਜ਼ਮੀਨ, ਕੁੱਝ ਖੇਤ ਜਾਂ ਖੇਤ ਦਾ ਕੁੱਝ ਹਿੱਸਾ ਤਾਲਾਬ ਦੇ ਰੱਖ-ਰਖਾਅ ਦੇ ਮੰਤਵ ਲਈ ਵੱਖ ਰੱਖਿਆ ਜਾਂਦਾ ਸੀ। ਇਸ ਉੱਤੇ ਲਗਾਨ ਨਹੀਂ ਲਗਦਾ ਸੀ। ਅਜਿਹੀ ਭੂਮੀ 'ਮਾਨਯਮ' ਕਹਾਉਂਦੀ ਸੀ। ਮਾਨਯਮ ਤੋਂ ਹੋਣ ਵਾਲੀ ਬਚਤ, ਆਮਦਨੀ ਜਾਂ ਮਿਲਣ ਵਾਲੀ ਫ਼ਸਲ ਤਾਲਾਬ ਨਾਲ ਜੁੜੇ ਹੋਏ ਵੱਖ-ਵੱਖ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤੀ ਜਾਂਦੀ ਸੀ। ਜਿੰਨੀ ਤਰ੍ਹਾਂ ਦੇ ਕੰਮ, ਓਨੀ ਹੀ ਤਰ੍ਹਾਂ ਦੇ ਮਾਨਯਮ। ਜਿਹੜਾ ਕੰਮ ਜਿੱਥੇ ਹੋਣਾ ਹੈ, ਉੱਥੇ ਹੀ ਉਸਦਾ ਪ੍ਰਬੰਧ ਹੁੰਦਾ ਸੀ, ਉੱਥੇ ਹੀ ਉਸ ਲਈ ਹੋਣ ਵਾਲਾ ਖ਼ਰਚਾ ਵੀ ਇਕੱਠਾ ਕਰ ਲਿਆ ਜਾਂਦਾ ਸੀ।

ਅਲੌਤੀ ਮਾਨਯਮ ਨਾਲ ਮਿਹਨਤਕਸ਼ਾਂ ਦੇ ਮਿਹਨਤਾਨੇ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਅਣੈਕਰਣ ਮਾਨਯਮ ਸਾਲ ਭਰ ਤਾਲਾਬ ਲਈ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸੀ। ਇਸੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਚਲਦੀ ਸੀ। ਇਹ ਤਾਲਾਬ ਦੀ ਪਾਲ ਉੱਤੇ ਡੰਗਰਾਂ, ਪਸ਼ੂਆਂ ਨੂੰ ਜਾਣ ਤੋਂ ਰੋਕਦੇ ਸਨ। ਇਸ ਕੰਮ ਵਿੱਚ ਲੋਕੀ ਸਾਲ ਭਰ ਲੱਗੇ ਰਹਿੰਦੇ ਸਨ। ਪਾਲ ਵਾਂਗ ਤਾਲਾਬ ਦੇ ਆਗੌਰ ਵਿੱਚ ਪਸ਼ੂਆਂ ਦੇ ਜਾਣ ਦੀ ਮਨਾਹੀ ਸੀ। ਉਸਦਾ ਇੰਤਜ਼ਾਮ ਬੰਦੇਲਾ ਮਾਨਯਮ ਰਾਹੀਂ ਕੀਤਾ ਜਾਂਦਾ ਸੀ।

ਤਾਲਾਬ ਨਾਲ ਜੁੜੇ ਖੇਤਾਂ ਵਿੱਚ ਫ਼ਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਪਸ਼ੂਆਂ ਨੂੰ ਰੋਕਣ ਦਾ ਕੰਮ ਇੱਕ ਨਿਸ਼ਚਿਤ ਸਮੇਂ ਤੱਕ ਚੱਲਣ ਵਾਲਾ ਕੰਮ ਸੀ। ਇਹ ਕੰਮ ਬੰਦੇਲਾ ਮਾਨਯਮ ਨਾਲ ਹੀ ਕਰਾਇਆ ਜਾਂਦਾ ਸੀ। ਇਸਨੂੰ ਕਰਨ ਵਾਲੇ ਪੱਟੀ ਕਹਾਉਂਦੇ ਸਨ। ਸਿੰਜਾਈ ਦੇ ਸਮੇਂ ਨਹਿਰ ਦੀ ਡਾਟ ਖੋਲ੍ਹਣਾ, ਸਮੇਂ ਉੱਤੇ ਪਾਣੀ ਛੱਡਣਾ ਵੀ ਇੱਕ ਵੱਖਰੀ ਕਿ+ਸਮ ਦੀ ਜ਼ਿੰਮੇਦਾਰੀ ਸੀ। ਇਸ ਸੇਵਾ ਨੂੰ ਨੀਰਮੁਨੱਕ ਮਾਨਯਮ ਕਹਿੰਦੇ ਸਨ। ਕਿਤੇ ਕਿਸਾਨ ਪਾਣੀ ਦੀ ਬਰਬਾਦੀ ਤਾਂ ਨਹੀਂ ਕਰ ਰਿਹਾ। ਇਸ ਕੰਮ ਨੂੰ ਦੇਖਣ ਵਾਲਿਆਂ ਨੂੰ ਤਨਖ਼ਾਹ ਕੁਲਮਕਵਲ ਮਾਨਯਮ ਤੋਂ ਮਿਲਦੀ ਸੀ।

ਤਾਲਾਬ ਵਿੱਚ ਕਿੰਨਾ ਪਾਣੀ ਆਇਆ, ਖੇਤਾਂ ਵਿੱਚ ਕੀ-ਕੀ ਬੀਜਿਆ ਗਿਆ ਹੈ, ਕਿਸਨੂੰ ਕਿੰਨਾ ਪਾਣੀ ਚਾਹੀਦਾ ਹੈ, ਅਜਿਹੇ ਪ੍ਰਸ਼ਨ ਨੀਰਘੰਟੀ ਜਾਂ ਨੀਰੂਕੁੱਟੀ ਹੱਲ ਕਰਦੇ ਸਨ। ਇਹ ਅਹੁਦਾ ਦੱਖਣ ਵਿੱਚ ਸਿਰਫ਼ ਹਰੀਜਨ ਪਰਿਵਾਰ ਨੂੰ ਮਿਲਦਾ ਸੀ। ਤਾਲਾਬ ਵਿੱਚ ਪਾਣੀ ਦਾ ਪੱਧਰ ਦੇਖਕੇ ਖੇਤਾਂ ਵਿੱਚ ਪੂਰੇ ਹਿਸਾਬ-ਕਿਤਾਬ ਨਾਲ ਅਤੇ ਬੇਹੱਦ ਬਾਰੀਕ+ਬੀਨੀ ਨਾਲ ਪਾਣੀ ਵੰਡਣ ਦਾ ਹੁਨਰ ਨੀਰੂਕੁੱਟੀ ਨੂੰ ਵਿਰਾਸਤ ਵਿੱਚ ਮਿਲਦਾ ਸੀ। ਅੱਜ ਦੇ ਕੁੱਝ ਨਵੇਂ ਸਮਾਜ-ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹਰੀਜਨ ਪਰਿਵਾਰਾਂ ਨੂੰ ਇਹ ਅਹੁਦਾ ਸਵਾਰਥ ਵਜੋਂ ਦਿੱਤਾ ਜਾਂਦਾ ਸੀ। ਇਨ੍ਹਾਂ ਪਰਿਵਾਰਾਂ ਕੋਲ ਜ਼ਮੀਨ ਨਹੀਂ ਹੁੰਦੀ ਸੀ, ਇਸੇ ਕਰਕੇ ਉਹ ਪਾਣੀ ਦੇ ਕਿਸੇ ਵੀ ਝਗੜੇ ਵੇਲੇ ਨਿਰਪੱਖ ਰਾਇ ਦਿੰਦੇ ਸਨ। ਜੇਕਰ ਸਿਰਫ਼ ਭੂਮੀਹੀਣ ਹੋਣਾ ਹੀ ਯੋਗਤਾ ਦਾ ਆਧਾਰ ਸੀ ਤਾਂ ਭੂਮੀਹੀਣ ਬ੍ਰਾਹਮਣ ਤਾਂ ਸਦਾ ਹੀ ਮਿਲਦੇ ਰਹਿ ਸਕਦੇ ਸਨ, ਪਰ ਇਸ ਗੱਲ ਨੂੰ ਇੱਥੇ ਹੀ ਛੱਡੀਏ ਅਤੇ ਆਉ ਮੁੜੀਏ ਮਾਨਯਮ ਵੱਲ।

ਕਈ ਤਾਲਾਬਾਂ ਦਾ ਪਾਣੀ ਸਿੰਜਾਈ ਤੋਂ ਇਲਾਵਾ ਪੀਣ ਦੇ ਕੰਮ ਆਉਂਦਾ ਸੀ। ਅਜਿਹੇ ਤਾਲਾਬਾਂ ਤੋਂ ਘਰਾਂ ਤੱਕ ਪਾਣੀ ਲੈ ਕੇ ਆਉਣ ਵਾਲੇ ਘੁਮਾਰਾਂ ਲਈ ਉਰਨੀ ਮਾਨਯਮ ਤੋਂ ਤਨਖ਼ਾਹ ਜੁਟਾਈ ਜਾਂਦੀ ਸੀ। ਉੱਪਾਰ ਅਤੇ ਵਾਦੀ ਮਾਨਯਮ ਨਾਲ ਤਾਲਾਬਾਂ ਦੀ ਮਾਮੂਲੀ ਟੁੱਟ-ਭੱਜ ਠੀਕ ਕੀਤੀ ਜਾਂਦੀ ਸੀ। ਵਾਯਕੱਲ ਮਾਨਯਮ ਤਾਲਾਬਾਂ ਤੋਂ ਇਲਾਵਾ ਉਨ੍ਹਾਂ ਵਿੱਚੋਂ ਨਿਕਲੀਆਂ ਨਹਿਰਾਂ ਦੀ ਦੇਖਭਾਲ ਉੱਤੇ ਖ਼ਰਚ ਹੁੰਦਾ ਸੀ। ਵੱਟ ਤੋਂ ਲੈ ਕੇ ਨਹਿਰਾਂ ਤੱਕ ਦਰੱਖ਼ਤ ਲਾਏ ਜਾਂਦੇ ਸਨ ਅਤੇ ਸਾਲ ਭਰ ਉਨ੍ਹਾਂ ਦੀ ਸਾਂਭ-ਸੰਭਾਲ, ਕਟਾਈ, ਛੰਗਾਈ ਆਦਿ ਦਾ ਕੰਮ ਚੱਲਦਾ ਸੀ। ਇਹ ਕੰਮ ਮਾਨਲ ਮਾਨਯਮ ਨਾਲ ਕੀਤਾ ਜਾਂਦਾ ਸੀ। ਖੁਲਗਾ ਮਾਨਯਮ ਅਤੇ ਪਾਟੁਲ ਮਾਨਯਮ ਮੁਰੰਮਤ ਤੋਂ ਇਲਾਵਾ ਖੇਤਰ ਵਿੱਚ ਬਣਨ ਵਾਲੇ ਨਵੇਂ ਤਾਲਾਬਾਂ ਦੀ ਪੁਟਾਈ ਵਿੱਚ ਹੋਣ ਵਾਲੇ ਖ਼ਰਚ ਸੰਭਾਲਦੇ ਸਨ।

ਇੱਕ ਤਾਲਾਬ ਨਾਲ ਜੁੜੇ ਇੰਨੇ ਕੰਮ, ਇੰਨੀਆਂ ਸੇਵਾਵਾਂ ਸਾਲ ਭਰ ਠੀਕ ਚਲਦੀਆਂ ਰਹਿਣ, ਇਹ ਦੇਖਣਾ ਵੀ ਇੱਕ ਕੰਮ ਸੀ। ਕਿਹੜੇ ਕੰਮ ਵਿੱਚ ਕਿੰਨੇ ਲੋਕਾਂ ਨੂੰ ਲਾਉਣਾ ਹੈ, ਕਿੱਥੋਂ ਕੁੱਝ ਘਟਾਉਣਾ ਹੈ, ਇਹ ਕੰਮ ਕਰੈਮਾਨੱਯਮ ਦੀ ਮਦਦ ਨਾਲ ਕੀਤਾ ਜਾਂਦਾ ਸੀ। ਇਸਨੂੰ ਕੁਲਮ ਵੇੱਟੂ ਜਾਂ ਕਣਮੋਈ ਵੇੱਟੂ ਵੀ ਕਹਿੰਦੇ ਸਨ।

ਦੱਖਣ ਦਾ ਇਹ ਛੋਟਾ ਅਤੇ ਸਾਧਾਰਨ ਜਿਹਾ ਵਰਨਣ ਤਾਲਾਬ ਅਤੇ ਉਸ ਨਾਲ ਜੁੜੇ ਪੂਰੇ ਪ੍ਰਬੰਧ ਦੀ ਥਾਹ ਨਹੀਂ ਪਾ ਸਕਦਾ। ਇਹ ਤਾਂ ਅਥਾਹ ਹੈ। ਅਜਿਹਾ ਜਾਂ ਇਸ ਨਾਲ ਮਿਲਦਾ-ਜੁਲਦਾ ਇੰਤਜ਼ਾਮ ਦੇਸ਼ ਦੇ ਸਾਰੇ ਹਿੱਸਿਆਂ ਵਿੱਚ, ਉੱਤਰ ਵਿੱਚ, ਪੂਰਬ-ਪੱਛਮ ਵਿੱਚ ਵੀ ਹੁੰਦਾ ਸੀ, ਪਰ ਕੁੱਝ ਕੰਮ ਤਾਂ ਗ਼ੁਲਾਮੀ ਦੇ ਉਸ ਦੌਰ ਵਿੱਚ ਟੁੱਟੇ ਅਤੇ ਫੇਰ ਅਜੀਬੋ-ਗ਼ਰੀਬ ਆਜ਼ਾਦੀ ਦੇ ਇਸ ਦੌਰ ਵਿੱਚ ਤਿੜਕੇ ਸਮਾਜ ਵਿੱਚ ਸਭ ਕੁੱਝ ਹੀ ਖਿੰਡ ਗਿਆ। ਪ੍ਰੰਤੂ ਗੈਂਗਜੀ ਕੱਲਾ ਵਰਗੇ ਲੋਕ ਇਸ ਟੁੱਟੇ-ਫੁੱਟੇ ਸਮਾਜ ਵਿੱਚ ਖਿੰਡ ਚੁੱਕੀ ਵਿਵਸਥਾ ਨੂੰ ਆਪਣੇ ਢੰਗ ਨਾਲ ਠੀਕ ਕਰਨ ਲਈ ਆਉਂਦੇ ਰਹਿੰਦੇ ਹਨ।

ਨਾਮ ਸੀ ਗੰਗਾਜੀ, ਪਰ ਫਿਰ ਪਤਾ ਨਹੀਂ ਕਿੱਦਾਂ ਇਹ ਨਾਂ ਪਿਆਰ ਵਜੋਂ ਜਾਂ ਬੇਹੱਦ ਨਿੱਘੇਪਣ ਨਾਲ ਵਿਗੜਿਆ ਜਾਂ ਘਸਿਆ ਹੋਵੇਗਾ। ਉਨ੍ਹਾਂ ਦੇ ਸ਼ਹਿਰ ਨੂੰ ਕੁੱਝ ਸੌ ਸਾਲਾਂ ਤੋਂ ਘੇਰ ਕੇ ਖੜ੍ਹੇ ਅੱਠ ਸ਼ਾਨਦਾਰ ਤਾਲਾਬ ਸਾਂਭ-ਸੰਭਾਲ ਦਾ ਪ੍ਰਬੰਧ ਟੁੱਟ ਜਾਣ ਮਗਰੋਂ ਬੇਕ++ਦਰੀ ਕਾਰਨ, ਟੁੱਟਣ ਲੱਗ ਪਏ ਸਨ। ਵੱਖ-ਵੱਖ ਪੀੜ੍ਹੀਆਂ ਨੇ ਇਨ੍ਹਾਂ ਨੂੰ ਅਲੱਗ-ਅਲੱਗ ਸਮੇਂ ਵਿੱਚ ਬਣਾਇਆ ਸੀ, ਪਰ ਅੱਠਾਂ ਵਿੱਚੋਂ ਛੇ ਇੱਕੋ ਲੜੀ ਵਿੱਚ ਬੰਨ੍ਹੇ ਗਏ ਸਨ। ਇਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਵੀ ਇਨ੍ਹਾਂ ਪੀੜ੍ਹੀਆਂ ਨੇ ਇੱਕੋ ਲੜੀ ਵਿੱਚ ਪਰੋਇਆ ਹੋਵੇਗਾ। ਸਾਂਭ ਸੰਭਾਲ ਦੀ ਵਿਵਸਥਾ ਦੀ ਡੋਰ ਫੇਰ ਕਦੀ ਟੁੱਟ ਗਈ ਹੋਵੇਗੀ।

.ਇਸ ਲੜੀ ਦੇ ਟੁੱਟਣ ਦੀ ਆਵਾਜ਼ ਗੈਂਗਜੀ ਦੇ ਕੰਨ ਵਿੱਚ ਕਦੋਂ ਪਈ, ਪਤਾ ਨਹੀਂ, ਪਰ ਅੱਜ ਜਿਹੜੇ ਬਜ਼ੁਰਗ ਫ਼ਲੌਦੀ ਸ਼ਹਿਰ ਵਿੱਚ ਮੌਜੂਦ ਹਨ, ਉਨ੍ਹਾਂ ਨੂੰ ਗੈਂਗਜੀ ਦਾ ਇੱਕੋ ਰੂਪ ਯਾਦ ਹੈ : ਟੁੱਟੀ ਚੱਪਲ ਪਾ ਕੇ ਗੈਂਗ ਜੀ ਸਵੇਰ ਤੋਂ ਸ਼ਾਮ ਤੱਕ ਇਨ੍ਹਾਂ ਤਾਲਾਬਾਂ ਦਾ ਚੱਕਰ ਲਾਉਂਦੇ ਸਨ। ਨਹਾਉਣ ਵਾਲੇ ਘਾਟਾਂ 'ਤੇ, ਪੀਣ ਵਾਲੇ ਪਾਣੀ ਦੇ ਘਾਟ 'ਤੇ ਕੋਈ ਗੰਦਗੀ ਸੁੱਟਦਾ ਦਿਸਦਾ ਤਾਂ ਬਾਪੂ ਜੀ ਜਾਂ ਪਿਓ ਵਾਂਗ ਝਿੜਕਦੇ ਸਨ। ਕਦੀ ਉਹ ਪਾਲ ਜਾਂ ਨੇਸ਼ਟਾ ਦਾ ਨਿਰੀਖਣ ਕਰਦੇ। ਕਿੱਥੇ ਕਿਸੇ ਤਾਲਾਬ ਨੂੰ ਕਿਹੋ ਜਿਹੀ ਮੁਰੰਮਤ ਲੋੜੀਂਦੀ ਸੀ, ਉਸਦੀ ਸੂਚੀ ਮਨੋ-ਮਨ ਬਣਾਉਂਦੇ ਸਨ। ਇਨ੍ਹਾਂ ਤਾਲਾਬਾਂ ਉੱਤੇ ਖੇਡਣ ਆਉਣ ਵਾਲੇ ਬੱਚਿਆਂ ਨਾਲ ਖ਼ੁਦ ਖੇਡਦੇ ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਸਿਖਾਉਂਦੇ। ਸ਼ਹਿਰ ਨੂੰ ਤਿੰਨ ਪਾਸੇ ਤੋਂ ਘੇਰੀ ਖੜ੍ਹੇ ਤਾਲਾਬਾਂ ਦਾ ਇੱਕ ਚੱਕਰ ਲਾਉਣ ਵਿੱਚ ਕੋਈ ਤਿੰਨ ਘੰਟੇ ਲਗਦੇ ਸਨ। ਗੈਂਗਜੀ ਕਦੀ ਪਹਿਲੇ ਤਾਲਾਬ ਉੱਤੇ ਦਿਸਦੇ ਕਦੀ ਆਖ਼ਰੀ ਤਾਲਾਬ ਉੱਤੇ, ਕਦੇ ਸਵੇਰੇ ਇੱਥੇ ਦਿਸਦੇ ਤਾਂ ਦੁਪਹਿਰ ਨੂੰ ਉੱਥੇ ਤੇ ਸ਼ਾਮ ਨੂੰ ਪਤਾ ਨਹੀਂ ਕਿੱਥੇ। ਗੈਂਗਜੀ ਆਪਣੇ-ਆਪ ਹੀ ਤਾਲਾਬ ਦੇ ਰਖਵਾਲੇ ਬਣ ਗਏ ਸਨ।

ਸਾਲ ਦੇ ਅਖੀਰ ਵਿੱਚ ਇੱਕ ਸਮਾਂ ਅਜਿਹਾ ਆਉਂਦਾ, ਜਦੋਂ ਗੈਂਗਜੀ ਤਾਲਾਬਾਂ ਦੀ ਥਾਂ ਸ਼ਹਿਰ ਦੀ ਗਲੀ-ਗਲੀ ਘੁੰਮਦੇ। ਉਨ੍ਹਾਂ ਦੇ ਨਾਲ-ਨਾਲ ਚਲਦੀ ਬੱਚਿਆਂ ਦੀ ਫ਼ੌਜ। ਹਰੇਕ ਘਰ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਰੁਪਿਆ ਮਿਲ ਜਾਂਦਾ। ਵਰ੍ਹਿਆਂ ਤੋਂ ਹਰੇਕ ਘਰ ਜਾਣਦਾ ਸੀ ਕਿ ਗੈਂਗਜੀ ਸਿਰਫ਼ ਇੱਕ ਰੁਪਿਆ ਹੀ ਮੰਗਦੇ ਹਨ, ਨਾ ਘੱਟ ਨਾ ਵੱਧ। ਰੁਪਏ ਇਕੱਠੇ ਹੋਣ ਮਗਰੋਂ ਗੈਂਗਜੀ ਸਾਰੇ ਸ਼ਹਿਰ ਦੇ ਬੱਚਿਆਂ ਨੂੰ ਇਕੱਠਾ ਕਰਦੇ। ਬੱਚਿਆਂ ਨਾਲ ਢੇਰ ਸਾਰੀਆਂ ਟੋਕਰੀਆਂ, ਤਸਲੇ, ਕਹੀਆਂ, ਫਹੁੜੇ ਵੀ ਜਮ੍ਹਾਂ ਹੋ ਜਾਂਦੇ। ਫੇਰ ਇੱਕ ਤੋਂ ਬਾਅਦ ਇੱਕ ਤਾਲਾਬ ਸਾਫ਼ ਹੋਣ ਲਗਦਾ। ਗਾਰਾ ਕੱਢ ਕੇ ਵੱਟ ਪੱਕੀ ਕੀਤੀ ਜਾਂਦੀ। ਹਰੇਕ ਤਾਲਾਬ ਦੇ ਨੇਸ਼ਟਾ (ਨਿਕਾਸੀ) ਦਾ ਕੂੜਾ ਵੀ ਇਸੇ ਤਰ੍ਹਾਂ ਸਾਫ਼ ਕੀਤਾ ਜਾਂਦਾ। ਇੱਕ ਤਸਲਾ ਮਿੱਟੀ ਦੇ ਬਦਲੇ ਹਰੇਕ ਬੱਚੇ ਨੂੰ ਦੁਆਨੀ ਇਨਾਮ ਵਜੋਂ ਮਿਲਦੀ।

ਗੈਂਗਜੀ ਕੱਲਾ ਕਦੋਂ ਤੋਂ ਇਹ ਕੰਮ ਕਰ ਰਹੇ ਸਨ--ਅੱਜ ਇਹ ਕਿਸੇ ਨੂੰ ਯਾਦ ਨਹੀਂ, ਬੱਸ ਇੰਨਾ ਪਤਾ ਹੈ ਕਿ ਇਹ ਕੰਮ ਸੰਨ 1955-56 ਤੱਕ ਚਲਦਾ ਰਿਹਾ। ਫੇਰ ਗੈਂਗਜੀ ਚਲੇ ਗਏ।

ਸ਼ਹਿਰ ਨੂੰ ਅਜਿਹੀ ਕੋਈ ਮੌਤ ਯਾਦ ਨਹੀਂ। ਸਾਰਾ ਸ਼ਹਿਰ ਸ਼ਾਮਿਲ ਸੀ, ਉਨ੍ਹਾਂ ਦੇ ਆਖ਼ਰੀ ਸਫ਼ਰ ਵਿੱਚ। ਇੱਕ ਤਾਲਾਬ ਦੇ ਥੱਲੇ ਹੀ ਬਣੇ ਘਾਟ ਉੱਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਬਾਅਦ ਵਿੱਚ ਉੱਥੇ ਹੀ ਉਨ੍ਹਾਂ ਦੀ ਸਮਾਧੀ ਬਣੀ।

ਜਿਹੜੇ ਲੋਕ ਤਾਲਾਬ ਬਣਾਉਂਦੇ ਸਨ, ਸਮਾਜ ਉਨ੍ਹਾਂ ਨੂੰ ਸੰਤ ਬਣਾ ਦਿੰਦਾ ਸੀ। ਗੈਂਗਜੀ ਨੇ ਤਾਲਾਬ ਤਾਂ ਨਹੀਂ ਬਣਾਏ ਸਨ, ਪੁਰਾਣੇ ਤਾਲਾਬਾਂ ਦੀ ਸਿਰਫ਼ ਰਾਖੀ ਕੀਤੀ, ਉਹ ਵੀ ਸੰਤ ਬਣ ਗਏ। ਫ਼ਲੌਦੀ ਵਿੱਚ ਤਾਲਾਬਾਂ ਦੀ ਸਫ਼ਾਈ ਦੀ ਖੇਡ ਸੰਤ ਖਿਡਾਉਂਦੇ ਸਨ ਤਾਂ ਜੈਸਲਮੇਰ ਵਿੱਚ ਇਹ ਖੇਡ ਖ਼ੁਦ ਰਾਜਾ ਖੇਡਦਾ ਸੀ।

ਸਾਰਿਆਂ ਨੂੰ ਪਹਿਲਾਂ ਪਤਾ ਸੀ, ਫਿਰ ਵੀ ਸਾਰੇ ਸ਼ਹਿਰ ਵਿੱਚ ਨਗਾਰਾ ਵੱਜਦਾ ਸੀ। ਰਾਜੇ ਵੱਲੋਂ ਸਾਲ ਦੇ ਆਖ਼ਰੀ ਦਿਨ, ਫੱਗਣ ਕ੍ਰਿਸ਼ਨ ਚੌਦੇਂ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਤਾਲਾਬ ਘੜਸੀਸਰ ਉੱਤੇ ਲਹਾਸ (ਇੱਕ ਖੇਡ) ਖੇਡਣ ਦਾ ਸੱਦਾ ਹੁੰਦਾ ਸੀ। ਉਸ ਦਿਨ ਰਾਜਾ, ਉਸਦਾ ਪਰਿਵਾਰ, ਦਰਬਾਰੀ, ਫ਼ੌਜ ਅਤੇ ਸਾਰੀ ਪਰਜਾ ਕਹੀਆਂ, ਤਸਲੇ, ਫਹੁੜੇ ਅਤੇ ਤਗਾਰੀਆਂ ਲੈ ਕੇ ਘੜਸੀਸਰ ਵਿਖੇ ਇਕੱਠੇ ਹੁੰਦੇ। ਰਾਜਾ ਤਾਲਾਬ ਦੀ ਮਿੱਟੀ ਪੁੱਟ ਕੇ ਪਹਿਲਾ ਤਸਲਾ ਭਰਦਾ ਅਤੇ ਆਪਣੇ-ਆਪ ਚੁੱਕ ਕੇ ਵੱਟ ਉੱਤੇ ਪਾਉਂਦਾ। ਫੇਰ ਕੀ, ਗਾਜੇ-ਵਾਜੇ ਨਾਲ ਲਹਾਸ ਸ਼ੁਰੂ। ਸਾਰੀ ਪਰਜਾ ਦਾ ਭੋਜਨ-ਪਾਣੀ ਦਰਬਾਰ ਵੱਲੋਂ ਹੁੰਦਾ। ਰਾਜੇ ਅਤੇ ਪਰਜਾ ਦੇ ਹੱਥ ਮਿੱਟੀ ਨਾਲ ਭਰ ਜਾਂਦੇ। ਰਾਜਾ ਇਸ ਕੰਮ ਵਿੱਚ ਇੰਨਾ ਲੀਨ ਹੋ ਜਾਂਦਾ ਕਿ ਉਸ ਦਿਨ ਉਸਦੇ ਮੋਢੇ ਨਾਲ ਕਿਸੇ ਦਾ ਵੀ ਮੋਢਾ ਟਕਰਾ ਸਕਦਾ ਸੀ। ਜਿਸ ਰਾਜੇ ਨੂੰ ਦਰਬਾਰ ਵਿੱਚ ਮਿਲਣਾ ਵੀ ਮੁਸ਼ਕਲ ਸੀ, ਉਹ ਤਾਲਾਬ ਦੇ ਦਰਵਾਜ਼ੇ ਉੱਤੇ ਮਿੱਟੀ ਢੋ ਰਿਹਾ ਹੁੰਦਾ। ਰਾਜੇ ਦੀ ਸੁਰੱਖਿਆ ਲਈ ਤਾਇਨਾਤ ਸਿਪਾਹੀ ਵੀ ਮਿੱਟੀ ਢੋ ਰਹੇ ਹੁੰਦੇ।

ਅਜਿਹੇ ਹੀ ਇੱਕ ਲਹਾਸ ਵਿੱਚ ਜੈਸਲਮੇਰ ਦੇ ਰਾਜੇ ਤੇਜਾ ਸਿੰਘ ਉੱਤੇ ਹਮਲਾ ਹੋਇਆ ਸੀ। ਉਹ ਵੱਟ ਉੱਤੇ ਮਾਰੇ ਗਏ, ਪਰ ਲਹਾਸ ਖੇਡਣਾ ਬੰਦ ਨਹੀਂ ਹੋਇਆ, ਇਹ ਚਲਦਾ ਰਿਹਾ, ਫੈਲਦਾ ਰਿਹਾ। ਮੱਧ-ਪ੍ਰਦੇਸ਼ ਦੇ ਭੀਲ ਸਮਾਜ ਵਿੱਚ ਵੀ, ਲਹਾਸ ਚਲਦਾ ਰਿਹਾ ਹੈ। ਗੁਜਰਾਤ ਵਿੱਚ ਵੀ ਲਹਾਸ ਦਾ ਪ੍ਰਚਲਣ ਰਿਹਾ ਹੈ। ਉੱਥੇ ਇਹ ਪ੍ਰੰਪਰਾ ਤਾਲਾਬ ਤੋਂ ਵੀ ਅੱਗੇ ਵਧ ਕੇ ਸਮਾਜ ਦੇ ਅਜਿਹੇ ਕਿਸੇ ਕੰਮ ਨਾਲ ਜੁੜ ਗਈ, ਜਿਸ ਲਈ ਸਭ ਦੀ ਮਦਦ ਚਾਹੀਦੀ ਹੁੰਦੀ ਸੀ। ਸਭ ਲਈ ਸਭ ਦੀ ਮਦਦ। ਇਸੇ ਪ੍ਰੰਪਰਾ ਦੇ ਤਹਿਤ ਤਾਲਾਬ ਬਣਦੇ ਸਨ। ਇਸੇ 'ਚੋਂ ਉਨ੍ਹਾਂ ਦੀ ਦੇਖਭਾਲ ਹੁੰਦੀ ਸੀ। ਮਿੱਟੀ ਪੁੱਟੀ ਜਾਂਦੀ ਸੀ, ਮਿੱਟੀ ਪਾਈ ਜਾਂਦੀ ਸੀ। ਸਮਾਜ ਦੀ ਖੇਡ ਲਹਾਸ ਦੇ ਹੁਲਾਸ ਅਤੇ ਜੋਸ਼ ਨਾਲ ਚੱਲਦੀ ਸੀ।

Tags: Aaj Bhi Khare Hain Talab in Punjabi, Anupam Mishra in Punjabi, Aaj Bhi Khare Hain Talab, Anupam Mishra, Talab in Bundelkhand, Talab in Rajasthan, Tanks in Bundelkhand, Tanks in Rajasthan, Simple living and High Thinking, Honest society, Role Models for Water Conservation and management, Experts in tank making techniques